ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 2 ਫਰਵਰੀ
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਅੱਜ ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਨੇ ਕੀਤੀ ਤੇ ਚਾਰਦੀਵਾਰੀ ਵਾਲੇ ਸ਼ਹਿਰ ਅਧੀਨ ਆਉਂਦੇ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਝਾੜੂ ਲਗਾਉਣ ਤੇ ਕੂੜਾ ਚੁੱਕਣ ਵਾਲੀ ਕੰਪਨੀ ਦੇ ਅਧਿਕਾਰੀਆਂ ਨੂੰ ਰੋਜ਼ਾਨਾ ਕੂੜਾ ਚੁੱਕਣ ਦੇ ਨਿਰਦੇਸ਼ ਦਿੱਤੇ। ਇਸ ਸਵੱਛਤਾ ਮੁਹਿੰਮ ਵਿੱਚ 200 ਤੋਂ ਵੱਧ ਕਰਮਚਾਰੀਆਂ ਨੇ ਭਾਗ ਲਿਆ।
ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ, ਸਰਾਏ ਗੁਰੂ ਰਾਮਦਾਸ, ਚੌਂਕ ਬਾਬਾ ਸਾਹਿਬ, ਗਲਿਆਰਾ, ਰਾਮਸਰ ਰੋਡ ਤੋਂ ਸ੍ਰੀ ਸ਼ਹੀਦਾਂ ਸਾਹਿਬ, ਬਜ਼ਾਰ ਘੰਟਾਘਰ, ਕਟੜਾ ਆਹਲੂਵਾਲੀਆ, ਮੋਤੀ ਬਜ਼ਾਰ, ਹੈਰੀਟੇਜ ਗਲੀ, ਟਾਊਨ ਹਾਲ, ਕੱਟੜਾ ਜੈਮਲ ਸਿੰਘ, ਕੇਸਰੀ ਬਾਗ, ਸ਼ੇਰਾਂਵਾਲਾ ਗੇਟ ਤੱਕ ਆਪਣਾ ਗੇੜਾ ਲਾਇਆ। ਉਨ੍ਹਾਂ ਨੇ ਸਿਵਲ ਅਤੇ ਆਪਰੇਸ਼ਨ ਅਤੇ ਮੇਨਟੇਨੈਂਸ ਅਧਿਕਾਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਸਾਰੇ ਖੇਤਰਾਂ ਵਿੱਚ ਟੋਏ ਭਰਨ ਅਤੇ ਸੀਵਰੇਜ ਦੀਆਂ ਲਾਈਨਾਂ ਸਾਫ਼ ਕਰਨ ਲਈ ਵੀ ਹਦਾਇਤਾਂ ਜਾਰੀ ਕੀਤੀਆਂ। ਸਮੂਹ ਸੈਨੀਟੇਸ਼ਨ ਕਰਮਚਾਰੀਆਂ ਨੂੰ ਆਪੋ-ਆਪਣੇ ਖੇਤਰ ਨੂੰ ਸਾਫ਼ ਰੱਖਣ ਅਤੇ ਕੇਸਰੀ ਬਾਗ, ਸ਼ੇਰਾਂਵਾਲਾ ਗੇਟ ਤੋਂ ਕੂੜਾ ਚੁੱਕਾਉਣ ਦੇ ਨਿਰਦੇਸ਼ ਦਿੱਤੇ।
ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾਉਣ ਅਤੇ ਖਾਸਕਰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਿਰ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਸਫ਼ਾਈ ਨੂੰ ਇੱਕ ਚੁਣੌਤੀ ਵਜੋਂ ਲਿਆ ਸੀ। ਉਨ੍ਹਾਂ ਆਖਿਆ ਕਿ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਦੇ ਸਪੱਸ਼ਟ ਨਿਰਦੇਸ਼ ਹਨ ਕਿ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਇਹ ਇੱਕ ਸੈਰ-ਸਪਾਟਾ ਕੇਂਦਰ ਹੈ ਅਤੇ ਇਤਿਹਾਸਕ ਮਹੱਤਤਾ ਵਜੋਂ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੂ ਤੇ ਸੈਲਾਨੀ ਰੋਜ਼ਾਨਾ ਆਉਂਦੇ ਹਨ। ਹਰਪ੍ਰੀਤ ਸਿੰਘ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਗਿੱਲੇ ਅਤੇ ਸੁੱਕੇ ਕੂੜੇਦਾਨਾਂਰੱਖਣ ਅਤੇ ਕੂੜਾ ਸੜਕਾਂ ’ਤੇ ਨਾ ਸੁੱਟਣ ਦੀ ਅਪੀਲ ਕੀਤੀ।