ਤਲ ਅਵੀਵ (ਇਜ਼ਰਾਈਲ), 6 ਫਰਵਰੀ
ਦੱਖਣੀ ਲਾਲ ਸਾਗਰ ’ਚੋਂ ਲੰਘ ਰਹੇ ਦੋ ਬੇੜਿਆਂ ’ਤੇ ਅੱਜ ਤੜਕੇ ਡਰੋਨ ਨਾਲ ਹਮਲਾ ਕੀਤਾ ਗਿਆ ਅਤੇ ਇਸ ਹਮਲੇ ਪਿੱਛੇ ਯਮਨ ਦੇ ਹੂਤੀ ਬਾਗੀਆਂ ਦਾ ਹੱਥ ਹੋਣ ਦਾ ਖਦਸ਼ਾ ਹੈ। ਇਨ੍ਹਾਂ ਵਿਚੋਂ ਇਕ ਅਮਰੀਕਾ ਤੋਂ ਭਾਰਤ ਨੂੰ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗਾਜ਼ਾ ਪੱਟੀ ’ਤੇ ਹਮਾਸ ਖ਼ਿਲਾਫ਼ ਇਜ਼ਰਾਈਲ ਦੀ ਜੰਗ ਦੇ ਵਿਰੋਧ ’ਚ ਹੂਤੀ ਬਾਗੀਆਂ ਵੱਲੋਂ ਬੇੜਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਤਾਜ਼ਾ ਘਟਨਾ ਹੈ। ਬਰਤਾਨਵੀ ਸੈਨਾ ਦੇ ‘ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਆਰੇਸ਼ਨਜ਼’ ਨੇ ਦੱਸਿਆ ਕਿ ਇਹ ਹਮਲਾ ਯਮਨ ਦੇ ਹੋਦੀਦਾ ਦੇ ਪੱਛਮ ’ਚ ਹੋਇਆ ਅਤੇ ਇਸ ਹਮਲੇ ’ਚ ਬੇੜੇ ਦੀਆਂ ਖਿੜਕੀਆਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ। ਅਪਰੇਸ਼ਨਜ਼ ਨੇ ਦੱਸਿਆ ਕਿ ਹਮਲਾ ਹੋਣ ਤੋਂ ਪਹਿਲਾਂ ਇਸ ਬੇੜੇ ਨੇੜੇ ਇੱਕ ਹੋਰ ਛੋਟਾ ਜਹਾਜ਼ ਵੀ ਸੀ। ਨਿੱਜੀ ਸੁਰੱਖਿਆ ਕੰਪਨੀ ਐਂਬਰੇ ਨੇ ਹਮਲੇ ਦਾ ਸ਼ਿਕਾਰ ਹੋਏ ਬੇੜੇ ਦੀ ਪਛਾਣ ਬਰਤਾਨੀਆ ਦੀ ਮਾਲਕੀ ਵਾਲੇ ਢੋਆ-ਢੁਆਈ ਵਾਲੇ ਜਹਾਜ਼ ਵਜੋਂ ਕੀਤੀ ਹੈ ਜਿਸ ’ਤੇ ਬਾਰਬਾਡੋਸ ਦਾ ਝੰਡਾ ਲੱਗਾ ਹੋਇਆ ਸੀ। ਕੰਪਨੀ ਨੇ ਦੱਸਿਆ, ‘ਹਮਲੇ ਵਿੱਚ ਬੇੜੇ ’ਤੇ ਸਵਾਰ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਿਆ ਪਰ ਬੇੜੇ ਦਾ ਮਾਮੂਲੀ ਨੁਕਸਾਨ ਹੋਇਆ ਹੈ।’ ਫਿਲਹਾਸ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਯਮਨ ’ਚ ਇਰਾਨ ਹਮਾਇਤੀ ਹੂਤੀ ਬਾਗੀ ਸ਼ੱਕ ਦੇ ਘੇਰੇ ਵਿੱਚ ਹਨ। -ਪੀਟੀਆਈ