ਇਸਲਾਮਾਬਾਦ, 10 ਫਰਵਰੀ
ਅਤਿਵਾਦ ਰੋਕੂ ਅਦਾਲਤ ਨੇ ਅੱਜ ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੇ ਹਮਾਇਤੀਆਂ ਵੱਲੋਂ 9 ਮਈ ਨੂੰ ਫੌਜੀ ਟਿਕਾਣਿਆਂ ’ਤੇ ਕੀਤੇ ਗਏ ਹਮਲਿਆਂ ਨਾਲ ਸਬੰਧਤ 12 ਕੇਸਾਂ ’ਚ ਜ਼ਮਾਨਤ ਦੇ ਦਿੱਤੀ ਹੈ। ਏਟੀਸੀ ਜੱਜ ਮਲਿਕ ਐਜਾਜ਼ ਆਸਿਫ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਬਾਨੀ ਇਮਰਾਨ ਖਾਨ ਨੂੰ ਇੱਕ ਲੱਖ ਰੁਪਏ ਦੇ ਨਿੱਜੀ ਮੁਚਲਕੇ ’ਤੇ ਪਾਕਿਸਤਾਨ ਫੌਜ ਦੇ ਜਨਰਲ ਹੈੱਡਕੁਆਰਟਰ ਤੇ ਫੌਜੀ ਅਜਾਇਬਘਰ ’ਤੇ ਹਮਲੇ ਸਮੇਤ ਸਾਰੇ 12 ਕੇਸਾਂ ’ਚ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ 71 ਸਾਲਾ ਖਾਨ ਨੂੰ ਗ੍ਰਿਫ਼ਤਾਰ ਰੱਖਣ ਦੀ ਕੋਈ ਤੁੱਕ ਨਹੀਂ ਹੈ ਕਿਉਂਕਿ 9 ਮਈ ਦੇ ਕੇਸ ’ਚ ਸਾਰੇ ਮੁਲਜ਼ਮ ਜ਼ਮਾਨਤ ’ਤੇ ਹਨ। ਇਮਰਾਨ ਖਾਨ ਜੇਲ੍ਹ ’ਚ ਹੀ ਰਹਿਣਗੇ ਕਿਉਂਕਿ ਉਨ੍ਹਾਂ ਨੂੰ ਕਈ ਕੇਸਾਂ ’ਚ ਦੋਸ਼ੀ ਠਹਿਰਾਇਆ ਗਿਆ ਹੈ। ਇਸੇ ਮਾਮਲੇ ’ਚ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵੀ 13 ਮਾਮਲਿਆਂ ’ਚ ਜ਼ਮਾਨਤ ਦਿੱਤੀ ਗਈ ਹੈ। -ਪੀਟੀਆਈ
ਇਮਰਾਨ ਵੱਲੋਂ ਏਆਈ ਸੁਨੇਹੇ ਰਾਹੀਂ ਜਿੱਤ ਦਾ ਦਾਅਵਾ
ਇਸਲਾਮਾਬਾਦ: ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਏਆਈ (ਮਸਨੂਈ ਬੌਧਿਕਤਾ) ਦੀ ਮਦਦ ਨਾਲ ਇੱਕ ਵੀਡੀਓ ਸੁਨੇਹਾ ਭੇਜ ਕੇ ਆਮ ਚੋਣਾਂ ’ਚ ਜਿੱਤ ਦਾ ਦਾਅਵਾ ਕੀਤਾ। ਖਾਨ ਦਾ ਸੁਨੇਹਾ ਉਨ੍ਹਾਂ ਦੀ ਪਾਰਟੀ ਪੀਟੀਆਈ ਨੇ ਐਕਸ ’ਤੇ ਸਾਂਝਾ ਕੀਤਾ ਹੈ। ਖਾਨ ਨੇ ਵੀਡੀਓ ਸੁਨੇਹੇ ’ਚ ਆਪਣੇ ਹਮਾਇਤੀਆਂ ਨੂੰ ਚੋਣ ਨਤੀਜਿਆਂ ਲਈ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਨੂੰ ਉਸ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੀਟੀਆਈ 170 ਸੀਟਾਂ ਜਿੱਤ ਰਹੀ ਹੈ। ਉਨ੍ਹਾਂ ਪੀਟੀਆਈ ਤੋਂ 30 ਸੀਟਾਂ ਘੱਟ ਹੋਣ ਦੇ ਬਾਵਜੂਦ ਜੇਤੂ ਭਾਸ਼ਣ ਦੇਣ ਲਈ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘ਨਵਾਜ਼ ਸ਼ਰੀਫ ਇੱਕ ਮੂਰਖ ਵਿਅਕਤੀ ਹਨ ਜਿਨ੍ਹਾਂ ਆਪਣੀ ਪਾਰਟੀ ਦੇ 30 ਸੀਟਾਂ ਤੋਂ ਪੱਛੜਣ ਦੇ ਬਾਵਜੂਦ ਜੇਤੂ ਭਾਸ਼ਣ ਦਿੱਤਾ ਹੈ।’ -ਪੀਟੀਆਈ