ਪੱਤਰ ਪ੍ਰੇਰਕ
ਮਾਨਸਾ, 3 ਫਰਵਰੀ
ਨੌਜਵਾਨ ਭਾਨਾ ਸਿੱਧੂ ਦੀ ਰਿਹਾਈ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਸੰਗਰੂਰ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦੇ ਦਿੱਤੇ ਸੱਦੇ ’ਤੇ ਧਰਨੇ ਵਿੱਚ ਸ਼ਾਮਲ ਹੋਣ ਕਿਸਾਨ ਤੇ ਮਜ਼ਦੂਰ ਆਗੂਆਂ ਨੇ ਅੱਜ ਹਿਰਾਸਤ ਵਿਚ ਲੈ ਲਿਆ। ਇਸ ਤੋਂ ਇਲਾਵਾ ਕੁਝ ਆਗੂਆਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਦੀ ਕਾਰਵਾਈ ਖ਼ਿਲਾਫ਼ ਕਿਸਾਨਾਂ ਨੇ ਵੱਖ ਵੱਖ ਥਾਵਾਂ ’ਤੇ ਧਰਨੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਪੁਲੀਸ ਨੇ ਕਿਸਾਨ ਆਗੂਆਂ ਨੂੰ ਘਰਾਂ ’ਚੋਂ ਚੁੱਕ ਕੇ ਥਾਣਿਆਂ ਵਿੱਚ ਬੰਦ ਕਰ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਜਾਮ ਲਾਉਣ ਵਾਲਿਆਂ ਨੂੰ ਹਿਰਾਸਤ ਵਿੱਚ ਲੈ ਕੇ ਦੂਰ-ਦੁਰਾਡੇ ਛੱਡ ਦਿੱਤਾ ਗਿਆ।
ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਜਿਉਂ ਹੀ ਅੱਜ ਸੰਗਰੂਰ ਵੱਲ ਜਾਣ ਲਈ ਘਰੋਂ ਨਿਕਲੇ ਤਾਂ ਪੁਲੀਸ ਉਨ੍ਹਾਂ ਦੀ ਗੱਡੀ ਨੂੰ ਘੇਰਾ ਪਾ ਕੇ ਉਨ੍ਹਾਂ ਘਰ ਵਿੱਚ ਬੰਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਆਗੂ ਨਿਰਮਲ ਸਿੰਘ ਝੰਡੂਕੇ ਨੂੰ ਵੀ ਉਨ੍ਹਾਂ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੂੰ ਵੀ ਘਰ ਵਿੱਚ ਹੀ ਬੰਦ ਕਰ ਦਿੱਤਾ ਗਿਆ। ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੂੰ ਦਿਨ ਚੜ੍ਹਦਿਆਂ ਹੀ ਘਰੋਂ ਦਬੋਚ ਲਿਆ ਗਿਆ। ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾਂ ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਦਫ਼ਤਰ ਵਿੱਚ ਹੀ ਨਜ਼ਰਬੰਦ ਕੀਤਾ ਗਿਆ। ਐਂਟੀ ਡਰੱਗ ਟਾਸਕ ਫੋਰਸ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਨੂੰ ਵੀ ਪੁਲੀਸ ਵੱਲੋਂ ਘਰ ਵਿੱਚ ਇੱਕ ਦਰਜਨ ਤੋਂ ਵੱਧ ਨੌਜਵਾਨਾਂ ਸਮੇਤ ਨਜ਼ਰਬੰਦ ਕਰ ਦਿੱਤਾ ਗਿਆ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਿਲਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਨਾਲ ਪੁਲੀਸ ਦੀ ਧੱਕਾਮੁੱਕੀ ਹੋ ਗਈ। ਇਸ ਸਮੇਂ ਨਜ਼ਰਬੰਦ ਕੀਤੇ ਆਗੂਆਂ ਵਿੱਚ ਕਰਨੈਲ ਸਿੰਘ ਮਾਨਸਾ, ਅਮਰੀਕ ਸਿੰਘ ਮਾਨਸਾ, ਅੰਗਰੇਜ਼ ਸਿੰਘ, ਮਨਜੀਤ ਸਿੰਘ ਮੀਤਾ, ਧੰਨਾ ਸਿੰਘ, ਮੋਹਣਾ ਸਿੰਘ, ਗੁਰਪ੍ਰੀਤ ਸਿੰਘ, ਭੋਲਾ ਸਿੰਘ ਔਲਖ, ਜਗਤਾਰ ਸਿੰਘ ਤੇ ਸੁਖਪਾਲ ਸਿੰਘ ਪਾਲੀ ਹਾਜ਼ਰ ਸਨ।
ਧਨੌਲਾ (ਪੱਤਰ ਪ੍ਰੇਰਕ): ਇਸੇ ਦੌਰਾਨ ਧਨੌਲਾ ਤੋਂ ਪਿੰਡ ਕੋਟਦੁੱਨਾ, ਕਾਲੇਕੇ, ਧਨੌਲਾ, ਕੋਠੇ ਅਕਾਲਗੜ੍ਹ ਅਤੇ ਲਾਗਲੇ ਪਿੰਡਾਂ ਵਿੱਚੋਂ ਪੁਲੀਸ ਨੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਬਡਬਰ ਟੌਲ ਪਲਾਜ਼ਾ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਭੁਪਿੰਦਰ ਸਿੰਘ ਬਿੱਟੂ ਜ਼ਿਲ੍ਹਾ ਜਰਨਲ ਸੈਕਟਰੀ, ਜਸਵੀਰ ਸਿੰਘ ਕਾਲੇਕੇ, ਗੁਰਧਿਆਨ ਸਿੰਘ ਸਹਿਜੜਾ, ਨਿਰਮਲ ਸਿੰਘ ਧਨੌਲਾ ਸਮੇਤ ਕਰੀਬ 17 ਕਿਸਾਨ ਆਗੂਆਂ ਨੂੰ ਸੰਗਰੂਰ ਜਾਣ ਮੌਕੇ ਹਿਰਾਸਤ ਵਿੱਚ ਲਿਆ ਗਿਆ ਜਿਸ ਦੇ ਰੋਸ ਵਜੋਂ ਜਥੇਬੰਦੀ ਅਤੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਟੌਲ ਪਲਾਜ਼ਾ ਜਾਮ ਕਰ ਦਿੱਤਾ। ਇਸ ਦੌਰਾਨ ਪੁਲੀਸ ਅਤੇ ਕਿਸਾਨਾਂ ਦਰਮਿਆਨ ਝੜਪ ਵੀ ਹੋਈ। ਕਿਸਾਨ ਆਗੂ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਸੂਬਾ ਸਰਕਾਰ ਨੇ ਅਣਐਲਾਣੀ ਐਮਰਜੈਂਸੀ ਲਗਾਈ ਹੋਈ ਹੈ ਅਤੇ ਸ਼ਾਂਤਮਈ ਤਰੀਕੇ ਨਾਲ ਰੋਸ ਜ਼ਾਹਰ ਕਰਨ ਦਾ ਹੱਕ ਵੀ ਲੋਕਾਂ ਤੋਂ ਖੋਹਿਆ ਜਾ ਰਿਹਾ ਹੈ।
ਮਹਿਲ ਕਲਾਂ (ਪੱਤਰ ਪ੍ਰੇਰਕ): ਪੁਲੀਸ ਨੇ ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਨੂੰ ਉਸਦੇ ਪਿੰਡ ਛੀਨੀਵਾਲ ਕਲਾਂ ਵਿਖੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਸ੍ਰੀ ਛੀਨੀਵਾਲ ਨੇ ਕਿਹਾ ਕਿ ਉਹ ਸ਼ਾਂਤਮਈ ਤਰੀਕੇ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਜਾਣਾ ਚਾਹੁੰਦੇ ਸਨ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰਕੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਗਿਆ ਹੈ।
ਕਿਸਾਨਾਂ ਸਮੇਤ ਵੈੱਬ ਪੱਤਰਕਾਰ ਵੀ ਹਿਰਾਸਤ ਵਿਚ ਲਏ
ਰੂੜੇਕੇ ਕਲਾਂ (ਪੱਤਰ ਪ੍ਰੇਰਕ): ਪੱਖੋਂ ਕਲਾਂ ਵਿਚ ਅੱਜ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈਣ ਖ਼ਿਲਾਫ਼ ਬੀ.ਕੇ.ਯੂ. (ਸਿੱਧੂਪੁਰ) ਦੇ ਆਗੂਆਂ ਨੇ ਬਰਨਾਲਾ-ਮਾਨਸਾ ਹਾਈਵੇ ਜਾਮ ਕਰਕੇ ਧਰਨਾ ਦਿੱਤਾ। ਜ਼ਿਲ੍ਹਾ ਪ੍ਰਧਾਨ ਬਲੌਰ ਸਿੰਘ, ਬਲਾਕ ਪ੍ਰਧਾਨ ਸਹਿਣਾ ਜਗਤਾਰ ਸਿੰਘ ਤਾਰੀ, ਬਲਾਕ ਪ੍ਰਧਾਨ ਬਰਨਾਲਾ ਜਗਜੀਤ ਸਿੰਘ ਜੱਗਾ, ਗੁਰਪ੍ਰੀਤ ਸਿੰਘ ਗੋਪਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੋਕਤੰਤਰ ਦੀ ਸੰਘੀ ਘੁੱਟੀ ਜਾ ਰਹੀ ਹੈ। ਇਸ ਦੌਰਾਨ ਵੈਬ ਪੱਤਰਕਾਰਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਖ਼ਿਲਾਫ਼ ਬੋਲਣ ਵਾਲੇ ਨੌਜਵਾਨਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਅਤੇ ਨੌਜਵਾਨਾਂ ਦੇ ਹੱਕ ਵਿਚ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਵੀ ਗ੍ਰਿਫਤਾਰ ਅਤੇ ਘਰਾਂ ਵਿਚ ਨਜ਼ਰਬੰਦ ਕੀਤਾ ਜਾ ਰਿਹਾ ਹੈ, ਜਿਸ ਦਾ ਉਨ੍ਹਾਂ ਦੀ ਜਥੇਬੰਦੀ ਵੱਲੋਂ ਕਰਾਰਾ ਜਵਾਬ ਦਿੱਤਾ ਜਾਏਗਾ।