ਜਲੰਧਰ (ਪੱਤਰ ਪ੍ਰੇਰਕ): ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿੱਚ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਅੰਤਰ ਸਕੂਲ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਅੰਤਰ ਸਕੂਲ ਸੱਭਿਆਚਾਰਕ ਮੁਕਾਬਲਿਆਂ ਦੇ ਕੋਆਰਡੀਨੇਟਰ ਕਾਲਜ ਦੇ ਸੀਨੀਅਰ ਸਟਾਫ ਮੈਂਬਰ ਡਾ. ਰਚਨਾ ਤੁਲੀ ਤੇ ਮੁੱਖ ਮਹਿਮਾਨ ਆਦਮਪੁਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਦਵਿੰਦਰ ਕੌਰ ਕਾਲਰਾ ਸਨ। ਇਨ੍ਹਾਂ ਅੰਤਰ ਸਕੂਲ ਸੱਭਿਆਚਾਰਕ ਮੁਕਾਬਲਿਆਂ ਦੌਰਾਨ ਗੀਤ/ ਲੋਕ ਗੀਤ/ ਗਜ਼ਲ, ਕਵਿਤਾ ਉਚਾਰਨ, ਗਿੱਧਾ/ਭੰਗੜਾ, ਰੰਗੋਲੀ, ਪਹਿਰਾਵਾ ਪ੍ਰਦਰਸ਼ਨੀ, ਦਸਤਾਰ ਸਜਾਉਣਾ, ਸੁੰਦਰ ਲਿਖਾਈ, ਪੋਸਟਰ ਮੇਕਿੰਗ, ਕੈਪਸ਼ਨ ਰਾਈਟਿੰਗ, ਸੋਲੋ ਡਾਂਸ ਆਦਿ ਮੁਕਾਬਲੇ ਕਰਵਾਏ ਗਏ। ਇਸ ਮੌਕੇ 12 ਸਕੂਲਾਂ ਦੀਆਂ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਗਿੱਧੇ ਤੇ ਭੰਗੜੇ ਦੀਆਂ ਟੀਮਾਂ ਵਿੱਚੋਂ ਪਹਿਲਾ ਇਨਾਮ ਸੰਤ ਬਾਬਾ ਭਾਗ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਿਆਲਾ, ਦੂਜਾ ਇਨਾਮ ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਅਤੇ ਤੀਜਾ ਇਨਾਮ ਗੌਰਮੈਂਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਦੀ ਟੀਮ ਵੱਲੋਂ ਹਾਸਿਲ ਕੀਤਾ ਗਿਆ। ਦਵਿੰਦਰ ਕੌਰ ਕਾਲਰਾ ਨੇ ਇਨਾਮਾਂ ਦੀ ਵੰਡ ਕੀਤੀ।