ਸੁਖਮਿੰਦਰ ਸੇਖੋਂ
ਕੋਈ ਵੇਲਾ ਸੀ ਜਦੋਂ ਤਵਿਆਂ ਵਾਲੇ ਸਪੀਕਰ ਪਿੰਡਾਂ ਦੇ ਬਨੇਰਿਆਂ ’ਤੇ ਵੱਜਿਆ ਕਰਦੇ ਸਨ। ਸਪੀਕਰ ਨੂੰ ਮੰਜਾ ਖੜ੍ਹਾ ਕਰਕੇ ਰੱਸਿਆਂ ਨਾਲ ਬੰਨ੍ਹ ਕੇ ਵੀ ਕੰਮ ਸਾਰਿਆ ਜਾਂਦਾ ਸੀ ਤਾਂ ਜੋ ਆਵਾਜ਼ ਦੂਰ ਤੀਕ ਪਹੁੰਚ ਸਕੇ। ਇਸ ਧੁਤੂਨੁਮਾ ਸਪੀਕਰ ਨੂੰ ਮਸ਼ੀਨ ਨਾਲ ਚਲਾਇਆ ਜਾਂਦਾ ਸੀ ਤੇ ਤਵੇ ਬਦਲਦੇ ਰਹਿੰਦੇ ਸਨ। ਪਿੰਡਾਂ ਵਿੱਚ ਲੋਕ ਗਾਇਕਾਂ ਦੇ ਅਖਾੜੇ ਲੱਗਿਆ ਕਰਦੇ ਸਨ। ਇਹ ਅਖਾੜੇ ਕਿਸੇ ਵੀ ਖ਼ੁਸ਼ੀ ਦੇ ਮੌਕੇ ’ਤੇ ਖ਼ਾਸ ਕਰਕੇ ਵਿਆਹਾਂ, ਸ਼ਾਦੀਆਂ ਮੌਕੇ ਲੱਗਦੇ ਸਨ। ਆਪਣੀ ਹੈਸੀਅਤ ਮੁਤਾਬਿਕ ਬੰਦਾ ਇਨ੍ਹਾਂ ਗਾਉਣ ਵਾਲਿਆਂ ਨੂੰ ਬੁਲਾਉਂਦਾ ਸੀ। ਆਮ ਕਰਕੇ ਪਿੰਡਾਂ ਵਿੱਚ ਇਸ ਨੂੰ ‘ਗਾਉਣ ਆਲੀ ਆਊਗੀ’ ਕਿਹਾ ਜਾਂਦਾ ਸੀ ਜਾਂ ਪ੍ਰਚੱਲਿਤ ਲਫਜ਼ ਉਚਾਰੇ ਜਾਂਦੇ ਸਨ, ‘ਕੀਹਦੇ ਗੌਣ ਪਾਣੀ ਐ ਭਾਈ?’ ਆਰਜ਼ੀ ਸਟੇਜ ਬਣਾ ਕੇ ‘ਗਾਉਣ ਪਾਣੀ’ ਦਾ ਪ੍ਰਬੰਧ ਕੀਤਾ ਜਾਂਦਾ ਸੀ। ਵੈਸੇ ਤਾਂ ਇਹ ਅਖਾੜੇ ਬਿਨਾਂ ਕਿਸੇ ਰੁਕਾਵਟ ਦੇ ਸਫਲਤਾ ਨਾਲ ਸੰਪੰਨ ਹੁੰਦੇ ਸਨ ਪਰ ਕਦੇ ਕਦਾਈ ਕਿਤੇ ਕਿਤੇ ਕੋਈ ਸ਼ਰਾਰਤੀ ਅਨਸਰ ਜਾਂ ਵੈਲੀ ਕਿਸਮ ਦੇ ਬੰਦੇ ਦਾਰੂ ਪੀ ਕੇ ਖਿੜਾਉਣ ਤੱਕ ਵੀ ਚਲੇ ਜਾਂਦੇ ਸਨ। ਇਸ ਕਾਰਨ ਪ੍ਰਬੰਧਕਾਂ ਨੂੰ ਵਖ਼ਤ ਪੈ ਜਾਂਦਾ ਸੀ ਪਰ ਪਿੰਡ ਦੇ ‘ਸਿਆਣੇ’ ਅਜਿਹੇ ਮੌਕੇ ਸੰਭਾਲ ਲੈਦੇ ਸਨ।
ਕੋਈ ਵੀ ਗਾਇਕ ਜਾਂ ਗਾਇਕਾ ਸਰੋਤਿਆਂ ਦੇ ਮਨੋਰੰਜਨ ਤੋਂ ਪਹਿਲਾਂ ਰੱਬ ਨਾਲ ਬਾਤਾਂ ਪਾਉਂਦਾ ਕੋਈ ਧਾਰਮਿਕ ਗੀਤ ਜ਼ਰੂਰ ਪੇਸ਼ ਕਰਦਾ ਸੀ। ਉਪਰੰਤ ਉਹ ਆਪਣੀ ਪਸੰਦ ਦੇ ਰੁਮਾਂਟਿਕ ਜਾਂ ਸਮਾਜਿਕ ਸਰੋਕਾਰਾਂ ਦੇ ਗੀਤ ਛੇੜ ਲੈਂਦਾ ਸੀ। ਹਰ ਇੱਕ ਗਾਇਕ ਵੱਲੋਂ ‘ਮੇਰੇ ਰੱਬ ਵਰਗੇ ਸਰੋਤਿਓ’ ਕਹਿਣ ਦਾ ਰਿਵਾਜ ਜਾਂ ਇੱਕ ਫੈਸ਼ਨ ਜਿਹਾ ਸੀ। ਸਰੋਤੇ ਭਖੇ ਅਖਾੜੇ ਵਿੱਚ ਆਪਣੀ ਪਸੰਦ ਦਾ ਰਾਗ ਵੀ ਅਲਾਪ ਦਿੰਦੇ ਸਨ ਤੇ ਗਾਇਕਾਂ ਨੂੰ ਆਪਣੇ ਰੱਬ ਵਰਗੇ ਸਰੋਤਿਆਂ ਦੀ ਫਰਮਾਇਸ਼ ਪੂਰੀ ਵੀ ਕਰਨੀ ਪੈਂਦੀ ਸੀ। ਮੈਂ ਆਪਣੇ ਸਕੂਲੀ ਟਾਈਮ ਤੋਂ ਹੀ ਅਖਾੜਿਆਂ ਦਾ ਸ਼ੌਕੀਨ ਰਿਹਾ ਹਾਂ। ਕਦੇ ਕਿਸੇ ਜੀਪ ਜਾ ਟਰੈਕਟਰ ’ਤੇ, ਕਦੇ ਮਿੱਤਰਾਂ ਨਾਲ ਸਾਈਕਲਾਂ ’ਤੇ ਅਤੇ ਕਦੇ ਤਾਂ ਪੈਦਲ ਹੀ। ਉਦੋਂ ਹੋਰ ਵੀ ਚਾਅ ਚੜ੍ਹ ਜਾਂਦਾ ਸੀ ਜਦੋਂ ਕਿਸੇ ਨੇੜਲੇ ਸਾਕ ਸਬੰਧੀ ਵੱਲੋਂ ਅਜਿਹੇ ਪ੍ਰਬੰਧ ਹੁੰਦੇ ਸਨ। ਇਨ੍ਹਾਂ ਅਖਾੜਿਆਂ ਵਿੱਚ ਅਮਰ ਸਿੰਘ ਸ਼ੌਕੀ, ਕਰਨੈਲ ਸਿੰਘ ਪਾਰਸ, ਯਮਲਾ ਜੱਟ ਤੋਂ ਲੈ ਕੇ ਮੁਹੰਮਦ ਸਦੀਕ, ਕੁਲਦੀਪ ਮਾਣਕ, ਹਰਚਰਨ ਗਰੇਵਾਲ, ਕਰਮਜੀਤ ਧੂਰੀ, ਸੁਰਿੰਦਰ ਕੌਰ, ਨਰਿੰਦਰ ਬੀਬਾ, ਦੀਦਾਰ ਸੰਧੂ, ਕਰਨੈਲ ਗਿੱਲ, ਕੇ ਦੀਪ, ਜਗਮੋਹਨ ਕੌਰ, ਸਵਰਨ ਲਤਾ, ਸਨੇਹ ਲਤਾ, ਗੁਲਸ਼ਨ ਕੋਮਲ ਆਦਿ ਅਨੇਕਾਂ ਗਾਇਕ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਸਨ। ਛਿੰਦਾ, ਪੋੋਹਲੀ, ਰਮਤਾ, ਰਮਲਾ ਤੇ ਰੰਗੀਲਾ ਦੀ ਹਾਜ਼ਰੀ ਵੀ ਲੱਗਦੀ ਤੇ ਸ਼ਾਦੀ ਬਖਸ਼ੀ, ਚਾਂਦੀ ਰਾਮ ਦੀ ਵੀ। ਆਸਾ ਸਿੰਘ ਮਸਤਾਨਾ ਤਾਂ ਜ਼ਿਆਦਾ ਕਰਕੇ ਰੇਡੀਓ ਤੋਂ ਸੁਣੀਂਦਾ ਜਾਂ ਸੁਰਿੰਦਰ ਕੌਰ ਵਰਗੀ ਕਿਸੇ ਕੋਇਲ ਨਾਲ ਰਿਕਾਰਡਿੰਗ ਕਰਵਾ ਰਿਹਾ ਹੁੰਦਾ। ਅਖਾੜਿਆਂ ਵਿੱਚ ਢੰਡ, ਸਾਰੰਗੀ, ਤੂੰਬੀ, ਅਲਗੋਜ਼ੇ, ਢੋਲਕ ਦਾ ਇਸਤੇਮਾਲ ਵਧੇਰੇ ਹੁੰਦਾ ਸੀ।
ਤੂੰਬੀ ਦਾ ਬਾਦਸ਼ਾਹ ਯਮਲਾ ਜੱਟ, ਅਮਰ ਸਿੰਘ ਸ਼ੌਕੀ ਸਾਡੇ ਮੁੱਢਲੇ ਵਿਲੱਖਣ ਗਾਇਕ ਹਨ। ਯਮਲੇ ਦੀ ਤੂੰਬੀ ਤੇ ਸ਼ੌਕੀ ਦੀ ਢਾਡੀਨੁਮਾ ਗਾਇਕੀ ਦੇ ਸਰੋਤੇ ਮੁਰੀਦ ਹੁੰਦੇ ਸਨ। ਸ਼ੌਕੀ ਨੇ ਕਿੱਸੇ ਵੀ ਗਾਏ ਤੇ ਸੂਰਬੀਰਾਂ ਦੀਆਂ ਵਾਰਾਂ ਵੀ ਪਰ ਗਾਇਕੀ ਵਜੋੋੋਂ ਵਧੇਰੇ ਮਕਬੂਲ ਹੋਇਆ, ‘ਆ ਜਾ ਭਾਬੋ ਝੂਟ ਲੈ ਪੀਂਘ ਹੁਲਾਰੇ ਖਾਂਦੀ।’ ਯਮਲੇ ਦੀ ਜਾਦੂਭਰੀ ਆਵਾਜ਼ ਵਿੱਚ ਗਾਇਆ, ‘ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ’ ਤਾਂ ਅੱਜ ਵੀ ਸੰਗੀਤ ਪ੍ਰੇਮੀਆਂ ਦੀ ਜ਼ੁਬਾਨ ’ਤੇ ਹੈ ‘ਮੈਂ ਤੇਰੀ ਤੂੰ ਮੇਰਾ ਛੱਡ ਕੇ ਜਾਵੀਂ ਨਾ।’ ਉਸ ਦੇ ਕੁਝ ਹੋਰਨਾਂ ਚਰਚਿਤ ਗੀਤਾਂ ਤੋਂ ਇਲਾਵਾ ਧਾਰਮਿਕ ਗੀਤ ਵੀ ਸਾਨੂੰ ਸਾਰਿਆਂ ਨੂੰ ਯਾਦ ਹੀ ਹੋੋਣਗੇ, ‘ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਐ।’ ਚਾਂਦੀ ਰਾਮ ਦਾ ਗੀਤ ਤਾਂ ਲੋਕਾਂ ਦੇ ਮਨਾਂ ਵਿਚ ਹਾਲੇ ਵੀ ਵੱਸਿਆ ਹੋਵੇਗਾ। ਇਸ ਗਾਇਕ ਨੂੰ ਇਸ ਦੀਆਂ ਡਾਢੀਆਂ ਆਦਤਾਂ ਲੈ ਡੁੱਬੀਆਂ। ਗਾਇਕਾ ਸੁਰਿੰਦਰ ਕੌੌਰ ਨੂੰ ਅਸੀਂ ਸਾਰੇ ‘ਪੰਜਾਬ ਦੀ ਕੋਇਲ’ ਕਰਕੇ ਜਾਣਦੇ ਹਾਂ। ਉਸ ਨੇ ਅਨੇਕਾਂ ਗਾਇਕਾਂ ਨਾਲ ਦੋਗਾਣੇ ਗਾਏ ਤੇ ਸੋਲੋ ਤਾਂ ਲੋੋਕ ਗੀਤਾਂ ਦਾ ਦਰਜਾ ਹੀ ਅਖ਼ਤਿਆਰ ਕਰ ਗਏ, ਮਸਲਨ ‘ਲੱਠੇ ਦੀ ਚਾਦਰ ਉਤੇ ਸਲੇਟੀ ਰੰਗ ਮਾਹੀਆ’, ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’, ‘ਇੱਕ ਮੇਰੀ ਅੱਖ ਕਾਸ਼ਨੀ, ‘ਵੇ ਮੈਂ ਅੱਖੀਆਂ ’ਚ ਪਾਵਾਂ ਕਿਵੇ ਕੱਜਲਾ ਅੱਖੀਆਂ ’ਚ ਤੂੰ ਵੱਸਦਾ।’ ਸੁਰਿੰਦਰ ਵਾਂਗ ਹੀ ਦਿੱਲੀ ਰਹਿੰਦੇ ਆਸਾ ਸਿੰਘ ਮਸਤਾਨਾ ਦੇ ਗਾਏ ਗੀਤਾਂ ਦਾ ਵੀ ਕੋਈ ਤੋੜ ਨਹੀਂ। ਉਸ ਦਾ ਇੱਕ ਦੋਗਾਣਾ ‘ਇਹ ਮੁੰਡਾ ਨਿਰਾ ਛਨਿਚਰੀ’ (ਸੁਰਿੰਦਰ ਕੌਰ ਨਾਲ) ਤਾਂ ਹੁਣ ਵੀ ਕਿਤੇ ਨਾ ਕਿਤੇ ਸੁਣਨ ਨੂੰ ਮਿਲ ਜਾਂਦਾ ਹੈ। ਉਸ ਦੇ ਅਨੇਕਾਂ ਯਾਦਗਾਰੀ ਗੀਤਾਂ ਵਿੱਚੋਂ ਕੁਝ ਦੀ ਚਰਚਾ ਕਰਨੀ ਕੁਥਾਂ ਨਹੀਂ ਹੋਵੇਗੀ, ‘ਭਾਖੜੇ ਤੋਂ ਆਉਂਦੀ ਇੱਕ ਮੁਟਿਆਰ ਨੱਚਦੀ’, ‘ਮੇਲੇ ਨੂੰ ਚੱਲ ਮੇਰੇ ਨਾਲ ਕੁੜੇ’ ਜਾਂ ਫਿਰ ‘ਏਧਰ ਕਣਕਾਂ ਓਧਰ ਕਣਕਾਂ ਵਿੱਚ ਕਣਕਾਂ ਦੇ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ’, ‘ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀਂ’, ‘ਗੋਰੀ ਦੀਆਂ ਝਾਜਰਾਂ ਬੁਲਾਉਂਦੀਆਂ ਗਈਆਂ।’
ਨਰਿੰਦਰ ਬੀਬਾ ਦੀ ਖੜਕਵੀਂ ਆਵਾਜ਼ ਨੂੰ ਭਲਾਂ ਕੋਈ ਭੁਲਾ ਸਕਦਾ ਹੈ? ਉਸ ਦੇ ਗਾਏ ਗੀਤਾਂ ਦੇ ਬੋਲ ਅੱਜ ਵੀ ਕੰਨਾਂ ਵਿੱਚ ਗੂੰਜਦੇ ਹਨ, ‘ਗੱਲ ਸੋੋਚ ਕੇ ਕਰੀਂ ਜ਼ੈਲਦਾਰਾ’, ‘ਕਾਹਨੂੰ ਮਾਰਦੈਂ ਚੰਦਰਿਆਂ ਛਮਕਾ ਮੈਂ ਕੱਚ ਦੇ ਗਲਾਸ ਵਰਗੀ।’ ਜਗਮੋਹਨ ਕੌਰ, ਗੁਰਮੀਤ ਬਾਵਾ ਦੀਆਂ ਆਵਾਜ਼ਾਂ ਵੀ ਦਿਲ ਨੂੰ ਲੁਭਾਉਣ ਵਾਲੀਆਂ ਸਨ। ਸਰਦੂਲ ਸਿਕੰਦਰ ਤੇ ਅਮਰ ਨੂਰੀ ਵੀ ਸਰੋਤਿਆਂ ਦੀ ਕਸਵੱਟੀ ’ਤੇ ਖਰੇ ਉਤਰੇ। ਕੇ ਦੀਪ ਤੇ ਜਗਮੋਹਨ ਦੀ ਕਾਮੇਡੀ (ਮਾਈ ਮੋਹਨੋ) ਤੇ ਗੀਤ ਵੀ ਸਰੋਤੇ ਪਸੰਦ ਕਰਦੇ ਸਨ, ਜਿਵੇਂ ‘ਬਾਬਾ ਵੇ ਕਲਾ ਮਰੋੜ’, ‘ਨੀਂ ਨਿੱਕੀਏ ਲਾ ਦੇ ਜ਼ੋਰ’ ਜਾਂ ਖ਼ਾਸ ਤੌਰ ’ਤੇ ਜਗਮੋਹਨ ਦਾ ‘ਬਾਪੂ ਵੇ ਅੱਡ ਹੁੰਨੀ ਆਂ।’ ਇਵੇਂ ਹੀ ਦੀਦਾਰ ਸੰਧੂ, ਕਰਨੈਲ ਗਿੱਲ, ਕਰਮਜੀਤ ਧੂਰੀ, ਹਰਚਰਨ ਗਰੇਵਾਲ, ਸਨੇਹ ਲਤਾ, ਸਵਰਨ ਲਤਾ, ਸੀਮਾ ਆਦਿ ਦਾ ਵੀ ਬੋਲਬਾਲਾ ਰਿਹਾ। ਸੁਰਿੰਦਰ ਛਿੰਦਾ ਤੇ ਪੋਹਲੀ ਵੀ ’ਕੱਲੇ ਜਾਂ ਦੂਸਰੀਆਂ ਗਾਇਕਾਵਾਂ ਨਾਲ ਗਾਉਂਦੇ ਰਹੇ। ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਗੀਤਾਂ ਦੀ ਵੀ ਪੂਰੀ ਚੜ੍ਹਤ ਰਹੀ। ਚਮਕੀਲੇ ਨੂੰ ਅੱਜ ਵੀ ਲੋਕ ਸੁਣਦੇ ਹਨ।
ਸੰਗੀਤਕਾਰਾਂ ਤੇ ਰਿਕਾਰਡਿੰਗ ਕੰਪਨੀਆਂ ਦੇ ਯੋਗਦਾਨ ਨੂੰ ਵੀ ਭੁੱਲਣਾ ਠੀਕ ਨਹੀਂ ਹੋਵੇਗਾ ਤੇ ਵਿਸ਼ੇਸ਼ ਤੌਰ ’ਤੇ ਜਸਵੰਤ ਭੰਵਰਾ ਤੇ ਦਿੱਲੀ, ਲੁਧਿਆਣਾ ਰਿਕਾਰਡਿੰਗ ਕੇਂਦਰਾਂ ਨੂੰ। ਇਵੇਂ ਹੀ ਗੀਤਕਾਰਾਂ ਤੋਂ ਵਗੈਰ ਵੀ ਗਾਇਕੀ ਕਿੰਝ ਪੂਰ ਚੜ੍ਹੇਗੀ। ਗੀਤਕਾਰੀ ਵਿੱਚ ਪ੍ਰਮੁੱਖ ਹਨ, ਨੰਦ ਲਾਲ ਨੂਰਪੁਰੀ, ਗੁਰਦੇਵ ਸਿੰਘ ਮਾਨ, ਬਾਬੂ ਸਿੰਘ ਮਾਨ (ਮਰਾੜਾ ਵਾਲਾ), ਦੇਵ ਥਰੀਕੇ ਵਾਲਾ, ਸਾਜਨ ਰਾਏਕੋਟੀ, ਇੰਦਰਜੀਤ ਹਸਨਪੁਰੀ, ਚੰਨ ਗੁਰਾਇਆ, ਦੀਦਾਰ ਸੰਧੂ, ਦੀਪਕ ਜੈਤੋਈ ਆਦਿ। ਇਹ ਗੀਤਕਾਰ, ਸੰਗੀਤਕਾਰ ਤੇ ਗਾਇਕ ਮਿਲ ਕੇ ਹੀ ਇੱਕ ਸੁਰ ਬਣਦੇ ਹਨ, ਮੁਕੰਮਲ ਗੀਤ ਜਿਸ ਦਾ ਸਰੋੋਤੇ ਆਨੰਦ ਮਾਣਦੇ ਹਨ। ਗਾਇਕ, ਗਾਇਕਾਵਾਂ ਨੇ ਕਿੱਸਿਆਂ ਨੂੰ ਵੀ ਆਪਣੀ ਆਵਾਜ਼ ਦਿੱਤੀ ਤੇ ਬੀਰ ਰਸੀ ਤੇ ਧਾਰਮਿਕ ਗੀਤਾਂ ਨੂੰ ਵੀ ਆਪਣੇ ਸੁਰ ਦਿੱਤੇ। ਕੁਲਦੀਪ ਮਾਣਕ ਤੇ ਦੇਵ ਥਰੀਕੇਵਾਲਾ ਦੇ ਗੀਤ ਤੇ ਵਿਸ਼ੇਸ਼ ਕਰਕੇ ਕਲੀਆਂ ਨੇ ਸਰੋਤਿਆਂ ਨਾਲ ਬਹੁਤ ਨੇੜਤਾ ਬਣਾਈ। ਮੁਹੰਮਦ ਸਦੀਕ-ਰਣਜੀਤ ਕੌਰ ਦੀ ਜੋੜੀ ਤਾਂ ਬਾਕਮਾਲ ਸੀ ਪਰ ਦੂਸਰੀਆਂ ਕਿਹੜਾ ਕਿਸੇ ਤੋਂ ਘੱਟ ਰਹੀਆਂ। ਸਾਰਿਆਂ ਦੀ ਆਪੋ ਆਪਣੀ ਗਾਇਨ ਸ਼ੈਲੀ ਤੇ ਅੰਦਾਜ਼ ਸੀ। ਕੁਝ ਇੱਕ ਗੀਤਾਂ ਦੇ ਬੋਲ ਲਿਖਣ ਨਾਲ ਹੀ ਸ਼ਾਇਦ ਪਾਠਕਾਂ ਦਾ ਧਿਆਨ ਅਤੀਤ ਵੰਨੀਂ ਚਲਾ ਜਾਵੇਗਾ, ‘ਲੱਠੇ ਦੀ ਚਾਦਰ ਉਤੇ ਸਲੇਟੀ ਰੰਗ ਮਾਹੀਆ’, ‘ਇੱਕ ਤੇਰੀ ਅੱਖ ਕਾਸ਼ਨੀ’, ‘ਚਿੱਟੀਆਂ ਕਪਾਹ ਦੀਆਂ ਫੁੱਟੀਆਂ’, ‘ਗੱਲ ਸੋਚ ਕੇ ਕਰੀਂ ਜ਼ੈਲਦਾਰਾ’, ‘ਗੜਵਾ ਚਾਂਦੀ ਦਾ’, ‘ਬੋਤਾ ਹੌਲੀ ਤੋਰ ਮਿੱਤਰਾ’, ‘ਮੋਟਰ ਮਿੱਤਰਾਂ ਦੀ’, ‘ਮਿੱਤਰਾਂ ਦਾ ਚੱਲਿਆ ਟਰੱਕ ਨੀਂ’, ‘ਕੁਲਫੀ ਦਾ ਕੀ ਖਾਣਾ, ਚੂਪ ਲੈ ਗੰਨਾ ਨੀਂ’, ‘ਮਿੱਤਰਾਂ ਦੀ ਲੂਣ ਦੀ ਡਲੀ’, ‘ਭਾਬੀ ਸਾਗ ਨੂੰ ਨਾ ਜਾਈਂ ਤੇਰਾ ਮੁੰਡਾ ਰੋਊਗਾ’, ‘ਇੰਝ ਨੀਂ ਕਰੀਂਦੇ ਵੇ ਇੰਝ ਨੀਂ ਕਰੀਂਦੇ’, ‘ਕਾਲਾ ਡੋਰੀਆ ਕੁੰਡੇ ਨਾਲ’, ‘ਮਾਂ ਹੁੰਦੀ ਐ ਮਾਂ ਉਏ ਦੁਨੀਆ ਵਾਲਿਓ’, ‘ਕੀ ਹੋਇਆ ਜੇ ਤੂੰ ਕੁੜੀ ਦਿੱਲੀ ਸ਼ੈਅਰ ਦੀ’। ਬੇਸ਼ੱਕ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਯਮਲਾ ਜੱਟ ਤੇ ਕੁਝ ਹੋਰਨਾਂ ਭਲੇ ਗਾਇਕਾ ਨੇ ਹਮੇਸ਼ਾਂ ਸਾਫ਼ ਸੁਥਰੀ ਗਾਇਕੀ ਨੂੰ ਅੰਜਾਮ ਦਿੱਤਾ ਤੇ ਨਰਿੰਦਰ ਬੀਬਾ, ਗੁਰਮੀਤ ਬਾਵਾ, ਕੋਮਲ ਤੇ ਹੋਰ ਨੇ ਆਪੋ ਆਪਣੇ ਅੰਦਾਜ਼ ਵਿੱਚ ਖੂਬ ਗਾਇਆ ਤੇ ਵਧੀਆ ਗਾਇਆ।
ਇਹ ਸੀ ਅੱਸੀਂਵਿਆਂ ਤੋਂ ਪਹਿਲਾਂ ਦੀ ਗੀਤਕਾਰੀ ਤੇ ਗਾਇਕੀ ਜਿਸ ਨੇ ਸਰੋਤਿਆਂ ਦੇ ਦਿਲਾਂ ’ਤੇ ਰਾਜ ਕੀਤਾ। ਇਸ ਉਪਰੰਤ ਗੀਤਕਾਰੀ ਤੇ ਗਾਇਕੀ ਦੀ ਦਸ਼ਾ ਤੇ ਦਿਸ਼ਾ ਹੀ ਬਦਲ ਗਈ ਜਿਸ ਦਾ ਸਿਹਰਾ ਗੁਰਦਾਸ ਮਾਨ ਨੂੰ ਜਾਂਦਾ ਹੈ ਜਿਸ ਨੇ ਅਖਾੜਾ ਕਲਚਰ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਤੇ ਅਨਪੜ੍ਹ ਅਤੇ ਅੱਧ ਪੜ੍ਹੇ ਸਰੋਤਿਆਂ ਦੇ ਨਾਲ ਨਾਲ ਪੜ੍ਹੇ ਲਿਖਿਆਂ ਦੀ ਸਾਂਝ ਵੀ ਪੰਜਾਬੀ ਗਾਇਕੀ ਨਾਲ ਪੁਆਈ। ਸੁਰਜੀਤ ਬਿੰਦਰੱਖੀਆ ਨੇ ਬੁਲੰਦ ਮੁਕਾਮ ਹਾਸਲ ਕੀਤਾ। ਸਤਿੰਦਰ ਸਰਤਾਜ ਜਿਹੀ ਸਾਫ਼ ਸੁਥਰੀ ਗਾਇਕੀ ਨੂੰ ਮਾਣਨ ਵਾਲੇ ਵੀ ਹਾਲੇ ਜਿਊਂਦੇ ਜਾਗਦੇ ਹਨ। ਪਹਿਲਾਂ ਸਾਡੇ ਕੋਲ ਤਵਿਆਂ ਤੋਂ ਇਲਾਵਾ ਸਾਡੇ ਕੋਲ ਕੈਸੇਟਾਂ ਵੀ ਸਨ, ਸੀਡੀਜ਼ ਵੀ ਅਤੇ ਹੁਣ ਤਾਂ ਸਾਡੇ ਕੋਲ ਵਿਭਿੰਨ ਚੈਨਲ ਵੀ ਹਨ ਤੇ ਯੂ-ਟਿਊਬ ਵੀ। ਮਰਹੂਮ ਸਿੱਧੂ ਮੂਸੇਵਾਲੀਆ ਸ਼ੈਲੀ ਤੇ ਅੰਦਾਜ਼ ਅਤੇ ਹਰੇਕ ਗਾਇਕ ਆਪਣੇ ਤਰੀਕੇ ਨਾਲ ਖਿੱਚ ਪੈਦਾ ਕਰਨ ਦੇ ਯਤਨ ਵਿੱਚ ਹੈ ਪਰ ਨਵੀਂ ਪੀੜ੍ਹੀ ਨੂੰ ਬੇਸ਼ੱਕ ਇਹ ਲੁਭਾ-ਭਰਮਾ ਤਾਂ ਰਹੇ ਹਨ, ਪਰ ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ਨਾਲ ਆਮ ਕਰਕੇ ਖਿਲਵਾੜ ਕਰਦੇ ਵੀ ਨਜ਼ਰ ਆ ਰਹੇ ਹਨ। ਦਰਅਸਲ ਅੱਜ ਸਾਡੇ ਕੋਲ ਨਾ ਪੁਰਾਣੇ ਵੇਲਿਆਂ ਜਿਹੇ ਗੀਤ ਹੀ ਹਨ ਤੇ ਨਾ ਹੀ ਗਾਇਕ। ਇਹੋੋ ਸਾਡਾ ਫ਼ਿਕਰ ਹੈ ਪਰ ਫ਼ਿਕਰ ਵਿੱਚੋਂ ਹੀ ਚਿੰਗਿਆੜੀਆਂ ਉੱਠਦੀਆਂ ਹਨ, ਆਸ ਹੈ ਨਿਰਾਸ਼ਾ ਨਹੀਂ।
ਸੰਪਰਕ: 98145-07693