ਹਰਿੰਦਰ ਪਾਲ ਸਿੰਘ
ਕਿਸੇ ਤੋਂ ਕੋਈ ਗ਼ਲਤੀ ਜਾਂ ਕਸੂਰ ਹੋ ਜਾਣ ’ਤੇ ਕਈ ਲੋਕ ਉਸ ਨੂੰ ਦੱਸਣ ਦੀ ਥਾਂ ਖ਼ਫ਼ਾ ਹੋ ਕੇ ਚੁੱਪ ਵੱਟ ਲੈਂਦੇ ਹਨ। ਮੇਰੀ ਜਾਚੇ ਉਸ ਨੂੰ ਦੱਸ ਦੇਣ ਵਿੱਚ ਚੰਗਿਆਈ ਹੈ ਤਾਂ ਜੋ ਉਹ ਗ਼ਲਤੀ ਦੁਬਾਰਾ ਨਾ ਕਰੇ। ਚੁੱਪ ਵੱਟ ਲੈਣ ਨਾਲ ਦੋਵੇਂ ਤਰਫ਼ ਬੇਚੈਨੀ ਬਣੀ ਰਹਿੰਦੀ ਹੈ। ਅਜਿਹੀ ਇੱਕ ਘਟਨਾ ਮੇਰੇ ਨਾਲ ਆਪਣਾ ਕਾਰੋਬਾਰ ਕਰਦਿਆਂ ਵਾਪਰੀ। ਉਸ ਵੇਲੇ ਮੇਰੀ ਫੈਕਟਰੀ ਵੱਲੋਂ ਸਰਕਾਰੀ ਯੂਨਿਟ ਨੂੰ ਉਤਪਾਦਨ ਦੀ ਸਪਲਾਈ ਕੀਤੀ ਜਾਂਦੀ ਸੀ। ਉਹ ਸਮਾਂ ਪੰਜਾਬ ਵਿੱਚ ਕੰਪਿਊਟਰ ਉਤਪਾਦਨ ਦਾ ਸ਼ੁਰੂਆਤੀ ਦੌਰ ਸੀ। ਵੱਡੇ ਮੌਨੀਟਰ ਵਾਲੇ ਉਪਕਰਣ ਬਣਦੇ ਸਨ। ਮੇਰਾ ਪੈਕਿੰਗ ਮੈਟੀਰੀਅਲ ਸਪਲਾਇਰ ਹੋਣ ਕਾਰਨ ਤਕਰੀਬਨ ਰੋਜ਼ ਹੀ ਸਰਕਾਰੀ ਯੂਨਿਟ ’ਤੇ ਚੱਕਰ ਲੱਗ ਜਾਂਦਾ ਸੀ। ਕੋਈ ਨਾ ਕੋਈ ਨਵਾਂ ਕੰਮ ਨਿਕਲਿਆ ਰਹਿੰਦਾ।
ਤਿਆਰ ਮਾਲ ਦੇ ਸਟੋਰ ਤੇ ਵਰਕਸ਼ਾਪ ਦਾ ਇੱਕੋ ਇੰਚਾਰਜ ਸੀ। ਉਸ ਨਾਲ ਮੇਰਾ ਕਾਫ਼ੀ ਵਾਹ ਪੈਂਦਾ ਸੀ। ਸਮੇਂ ’ਤੇ ਚੰਗਾ ਕੰਮ ਕਰ ਕੇ ਦੇਣ ਨਾਲ ਤੁਹਾਡੀ ਕਦਰ ਪੈਂਦੀ ਹੈ। ਇਸ ਸਦਕਾ ਵਰਕਸ਼ਾਪ ਦੇ ਇੰਚਾਰਜ ਨਾਲ ਮੇਰਾ ਗੂੜ੍ਹਾ ਪਿਆਰ ਪੈ ਗਿਆ ਅਤੇ ਸਾਡੇ ਘਰੇਲੂ ਸਬੰਧ ਵੀ ਬਣ ਗਏ। ਤਿੱਥ-ਤਿਉਹਾਰ ਮੌਕੇ ਅਸੀਂ ਇੱਕ-ਦੂਜੇ ਨੂੰ ਤੋਹਫ਼ੇ ਵੀ ਦਿੰਦੇ। ਉਹ ਮੇਰੇ ਤੋਂ ਤਕਰੀਬਨ ਦਸ ਕੁ ਸਾਲ ਵੱਡੇ ਹੋਣਗੇ। ਉਨ੍ਹਾਂ ਦੇ ਬੱਚੇ ਵੀ ਸਨ। ਕੁਝ ਵਰ੍ਹਿਆਂ ਬਾਅਦ ਮੇਰਾ ਵੀ ਵਿਆਹ ਹੋ ਗਿਆ। ਉਹ ਬਹੁਤ ਹਸਮੁੱਖ ਸੁਭਾਅ ਦੇ ਸਨ। ਜਦੋਂ ਵੀ ਇਕੱਠੇ ਹੋਣਾ ਕੰਮ ਦੇ ਨਾਲ ਹਾਸੇ ਠੱਠੇ ਦੀਆਂ ਗੱਲਾਂ ਕਰ ਛੱਡਣੀਆਂ। ਚੰਗਾ ਸਮਾਂ ਲੰਘਦਾ ਰਿਹਾ।
ਇੱਕ ਦਿਨ ਉਨ੍ਹਾਂ ਨੇ ਮੈਨੂੰ ਆਪਣੇ ਦਫ਼ਤਰ ਦੇ ਵੱਡੇ ਅਫ਼ਸਰ ਨਾਲ ਇੱਕ ਖ਼ਾਸ ਨਵਾਂ ਕੰਮ ਦੇਣ ਲਈ ਬੁਲਾਇਆ। ਮੀਟਿੰਗ ਵਿੱਚ ਤਫ਼ਸੀਲ ਨਾਲ ਗੱਲਬਾਤ ਹੋਈ। ਸਾਰਿਆਂ ਦੇ ਸੁਝਾਅ ਲਏ ਗਏ। ਵਰਕਸ਼ਾਪ ਇੰਚਾਰਜ ਨੇ ਵੀ ਆਪਣੇ ਸੁਝਾਅ ਦਿੱਤੇ। ਜਨਰਲ ਮੈਨੇਜਰ ਨੇ ਵੀ ਆਪਣੇ ਨੁਕਤੇ ਦੱਸੇ ਜੋ ਮੈਨੂੰ ਕਾਫ਼ੀ ਚੰਗੇ ਲੱਗੇ। ਉਨ੍ਹਾਂ ਦੇ ਸੁਝਾਅ ’ਚ ਵਜ਼ਨ ਸੀ। ਕੰਮ ਮੈਂ ਹੀ ਕਰਨਾ ਸੀ। ਉਨ੍ਹਾਂ ਦੇ ਸੁਝਾਅ ਨਾਲ ਸਹਿਮਤੀ ਪ੍ਰਗਟਾ ਦਿੱਤੀ।
ਅਗਲੇ ਦਿਨ ਮੈਂ ਅੱਗੋਂ ਹੋਣ ਵਾਲੇ ਕੰਮ ਦੇ ਨਮੂਨੇ ਲੈ ਕੇ ਗਿਆ। ਵਰਕਸ਼ਾਪ ਇੰਚਾਰਜ ਨੂੰ ਜਾ ਕੇ ਪਹਿਲਾਂ ਮਿਲਿਆ ਤਾਂ ਮੈਨੂੰ ਉਸ ਦਾ ਰਵੱਈਆ ਥੋੜ੍ਹਾ ਬਦਲਿਆ ਜਾਪਿਆ। ਜਨਰਲ ਮੈਨੇਜਰ ਸਾਹਿਬ ਨੇ ਹਾਮੀ ਭਰ ਕੇ ਹੁਕਮ ਦਿੱਤੇ ਤੇ ਮੈਨੂੰ ਆਰਡਰ ਮਿਲ ਗਿਆ। ਮੈਂ ਕੰਮ ਸ਼ੁਰੂ ਕਰ ਦਿੱਤਾ। ਸਪਲਾਈ ਸ਼ੁਰੂ ਹੋ ਗਈ। ਵਰਕਸ਼ਾਪ ਇੰਚਾਰਜ ਦੇ ਸੁਭਾਅ ਵਿੱਚ ਆਈ ਤਬਦੀਲੀ ਨੂੰ ਮੈਂ ਕੰਮ ਦਾ ਦਬਾਅ ਸਮਝ ਕੇ ਆਪਣੇ ਮਨ ਦਾ ਭੁਲੇਖਾ ਸਮਝਿਆ ਸੀ, ਪਰ ਉਨ੍ਹਾਂ ਦਾ ਰੁੱਖਾ ਰਵੱਈਆ ਨਿਰੰਤਰ ਜਾਰੀ ਰਿਹਾ। ਇਸ ਕਰਕੇ ਮੈਨੂੰ ਦਾਲ ਵਿੱਚ ਕੁਝ ਕਾਲਾ-ਕਾਲਾ ਆਉਣ ਲੱਗਿਆ। ਜਿਹੜਾ ਬੰਦਾ ਪਰਿਵਾਰਕ ਸਾਂਝ ਤੇ ਮੇਰੇ ਮਾਤਾ ਪਿਤਾ ਨਾਲ ਪਿਆਰ ਪਾਈ ਬੈਠਾ ਸੀ ਉਸ ਦਾ ਰੁੱਖਾਪਣ ਦਿਲ ਦੁਖਾਉਣ ਲੱਗਿਆ ਸੀ। ਮੈਂ ਸੋਚਦਾ ਕਿ ‘ਗੱਲ ਪਤਾ ਲੱਗੇ ਬਈ ਗ਼ਲਤੀ ਕਿੱਥੇ ਹੋਈ ਹੈ ਤਾਂ ਮੈਂ ਸੁਧਾਰ ਲਵਾਂ’। ਅੰਦਰੂਨੀ ਗੱਲ ਪਤਾ ਨਾ ਹੋਣ ਕਰਕੇ ਮੈਂ ਕੁਝ ਵੀ ਨਹੀਂ ਕਰ ਪਾ ਰਿਹਾ ਸੀ। ਮੈਂ ਗੱਲ ਦਿਲ ’ਤੇ ਲਾ ਲਈ ਸੀ। ਮੈਂ ਦਫ਼ਤਰ ਵਿੱਚ ਉਨ੍ਹਾਂ ਤੋਂ ਨਾਰਾਜ਼ਗੀ ਦਾ ਕਾਰਨ ਪੁੱਛ ਨਹੀਂ ਸਕਦਾ ਸੀ। ਘਰ ਲੈਂਡਲਾਈਨ ਫੋਨ ਕਰਨ ’ਤੇ ਉਹ ਚੁੱਕ ਲੈਂਦੇ ਪਰ ‘‘ਹੈਲੋ ਹੈਲੋ’’ ਕਰ ਕੇ ਰੱਖ ਦਿੰਦੇ ਸਨ ਜਿਵੇਂ ਆਵਾਜ਼ ਨਹੀਂ ਆ ਰਹੀ। ਆਖ਼ਰ ਮੈਂ ਉਨ੍ਹਾਂ ਦੇ ਘਰ ਜਾ ਕੇ ਮਿਲਣ ਦਾ ਰਾਹ ਚੁਣਿਆ।
ਅਸੀਂ ਪਤੀ ਪਤਨੀ ਸਵਾ ਪੰਜ ਵਜੇ ਆਪਣੇ ਕੰਮ ਤੋਂ ਵਿਹਲੇ ਹੋ ਕੇ ਉਨ੍ਹਾਂ ਦੇ ਘਰ ਉਨ੍ਹਾਂ ਦੀ ਪਤਨੀ ਕੋਲ ਜਾ ਕੇ ਬੈਠ ਗਏ। ਉਨ੍ਹਾਂ ਨੇ ਸਾਨੂੰ ਚਾਹ ਪਾਣੀ ਪੁੱਛਿਆ। ਅਸੀਂ ਕਿਹਾ, ‘‘ਸਾਬ੍ਹ ਦਫ਼ਤਰੋਂ ਆ ਜਾਣ ਤਾਂ ਇਕੱਠੇ ਰਲ ਕੇ ਪੀਵਾਂਗੇ।’’ ਔਰਤ ਦੇ ਵਰਤਾਓ ਤੋਂ ਪਤਾ ਲੱਗ ਰਿਹਾ ਸੀ ਕਿ ਉਸ ਨੂੰ ਕਿਸੇ ਗੱਲ ਦਾ ਕੁਝ ਨਹੀਂ ਪਤਾ। ਉਸ ਦਾ ਵਰਤਾਓ ਉਵੇਂ ਹੀ ਮੋਹ ਭਰਿਆ ਸੀ ਜੋ ਹਰ ਗੱਲ ਤੋਂ ਉਸ ਦੇ ਅਣਜਾਣ ਹੋਣ ਦਾ ਸਬੂਤ ਸੀ। ਵਰਕਸ਼ਾਪ ਇੰਚਾਰਜ ਘਰ ਆਏ। ਸਾਨੂੰ ਦੋਵਾਂ ਨੂੰ ਦੇਖ ਕੇ ਥੋੜ੍ਹੇ ਹੈਰਾਨ ਹੋਏ। ਫਿਰ ਸਾਡੇ ਕੋਲ ਬੈਠ ਗਏ। ਮਾਤਾ ਪਿਤਾ ਬਾਰੇ ਪੁੱਛਿਆ। ਅਸੀਂ ਸਾਧਾਰਨ ਗੱਲਾਂ ਕਰਨ ਲੱਗੇ। ਉਨ੍ਹਾਂ ਦੀ ਪਤਨੀ ਚਾਹ ਬਣਾ ਕੇ ਲੈ ਆਈ। ਇਸ ਦੌਰਾਨ ਮੈਂ ਉਨ੍ਹਾਂ ਦੇ ਬਦਲੇ ਰਵੱਈਏ ਤੇ ਆਪਣੇ ਮਨ ਅੰਦਰ ਚਲਦੀ ਦੁਬਿਧਾ ਬਾਰੇ ਗੱਲ ਸਾਂਝੀ ਕੀਤੀ। ਭਾਰਤੀ ਲੋਕ ਘਰ ਆਏ ਮਹਿਮਾਨ ਨੂੰ ਇੱਜ਼ਤ ਮਾਣ ਦਿੰਦੇ ਹਨ, ਦਿਲ ਵੱਡਾ ਕਰ ਲੈਂਦੇ ਹਨ। ਸੋ ਉਨ੍ਹਾਂ ਨੇ ਕੋਈ ਤਲਖ਼ੀ ਭਰੀ ਗੱਲ ਨਾ ਕੀਤੀ ਪਰ ਦਿਲ ਦੀ ਘੁੰਡੀ ਖੋਲ੍ਹ ਦਿੱਤੀ। ਇਹ ਵੀ ਉਨ੍ਹਾਂ ਦਾ ਵਡੱਪਣ ਸੀ। ਉਹ ਕਹਿਣ ਲੱਗੇ, ‘‘ਉਸ ਮੀਟਿੰਗ ਵਿੱਚ ਤੁਸੀਂ ਮੇਰੇ ਸੁਝਾਅ ਦੀ ਹਾਮੀ ਨਾ ਭਰ ਕੇ ਮੇਰੀ ਗੱਲ ਹਲਕੀ ਕਰ ਦਿੱਤੀ ਪਰ ਤੁਹਾਡੀਆਂ ਵੀ ਆਪਣੀਆਂ ਵਪਾਰਕ ਮਜਬੂਰੀਆਂ ਸਨ। ਮੈਂ ਬੇਲੋੜਾ ਦਿਲ ’ਤੇ ਲਗਾ ਬੈਠਾ। ਤੂੰ ਮੇਰੇ ਛੋਟੇ ਭਰਾ ਵਰਗਾ ਹੈ ਤੇ ਛੋਟੇ ਭਰਾ ਵਰਗਾ ਹੀ ਰਹੇਂਗਾ। ਮੈਂ ਆਪਣੇ ਆਪ ਨੂੰ ਹੌਲੀ ਹੌਲੀ ਇਸ ਦਲਦਲ ਵਿੱਚੋਂ ਕੱਢ ਰਿਹਾ ਹਾਂ। ਅੱਜ ਤੁਹਾਡੇ ਘਰ ਆਉਣ ’ਤੇ ਮੇਰੇ ਮਨ ਵਿੱਚੋਂ ਸਾਰੇ ਗ਼ਿਲੇ ਸ਼ਿਕਵੇ ਮਿਟ ਗਏ ਹਨ।’’
ਉਹ ਦੋਵੇਂ ਪਤੀ ਪਤਨੀ ਸਾਨੂੰ ਘਰ ਤੋਂ ਬਾਹਰ ਛੱਡਣ ਆਏ। ਅਸੀਂ ਖ਼ੁਸ਼ੀ ਖ਼ੁਸ਼ੀ ਵਿਦਾਇਗੀ ਲਈ। ਆਪਣੇ ਘਰ ਪਹੁੰਚ ਕੇ ਮਾਪਿਆਂ ਨਾਲ ਸਾਰੀ ਗੱਲ ਸਾਂਝੀ ਕੀਤੀ। ਉਨ੍ਹਾਂ ਦੇ ਚਿਹਰਿਆਂ ’ਤੇ ਵੀ ਮੁਸਕਰਾਹਟ ਉੱਭਰ ਆਈ।
ਸੰਪਰਕ: 97806-44040