ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 3 ਫਰਵਰੀ
ਲਾਂਡਰਾਂ ਤੋਂ ਬਨੂੜ ਨੂੰ ਜਾਂਦੇ ਕੌਮੀ ਮਾਰਗ ਉੱਤੇ ਪੈਂਦੇ ਪਿੰਡ ਸਨੇਟਾ ਦਾ ਰੇਲਵੇ ਪੁਲ ਮੀਂਹ ਪੈਣ ਕਾਰਨ ਇੱਥੋਂ ਲੰਘਦੇ ਰਾਹਗੀਰਾਂ ਲਈ ਮੁਸੀਬਤ ਬਣ ਜਾਂਦਾ ਹੈ। ਕਲੋਨੀਆਂ ਤੇ ਵੱਖ ਵੱਖ ਸੈਕਟਰਾਂ ਦਾ ਪਾਣੀ ਇਸ ਪੁਲ ਹੇਠੋਂ ਲੰਘਦਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਖ਼ੁਆਰ ਹੋਣਾ ਪੈ ਰਿਹਾ ਹੈ। ਇੱਕ ਦਿਨ ਮੀਂਹ ਪੈਣ ਨਾਲ ਪੁਲ ਦੇ ਦੋਵੇਂ ਪਾਸੇ ਦੋ ਤੋਂ ਤਿੰਨ ਪੁਲ ਦੇ ਦੋਵੇਂ ਪਾਸੇ ਕਰੀਬ ਕਿਲੋਮੀਟਰ ਲੰਬੇ ਜਾਮ ਲੱਗੇ ਰਹਿੰਦੇ ਹਨ।
ਪਿਛਲੇ ਕਈ ਵਰ੍ਹਿਆਂ ਤੋਂ ਚੱਲ ਰਹੀ ਇਸ ਸਮੱਸਿਆ ਦਾ ਮੁਹਾਲੀ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਕੋਈ ਹੱਲ ਨਾ ਕੱਢਣ ਕਾਰਨ ਇਸ ਖੇਤਰ ਦੇ ਪਿੰਡਾਂ ਦੇ ਵਸਨੀਕਾਂ ਵਿੱਚ ਭਾਰੀ ਰੋਸ ਹੈ। ਇਨ੍ਹਾਂ ਵਸਨੀਕਾਂ ਨੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਤੋਂ ਤੁਰੰਤ ਸਾਰੇ ਮਾਮਲੇ ਵਿਚ ਦਖ਼ਲ ਦੀ ਮੰਗ ਕਰਦਿਆਂ ਪੁਲ ਥੱਲੇ ਆਉਂਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਾਉਣ ਲਈ ਆਖਿਆ ਹੈ ਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੜਕ ਉੱਤੇ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ਹੈ।
ਚੌਧਰੀ ਹਰਨੇਕ ਸਿੰਘ ਸਨੇਟਾ, ਸਾਬਕਾ ਸਰਪੰਚ ਰਿਸ਼ੀ ਪਾਲ, ਕਿਸਾਨ ਆਗੂ ਦਰਸ਼ਨ ਸਿੰਘ ਦੁਰਾਲੀ, ਬਲਬੀਰ ਸਿੰਘ, ਹਰਪਾਲ ਸਿੰਘ ਬਠਲਾਣਾ, ਬਲਜਿੰਦਰ ਸਿੰਘ ਰਾਏਪੁਰ, ਡਾ. ਬਲਵਿੰਦਰ ਸਿੰਘ ਗੋਬਿੰਦਗੜ੍ਹ, ਸ਼ੇਰ ਸਿੰਘ ਦੈੜੀ, ਕੁਲਦੀਪ ਸਿੰਘ ਧੀਰਪੁਰ, ਟਹਿਲ ਸਿੰਘ ਮਾਣਕਪੁਰ, ਬਿਕਰਮਜੀਤ ਸਿੰਘ ਗੀਗੇਮਾਜਰਾ ਆਦਿ ਨੇ ਦੱਸਿਆ ਕਿ ਹਰ ਮੀਂਹ ਤੋਂ ਬਾਅਦ ਪੁਲ ਥੱਲੇ ਪਾਣੀ ਆ ਜਾਂਦਾ ਹੈ। ਇੱਥੇ ਰਫ਼ਤਾਰ ਧੀਮੀ ਹੋਣ ਕਾਰਨ ਵਾਹਨ ਚਾਲਕ ਕਈ-ਕਈ ਕਤਾਰਾਂ ’ਚ ਵਾਹਨ ਲਗਾ ਲੈਂਦੇ ਹਨ ਜਿਸ ਕਾਰਨ ਇੱਥੇ ਜਾਮ ਲੱਗ ਜਾਂਦਾ ਹੈ।
ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਨੇ ਕਿਹਾ ਕਿ ਸਬੰਧਤ ਸੈਕਟਰਾਂ ਦੇ ਪਾਣੀ ਦੇ ਨਿਕਾਸ ਲਈ ਪਾਈਪਲਾਈਨ ਪਾਈ ਹੋਈ ਹੈ ਤੇ ਸਿਰਫ਼ ਰੇਲਵੇ ਲਾਈਨ ਦੇ ਥੱਲੇ ਪਾਈਪ ਪਾਉਣੇ ਬਾਕੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕਈ ਸਾਲਾਂ ਤੋਂ ਇਵੇਂ ਹੀ ਅਟਕਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਬਿਨਾਂ ਕਿਸੇ ਦੇਰੀ ਤੋਂ ਇਸ ਮਾਮਲੇ ਦਾ ਹੱਲ ਕੱਢਿਆ ਜਾਵੇ ਅਤੇ ਸੁਚਾਰੂ ਆਵਾਜਾਈ ਯਕੀਨੀ ਬਣਾਈ ਜਾਵੇ।