ਨਿਊਯਾਰਕ (ਅਮਰੀਕਾ), 7 ਫਰਵਰੀ
ਅਮਰੀਕਾ ਦੇ ਸ਼ਿਕਾਗੋ ਵਿਚ ਸੂਚਨਾ ਤਕਨਾਲੋਜੀ (ਆਈਟੀ) ਦੀ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀ ਨੂੰ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ਨੇੜੇ ਬੇਰਹਿਮੀ ਨਾਲ ਕੁੱਟਿਆ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ‘ਚ 4 ਫਰਵਰੀ ਦੀ ਰਾਤ ਨੂੰ ਤਿੰਨ ਵਿਅਕਤੀ ਸਈਅਦ ਮਜ਼ਾਹਿਰ ਅਲੀ ਦਾ ਪਿੱਛਾ ਕਰਦੇ ਹੋਏ ਦਿਖਾਈ ਦਿੱਤੇ। ‘ਐਕਸ’ ‘ਤੇ ਪੋਸਟ ਕੀਤੀ ਵੱਖਰੀ ਵੀਡੀਓ ਵਿਚ ਅਲੀ ਨੂੰ ਉਸ ਦੇ ਨੱਕ ਅਤੇ ਚਿਹਰੇ ਤੋਂ ਖੂਨ ਵਗਦਾ ਦੇਖਿਆ ਜਾ ਸਕਦਾ ਹੈ ਅਤੇ ਉਸ ਦੇ ਕੱਪੜਿਆਂ ‘ਤੇ ਖੂਨ ਦੇ ਧੱਬੇ ਹਨ। ਸ਼ਿਕਾਗੋ ਵਿੱਚ ਭਾਰਤੀ ਕੌਂਸਲਖਾਨੇ ਨੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ। ਕਰੀਬ ਛੇ ਮਹੀਨੇ ਪਹਿਲਾਂ ਹੈਦਰਾਬਾਦ ਤੋਂ ਅਮਰੀਕਾ ਆਏ ਅਲੀ ਨੇ ਦੱਸਿਆ ਕਿ ਇੱਕ ਹਮਲਾਵਰ ਨੇ ਉਸ ‘ਤੇ ਬੰਦੂਕ ਤਾਣ ਲਈ ਸੀ। ਵੀਡੀਓ ਫੁਟੇਜ ‘ਚ ਅਲੀ ਹੱਥ ‘ਚ ਪੈਕੇਟ ਲੈ ਕੇ ਰਾਤ ਨੂੰ ਆਪਣੇ ਘਰ ਵੱਲ ਤੁਰਦਾ ਦੇਖਿਆ ਗਿਆ, ਜਦੋਂ ਕਿ ਤਿੰਨ ਵਿਅਕਤੀ ਉਸ ਦਾ ਪਿੱਛਾ ਕਰ ਰਹੇ ਸਨ। ਅਲੀ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੀਆਂ ਅੱਖਾਂ, ਨੱਕ, ਪਸਲੀਆਂ ’ਤੇ ਮੁੱਕੇ ਮਾਰੇ। ਉਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।