ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਫਰਵਰੀ
ਸਾਹਿਤ ਅਕਾਦਮੀ ਦੇ ਪ੍ਰੋਗਰਾਮ ਕਾਵਿ ਸੰਧੀ ਵਿਚ ਕਵਿਤਾ ਅਤੇ ਚਿੱਤਰਕਾਰ ਦੇਵ ਸਰੋਤਿਆਂ ਦੇ ਰੂਬਰੂ ਹੋਏ। ਸਵਿਟਜ਼ਰਲੈਂਡ ਵਿਚ ਰਹਿੰਦੇ ਦੇਵ ਨੇ ਆਪਣੀਆਂ ਕਰੀਬ ਇਕ ਦਰਜਨ ਕਵਿਤਾਵਾਂ ਸੁਣਾਈਆਂ। ਉਨ੍ਹਾਂ ਦੀਆਂ ਕਵਿਤਾਵਾਂ ‘ਆਓ ਕਾਰ ਸੇਵਾ ਕਰੀਏ’, ‘ਚੁੱਪ’ ਅਤੇ ‘ਕਵੀ ਨੂੰ ਮਿਲਣ’ ਨੂੰ ਸਰੋਤਿਆਂ ਨੇ ਖੂਬ ਪਿਆਰ ਦਿੱਤਾ। ਉਨ੍ਹਾਂ ਨੇ ਰਚਨਾਵਾਂ ਦੇ ਦੌਰ ਤੋਂ ਬਾਅਦ ਸਰੋਤਿਆਂ ਨਾਲ ਸੰਵਾਦ ਰਚਾਇਆ, ਜਿਸ ਵਿਚ ਦੇਵ ਨੇ ਆਪਣੀ ਲਿਖਣ ਪ੍ਰਕਿਰਿਆ, ਕਵਿਤਾ ਰਚਣ ਅਤੇ ਚਿਤਰਕਾਰੀ ਦੇ ਸੁਮੇਲ ਸਬੰਧੀ ਬਹੁਤ ਹੀ ਭਾਵਪੂਰਕ ਗੱਲਾਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਕਵਿਤਾ ਦੀ ਕੋਈ ਭਾਸ਼ਾ ਨਹੀਂ ਹੁੰਦੀ, ਇਸ ਲਈ ਮੈਂ ਪੰਜਾਬੀ ਵਿਚ ਲਿਖਦਾ ਜ਼ਰੂਰ ਹਾਂ ਪਰ ਪੰਜਾਬੀ ਦਾ ਕਵੀ ਨਹੀਂ। ਚਿਤਰਕਾਰੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਹ ਆਪਣੀ ਚਿੱਤਰਕਾਰੀ ਵਿਚ ਰੰਗਾਂ ਤੇ ਬੁਰਸ਼ ਨਾਲ ਨਵੇਂ ਤਜਰਬੇ ਕਰਦਾ ਰਹਿੰਦਾ ਹੈ। ਉਸ ਨੇ ਕਿਹਾ ਕਿ ਉਹ ਭਾਰਤ ਦੇ ਸਭ ਤੋਂ ਵੱਡੇ ਚਿੱਤਰਕਾਰ ਗੁਰੂ ਰਾਬਿੰਦਰਨਾਥ ਟੈਗੋਰ ਨੂੰ ਮੰਨਦਾ ਹੈ ਅਤੇ ਅੰਮ੍ਰਿਤਾ ਸ਼ੇਰਗਿੱਲ ਤੋਂ ਪ੍ਰੇਰਨਾ ਲੈਂਦਾ ਹੈ।
ਆਪਣੇ ਸਵਾਗਤੀ ਭਾਸ਼ਣ ਵਿਚ ਸਾਹਿਤ ਅਕਾਦਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਮੈਂਬਰ ਰਵੇਲ ਸਿੰਘ ਨੇ ਦੱਸਿਆ ਕਿ ਦੇਵ ਬਚਪਨ ਤੋਂ ਜਵਾਨੀ ਤੱਕ ਕੀਨੀਆਂ ਦੇ ਨੈਰੋਬੀ ਵਿੱਚ ਰਹੇ ਅਤੇ ਉਸ ਮਗਰੋਂ ਦਿੱਲੀ ਵਿਚ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਅਦਾਕਾਰੀ ਵਿਚ ਡਿਗਰੀ ਹਾਸਲ ਕੀਤੀ ਪਰ ਫਿਲਮਾਂ ਵਿਚ ਆਪਣਾ ਰੁਜ਼ਗਾਰ ਨਹੀਂ ਤਲਾਸ਼ਿਆ। ਇਸ ਤੋਂ ਬਾਅਦ ਉਹ ਸਵਿਟਜ਼ਰਲੈਂਡ ਵਿਚ ਸ਼ਿਫਟ ਹੋ ਗਏ ਤੇ ਦੁਨੀਆਂ ਭਰ ਵਿਚ ਘੁੰਮਦੇ ਰਹੇ। ਉਨ੍ਹਾਂ ਕਿਹਾ ਕਿ ਦੇਵ ਲਈ ਸ਼ਾਇਰੀ ਜਾਂ ਚਿੱਤਰਕਾਰੀ ਕੁਝ ਸਾਬਤ ਕਰਨ ਦਾ ਜ਼ਰੀਆ ਨਹੀਂ ਸਗੋਂ ਸਵੈ-ਪ੍ਰਗਟਾਵਾ ਹੈ। ਆਪਣੇ ਧੰਨਵਾਦੀ ਬੋਲਾਂ ਵਿਚ ਸਾਹਿਤ ਅਕਾਦਮੀ ਦੇ ਉਪ ਸਕੱਤਰ ਅਨੁਪਮ ਕੁਮਾਰ ਨੇ ਕਿਹਾ ਕਿ ਦੇਵ ਦੀ ਕਵਿਤਾ ਅਤੇ ਚਿੱਤਰਕਾਰੀ ਦੋਵੇਂ ਇਕ ਦੂਜੇ ਵਿਚ ਸਮਾਈਆਂ ਹੋਈਆਂ ਹਨ। ਇਸ ਪ੍ਰੋਗਰਾਮ ਵਿਚ ਰੇਣੂਕਾ ਸਿੰਘ, ਬਲਬੀਰ ਮਾਧੋਪੁਰੀ, ਸੁਖਰਾਜ ਸਿੰਘ ਆਈਪੀਐੱਸ, ਵਿਦਿਆਰਥੀ ਅਤੇ ਲੇਖਕ ਸ਼ਾਮਲ ਹੋਏ।