ਨਵੀਂ ਦਿੱਲੀ, 1 ਫਰਵਰੀ
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਤਰੂਘਨ ਸਿਨਹਾ ਨੇ ਅੱਜ ਇੱਥੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਅੰਤਰਿਮ ਬਜਟ ਵਿੱਚ ਨੌਜਵਾਨਾਂ ਜਾਂ ਗਰੀਬਾਂ ਲਈ ਕੁੱਝ ਨਹੀਂ ਹੈ। ਪੱਛਮੀ ਬੰਗਾਲ ਦੇ ਆਸਨਸੋਲ ਤੋਂ ਲੋਕ ਸਭਾ ਮੈਂਬਰ ਸਿਨਹਾ ਨੇ ਕਿਹਾ, ‘‘ਇਹ ਇਸ ਸਰਕਾਰ ਦਾ ਆਖ਼ਰੀ ਬਜਟ ਹੈ। ਇਸ ਵਿੱਚ ਢੇਰ ਸਾਰੀਆਂ ਗੱਲਾਂ ਕੀਤੀਆਂ ਗਈਆਂ ਹਨ। ਉਨ੍ਹਾਂ ਅਜਿਹੀਆਂ ਯੋਜਨਾਵਾਂ ਐਲਾਨੀਆਂ ਹਨ, ਜੋ 2047, 2050 ਵਿੱਚ ਪੂਰੀਆਂ ਹੋਣਗੀਆਂ, ਇਹ ਯੋਜਨਾਵਾਂ ਤਾਂ ਰਹਿਣਗੀਆਂ ਪਰ ਇਨ੍ਹਾਂ ਨੂੰ ਲਾਗੂ ਨਵੀਂ ਸਰਕਾਰ ਕਰੇਗੀ।’’ ਉਨ੍ਹਾਂ ਕਿਹਾ ਕਿ ਇਸ ਬਜਟ ਤੋਂ ਜ਼ਿਆਦਾ ਉਮੀਦ ਨਹੀਂ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਫਿਰ ਵੀ ਲੋਕ ਬੜੇ ਧਿਆਨ ਨਾਲ ਦੇਖ ਰਹੇ ਹਨ ਕਿ ਕਿਵੇਂ ਸਰਕਾਰ ਬੇਰੁਜ਼ਗਾਰੀ, ਗਰੀਬਾਂ, ਨੌਜਵਾਨਾਂ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਰਗੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।’’ ਉਨ੍ਹਾਂ ਕਿਹਾ, ‘‘ਉਹ ਐਲਾਨ ਕਰਦੇ ਹਨ ਕਿ ਅਸੀਂ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹਾਂ ਪਰ ਲੋਕ ਦੇਖ ਸਕਦੇ ਹਨ ਕਿ ਇੱਥੇ ਪ੍ਰਤੀ ਵਿਅਕਤੀ ਆਮਦਨ ਕਈ ਹੋਰ ਦੇਸ਼ਾਂ ਤੋਂ ਵੀ ਘੱਟ ਹੈ। ਲੋਕ ਇੰਨੇ ਗਰੀਬ ਕਿਉਂ ਹਨ?’’ ਸਿਨਹਾ ਨੇ ਸਰਵਾਈਕਲ ਕੈਂਸਰ ਖ਼ਿਲਾਫ਼ ਟੀਕਾਕਰਨ ਸਬੰਧੀ ਸਰਕਾਰ ਦੇ ਐਲਾਨ ਦਾ ਸਵਾਗਤ ਕੀਤਾ ਪਰ ਕਿਹਾ ਕਿ ਗਰੀਬਾਂ ਲਈ ਸਿਹਤ ਬੀਮਾ ਬਾਰੇ ਐਲਾਨ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ, ‘‘ਕੈਂਸਰ ਦੀਆਂ ਦਵਾਈਆਂ ਹਨ, ਦਿਲ ਦੇ ਰੋਗਾਂ ਦੀਆਂ ਦਵਾਈਆਂ ਹਨ ਪਰ ਉਨ੍ਹਾਂ ਪ੍ਰਤੀ ਸਾਡੀ ਪਹੁੰਚ ਕੀ ਹੈ? ਅਸੀਂ ਪੂੰਜੀਪਤੀਆਂ ਨੂੰ ਰਿਆਇਤਾਂ ਦਿੰਦੇ ਹਾਂ ਪਰ ਕੀ ਉਪਭੋਗਤਾ ਨੂੰ ਲਾਭ ਮਿਲੇਗਾ? ਕੀ ਬਜਟ ਵਿੱਚ ਅਜਿਹੀ ਕੋਈ ਵਿਵਸਥਾ ਹੈ ਕਿ ਤੁਸੀਂ ਕਹਿ ਸਕੋ ਰੁਜ਼ਗਾਰ ਦੇ ਮੌਕੇ ਵਧਣਗੇ।’’ -ਪੀਟੀਆਈ