ਗੁਰਚਰਨ ਸਿੰਘ ਕਾਹਲੋਂ
ਸਿਡਨੀ, 1 ਫਰਵਰੀ
ਨੈਸ਼ਨਲ ਕਰਾਈਮ ਏਜੰਸੀ (ਐਨਸੀਏ) ਨੇ ਜਾਂਚ ਤੋਂ ਬਾਅਦ ਇੱਕ ਵਿਆਹੁਤਾ ਭਾਰਤੀ ਜੋੜੇ ਨੂੰ ਅੱਧਾ ਟਨ ਤੋਂ ਵੱਧ ਕੋਕੀਨ ਆਸਟਰੇਲੀਆ ਭੇਜਣ ਦਾ ਦੋਸ਼ੀ ਠਹਿਰਾਇਆ ਹੈ। ਮੁਲਜ਼ਮਾਂ ਨੇ ਇੱਕ ਕੰਪਨੀ ਦੇ ਨਾਮ ਹੇਠ ਜਹਾਜ਼ ਵਿਚ ਨਸ਼ੀਲੇ ਪਦਾਰਥ ਭੇਜੇ ਸਨ। ਐੱਨਸੀਏ ਜਾਂਚਕਰਤਾਵਾਂ ਨੇ ਮੁਲਜ਼ਮ ਆਰਤੀ ਧੀਰ (59) ਤੇ ਕੰਵਲਜੀਤ ਸਿੰਘ ਰਾਏਜ਼ਾਦਾ (35) ਨੂੰ ਮਈ 2021 ਵਿੱਚ ਸਿਡਨੀ ਪਹੁੰਚਣ ’ਤੇ ਕਰੀਬ ਛੇ ਅਰਬ ਰੁਪਏ ਦੀ ਕੀਮਤ (57 ਮਿਲੀਅਨ ਪੌਂਡ) ਵਾਲੀ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ। ਇਹ ਨਸ਼ੀਲੇ ਪਦਾਰਥ ਯੂਕੇ ਤੋਂ ਮਾਲਵਾਹਕ ਹਵਾਈ ਉਡਾਣ ਰਾਹੀਂ ਭੇਜੇ ਗਏ ਸਨ। ਛੇ ਮੈਟਲ ਟੂਲ ਬਾਕਸ ਖੋਲ੍ਹਣ ’ਤੇ ਉਨ੍ਹਾਂ ਵਿੱਚੋਂ 514 ਕਿਲੋ ਕੋਕੀਨ ਬਰਾਮਦ ਹੋਈ ਸੀ। ਨਿਊ ਸਾਊਥ ਵੇਲਜ਼ ਪੁਲੀਸ ਫੋਰਸ ਆਰਗੇਨਾਈਜ਼ਡ ਕਰਾਈਮ ਸਕੁਐਡ ਦੇ ਕਮਾਂਡਰ ਤੇ ਡਿਟੈਕਟਿਵ ਸੁਪਰਡੈਂਟ ਪੀਟਰ ਫੌਕਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਨਕਦੀ ਤੇ ਗਹਿਣੇ ਵੀ ਬਰਾਮਦ ਹੋਏ ਸਨ।