ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਫ਼ਰਵਰੀ
ਸਰਕਾਰ ਵੱਲੋਂ ਭਰਤੀ ਕੀਤੇ ਨਵੇਂ 630 ਮਾਲ ਪਟਵਾਰੀ ਕਿਸਮਤ ਦੇ ਧਨੀ ਨਿਕਲੇ ਹਨ। ਉਨ੍ਹਾਂ ਨੂੰ ਸਾਲ ਭਰ ਦਾ ਪਟਵਾਰ ਕੋਰਸ ਪਾਸ ਕਰਨ ਤੋਂ ਬਿਨਾਂ ਹੀ ਖੇਤਰੀ ਸਿਖਲਾਈ ਲਈ ਹਲਕਿਆਂ ਵਿਚ ਭੇਜ ਦਿੱਤਾ ਗਿਆ ਹੈ। ਭਾਵੇਂ ਕਿ ਇਹ ਮਸਲਾ ਸਰਕਾਰ ਲਈ ਸੰਕਟਮੋਚਨ ਬਣ ਗਿਆ ਹੈ ਕਿ ਉਨ੍ਹਾਂ ਐੱਸਜੀਪੀਸੀ ਚੋਣਾਂ ਲਈ ਵੋਟਾਂ ਬਣਾਉਣ ਵਾਸਤੇ ਸਰਕਾਰੀ ਗੱਡੀ ਰੇੜ੍ਹ ਲਈ ਹੈ ਪਰ ਮਾਲ ਵਿਭਾਗ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੂਬੇ ਵਿੱਚ ਐਸਮਾ ਐਕਟ ਲਾਗੂ ਹੁੰਦਿਆਂ ਹੀ ਮਾਲ ਪਟਵਾਰੀਆਂ ਵੱਲੋਂ ਆਪਣੇ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਦਾ ਐਲਾਨ ਅਤੇ ਵਾਧੂ ਹਲਕਿਆਂ ਦਾ ਚਾਰਜ ਛੱਡੇ ਜਾਣ ਦੇ ਨਾਲ ਹੀ ਗੁਰਦੁਆਰਾ ਕਮਿਸ਼ਨ ਵੱਲੋਂ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਪੈਦਾ ਹੋਏ ਇਸ ਸੰਕਟ ਨਾਲ ਨਜਿੱਠਣ ਦੀ ਕਾਹਲੀ ਵਿੱਚ ਨਵੇਂ ਭਰਤੀ ਕੀਤੇ ਗਏ 630 ਮਾਲ ਪਟਵਾਰੀ ਉਮੀਦਵਾਰਾਂ ਨੂੰ ਸਾਲ ਭਰ ਦਾ ਪਟਵਾਰ ਕੋਰਸ ਪਾਸ ਕਰਨ ਤੋਂ ਬਿਨਾਂ ਹੀ ਖੇਤਰੀ ਸਿਖਲਾਈ ਲਈ ਜ਼ਿਲ੍ਹਿਆਂ ਵਿੱਚ ਤੋਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਭਰਤੀ ਕੀਤੇ ਗਏ ਇਨ੍ਹਾਂ ਪਟਵਾਰੀ ਉਮੀਦਵਾਰਾਂ ਨੂੰ ਮੋਗਾ ਸਮੇਤ ਕਰੀਬ 10 ਜ਼ਿਲ੍ਹਿਆਂ ਵਿੱਚ ਸਥਾਪਤ ਪਟਵਾਰ ਟਰੇਨਿੰਗ ਸਕੂਲਾਂ ਵਿੱਚ ਇੱਕ ਸਾਲ ਦਾ ਪਟਵਾਰ ਸਿਖਲਾਈ ਕੋਰਸ ਪਹਿਲੀ ਨਵੰਬਰ 2023 ਤੋਂ ਸ਼ੁਰੂ ਕਰਵਾਇਆ ਜਾਣਾ ਸੀ। ਸਰਕਾਰ ਨੇ ਸਿਖਲਾਈ ਲਈ ਕਰੀਬ 10 ਸੇਵਾਮੁਕਤ ਪੀਸੀਐੱਸ, ਤਹਿਸੀਲਦਾਰ ਅਤੇ ਜ਼ਿਲ੍ਹਾ ਮਾਲ ਅਫ਼ਸਰਾਂ ਨੂੰ ਬਤੌਰ ਪ੍ਰਿੰਸੀਪਲ 60 ਹਜ਼ਾਰ ਰੁਪਏ ਅਤੇ ਕਰੀਬ 40 ਸੇਵਾਮੁਕਤ ਕਾਨੂੰਨਗੋਆਂ ਨੂੰ ਬਤੌਰ ਅਧਿਆਪਕ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਉੱਕੀ-ਪੁੱਕੀ ਤਨਖਾਹ ’ਤੇ ਭਰਤੀ ਕੀਤਾ ਸੀ। ਸਰਕਾਰ ਨੇ 2 ਨਵੰਬਰ 2023 ਨੂੰ ਪੱਤਰ ਜਾਰੀ ਕਰ ਕੇ ਸਿਖਲਾਈ ਲਈ ਭਰਤੀ ਕੀਤੇ ਗਏ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਰਿਲੀਵ ਕਰਨ ਦੀ ਹਦਾਇਤ ਕੀਤੀ ਸੀ। ਡਾਇਰੈਕਟਰ ਭੌਂ ਰਿਕਾਰਡ ਪੰਜਾਬ ਨੇ 30 ਜਨਵਰੀ ਨੂੰ ਪੱਤਰ ਜਾਰੀ ਕਰ ਕੇ ਆਖਿਆ ਹੈ ਕਿ 630 ਅਤੇ 1090 ਭਰਤੀ ਦੀ ਵੇਟਿੰਗ ਤੇ ਤਰਸ ਦੇ ਅਧਾਰ ’ਤੇ ਭਰਤੀ ਕੀਤੇ ਗਏ ਪਟਵਾਰੀ ਉਮੀਦਵਾਰਾਂ ਦੀ 31 ਜਨਵਰੀ 2024 ਤੱਕ ਫੀਲਡ ਟਰੇਨਿੰਗ ਵਿੱਚ ਵਾਧਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਰ ਹਾਲੇ ਵੀ ਜ਼ਿਲ੍ਹਿਆਂ ਵਿੱਚ ਐੱਸਜੀਪੀਸੀ ਦੀਆਂ ਵੋਟਾਂ ਦੇ ਰਜਿਸਟਰੇਸ਼ਨ ਦਾ ਕੰਮ ਜਾਰੀ ਹੋਣ ਕਰ ਕੇ ਇਹ ਵਾਧਾ 29 ਫ਼ਰਵਰੀ ਤੱਕ ਕਰ ਦਿੱਤਾ ਗਿਆ ਹੈ। ਪੱਤਰ ’ਚ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਉਮੀਦਵਾਰਾਂ ਨੂੰ ਇੰਤਕਾਲ ਦਰਜ ਕਰਨੇ ਅਤੇ ਮਾਲ ਰਿਕਾਰਡ ਦੀਆਂ ਨਕਲਾਂ ਜਾਰੀ ਕਰਨ ਦੀ ਸਿਖਲਾਈ ਦਿੱਤੀ ਜਾਵੇ। ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਿੰਨ ਕਾਨੂੰਨਗੋਆਂ ਦੀ ਨਵ-ਨਿਯੁਕਤ ਪਟਵਾਰੀ ਉਮੀਦਵਾਰਾਂ ਨੂੰ ਫ਼ੀਲਡ ਟਰੇਨਿੰਗ ਦੇਣ ਦੀ ਨਿਗਰਾਨੀ ਡਿਊਟੀ ਲਗਾਈ ਗਈ ਹੈ।
ਪਟਵਾਰ ਦਾ ਕੋਰਸ ਕਰਵਾ ਕੇ ਹੀ ਤਾਇਨਾਤੀ ਹੋਵੇ: ਭੁੱਲਰ
ਦਿ ਰੈਵੀਨਿਊ ਪਟਵਾਰ ਯੂਨੀਅਨ ਆਗੂ ਗੁਰਦੇਵ ਸਿੰਘ ਭੁੱਲਰ ਨੇ ਕਿਹਾ ਕਿ ਨਿਯਮਾਂ ਅਨੁਸਾਰ ਨਵੇਂ ਮਾਲ ਪਟਵਾਰੀ ਉਮੀਦਵਾਰਾਂ ਨੂੰ ਇੱਕ ਸਾਲ ਦਾ ਪਟਵਾਰ ਕੋਰਸ ਪਾਸ ਕਰਨ ਮਗਰੋਂ ਹੀ ਛੇ ਮਹੀਨੇ ਪੁਰਾਣੇ ਪਟਵਾਰੀ ਨਾਲ ਖੇਤਰੀ ਸਿਖਲਾਈ ਦੇਣ ਮਗਰੋਂ ਹਲਕਿਆਂ ਵਿੱਚ ਤਾਇਨਾਤ ਕੀਤਾ ਜਾਣਾ ਬਣਦਾ ਹੈ।
ਜ਼ਮੀਨੀ ਇੰਤਕਾਲ ਤਿਆਰ ਕਰਨ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ
ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਨਵੇਂ ਭਰਤੀ ਕੀਤੇ ਗਏ ਪਟਵਾਰੀ ਉਮੀਦਵਾਰਾਂ ਨੂੰ ਜ਼ਮੀਨੀ ਇੰਤਕਾਲ ਤੇ ਨਕਲ ਜਮ੍ਹਾਂਬੰਦੀ ਤਿਆਰ ਕਰਨ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਤਜ਼ਰਬਾ ਹਾਸਲ ਹੋਣ ਨਾਲ ਉਨ੍ਹਾਂ ਲਈ ਪਟਵਾਰ ਕੋਰਸ ਕਰਨਾ ਵੀ ਸੌਖਾ ਹੋ ਜਾਵੇਗਾ।