ਜੋਗਿੰਦਰ ਸਿੰਘ ਮਾਨ
ਮਾਨਸਾ, 4 ਫਰਵਰੀ
16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਲੈਕੇ ਪੰਜਾਬ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਲਾਮਬੰਦੀ ਆਰੰਭ ਕਰ ਦਿੱਤੀ ਗਈ ਹੈ। ਇਸ ਲਾਮਬੰਦੀ ਦੇ ਤਹਿਤ ਅੱਜ ਮਾਨਸਾ ਵਿਖੇ ਵੱਖ-ਵੱਖ ਸਮਾਜਿਕ, ਵਪਾਰਕ, ਕਿਸਾਨ, ਮਜ਼ਦੂਰ ਤੇ ਟਰੇਡ ਜਥੇਬੰਦੀਆਂ ਦਾ ਇਕੱਠ ਹੋਇਆ, ਜਿਸ ਦੌਰਾਨ ਭਾਰਤ ਬੰਦ ਦੀ ਸਫਲਤਾ ਉਪਰ ਵਿਚਾਰ ਚਰਚਾ ਕਰਦਿਆਂ ਜਨਤਕ ਧਿਰਾਂ ਦੀਆਂ ਡਿਊਟੀਆਂ ਲਾਈਆਂ ਗਈ। ਜਥੇਬੰਦੀਆਂ ਵੱਲੋਂ 5 ਫਰਵਰੀ ਤੋਂ ਬਕਾਇਦਾ ਸਬ-ਡਵੀਜ਼ਨ ਪੱਧਰ ’ਤੇ ਲਾਮਬੰਦੀ ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਇਕੱਠ ਦੌਰਾਨ ਆੜ੍ਹਤੀਆ ਐਸੋਸੀਏਸ਼ਨ, ਕਰਿਆਣਾ ਐਸੋਸੀਏਸ਼ਨ, ਪੈਸਟੀਸਾਈਡ ਐਸੋਸੀਏਸ਼ਨ, ਵਪਾਰ ਮੰਡਲ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਆਲ ਇੰਡੀਆ ਮਿੰਨੀ ਟਰਾਂਸਪੋਰਟ ਪੰਜਾਬ, ਟਰੇਡ ਯੂਨੀਅਨਾਂ ਏਟਕ, ਏਕਟੂ, ਉਸਾਰੀ ਮਜ਼ਦੂਰ ਯੂਨੀਅਨ, ਦੋਧੀ ਡੇਅਰੀ ਯੂਨੀਅਨ, ਪੰਜਾਬ ਖੇਤ ਮਜਦੂਰ ਯੂਨੀਅਨ,ਸੰਘਰਸੀ ਯੋਧੇ, ਪੈਨਸ਼ਨਰਜ਼ ਐਸੋਸੀਏਸ਼ਨ, ਇਨਕਲਾਬੀ ਨੌਜਵਾਨ ਸਭਾ, ਸੰਯੁਕਤ ਕਿਸਾਨ ਮੋਰਚੇ ਸਮੇਤ ਧਾਰਮਿਕ, ਸਮਾਜਿਕ ਤੇ ਜਨਤਕ ਸੰਗਠਨ ਸ਼ਾਮਲ ਹੋਏ।ਏਕਟ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਨੇ ਕਿਹਾ ਕਿ ਰੁਜ਼ਗਾਰ ਅਤੇ ਵਪਾਰ ਨੂੰ ਬਚਾਉਣ ਲਈ ਸਮੁੱਚੇ ਵਰਗਾਂ ਨੂੰ ਭਾਰਤ ਬੰਦ ਵਿੱਚ ਗਰਮ ਜੋਸ਼ੀ ਨਾਲ ਸਮੂਲੀਅਤ ਕਰਨ ਦੀ ਲੋੜ ਹੈ, ਕਿਉਂਕਿ ਕਾਰਪੋਰੇਟ ਘਰਾਣਿਆਂ ਵੱਲੋਂ ਮੋਦੀ ਹਕੂਮਤ ਨਾਲ ਗੰਢਤੁੱਪ ਕਰਕੇ ਜਨਤਕ ਅਦਾਰਿਆਂ, ਖਣਿਜ ਪਦਾਰਥਾਂ ਤੇ ਛੋਟੇ ਕਾਰੋਬਾਰਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਮੋਦੀ ਸਰਕਾਰ ਵੱਲੋਂ ਲੋਕ ਵਿਰੋਧੀ ਨਵੳਦਾਰਵਾਦੀ ਨੀਤੀਆਂ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਮਾਲੋਮਾਲ ਕਰ ਰਹੀ ਹੈ, ਜਿਸ ਖਿਲਾਫ਼ ਇੱਕਜੁੱਟ ਹੋਣ ਦੀ ਲੋੜ ਹੈ। ਇਸ ਮੌਕੇ ਰਾਜਵਿੰਦਰ ਰਾਣਾ,ਅਰਸ਼ਦੀਪ ਸਿੰਘ ਗਾਗੋਵਾਲ, ਧੰਨਾ ਮੱਲ ਗੋਇਲ, ਕੁਲਦੀਪ ਚੱਕ ਭਾਈਕੇ, ਕ੍ਰਿਸ਼ਨ ਚੌਹਾਨ, ਗਗਨ ਸਿਰਸੀਵਾਲਾ, ਸੁਰਿੰਦਰ ਕੁਮਾਰ ਭੁੱਚੋ, ਗਿਰਧਾਰੀ ਲਾਲਾ, ਰਮੇਸ਼ ਟੋਨੀ, ਅਮਰੀਕ ਸਿੰਘ ਫਫੜ ਤੇ ਹੋਰ ਹਾਜ਼ਰ ਸਨ।