ਮੈਲਬਰਨ, 6 ਫਰਵਰੀ
ਭਾਰਤੀ ਮੂਲ ਦੇ ਉੱਘੇ ਵਕੀਲ ਗਿਰੀਧਰਨ ਸ਼ਿਵਰਮਨ ਨੂੰ ਆਸਟਰੇਲੀਆ ਦੇ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਨਸਲੀ ਪੱਖਪਾਤ ਸਬੰਧੀ ਕਮਿਸ਼ਨਰ ਲਾਇਆ ਗਿਆ ਹੈ। ਦੱਸਣਯੋਗ ਹੈ ਕਿ ਇਸ ਅਹੁਦੇ ਉਤੇ ਨਿਯੁਕਤ ਵਿਅਕਤੀ ਨਸਲੀ ਪੱਖਪਾਤ ਦੇ ਹਰ ਰੂਪ ਨਾਲ ਨਜਿੱਠਣ ਲਈ ਜ਼ਿੰਮੇਵਾਰ ਹੁੰਦਾ ਹੈ। ਉਹ ਆਸਟਰੇਲਿਆਈ ਸਮਾਜ ਦੇ ਸਾਰੇ ਵਰਗਾਂ ਵਿਚ ਸਮਝ, ਸਹਿਣਸ਼ੀਲਤਾ ਤੇ ਸਦਭਾਵਨਾ ਨੂੰ ਹੁਲਾਰਾ ਦਿੰਦਾ ਹੈ। ਮੌਜੂਦਾ ਸਮੇਂ ਸ਼ਿਵਰਮਨ ‘ਮਲਟੀਕਲਚਰਲ ਆਸਟਰੇਲੀਆ’ ਦੇ ਚੇਅਰਮੈਨ ਹਨ ਤੇ ਇਕ ਲਾਅ ਫਰਮ ਦੇ ਪ੍ਰਿੰਸੀਪਲ ਵਕੀਲ ਵੀ ਹਨ। ਨਵੀਂ ਨਿਯੁਕਤੀ ਲਈ ਅਟਾਰਨੀ ਜਨਰਲ ਮਾਰਕ ਡਰੇਫਸ ਨੇ ਗਿਰੀਧਰਨ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਸਲੀ ਪੱਖਪਾਤ ਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਸ਼ਿਵਰਮਨ ਦਾ ਤਜਰਬਾ ਆਸਟਰੇਲੀਆ ਦੇ ਮਨੁੱਖੀ ਹੱਕ ਕਮਿਸ਼ਨ ਲਈ ਸਹਾਈ ਹੋਵੇਗਾ। ਗੌਰਤਲਬ ਹੈ ਕਿ ਸ਼ਿਵਰਮਨ ਨੇ ਸੂਬਾਈ ਤੇ ਕੌਮੀ ਪੱਧਰ ’ਤੇ ਪੱਖਪਾਤ ਦੇ ਕਈ ਕੇਸ ਲੜੇ ਹਨ। ਉਨ੍ਹਾਂ 7-ਇਲੈਵਨ ਦੇ ਘੱਟ ਤਨਖਾਹ ਉਤੇ ਕੰਮ ਕਰ ਰਹੇ ਵਰਕਰਾਂ ਨੂੰ ਮੁਆਵਜ਼ਾ ਵੀ ਦਿਵਾਇਆ ਸੀ। ਕਮਿਸ਼ਨਰ ਵਜੋਂ ਉਨ੍ਹਾਂ ਦਾ ਪੰਜ ਸਾਲ ਦਾ ਕਾਰਜਕਾਲ 4 ਮਾਰਚ ਨੂੰ ਸ਼ੁਰੂ ਹੋਵੇਗਾ। -ਪੀਟੀਆਈ