ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਜਨਵਰੀ
ਹੱਡ ਚੀਰਵੀਂ ਠੰਢ ਕਾਰਨ ਯੂਟੀ ਦੇ ਦੋ ਸਕੂਲਾਂ ਨੇ ਪੰਜਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ 9 ਜਨਵਰੀ ਤੋਂ ਆਨਲਾਈਨ ਜਮਾਤਾਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਘਰ ਤੋਂ ਹੀ ਆਨਲਾਈਨ ਸਿੱਖਿਆ ਦੇਣ ਦਾ ਸਰਕੁਲਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਯੂਟੀ ਦੇ ਸਿੱਖਿਆ ਵਿਭਾਗ ਨੇ ਸੀਤ ਲਹਿਰ ਵਧਣ ਕਾਰਨ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ 14 ਜਨਵਰੀ ਤਕ ਛੁੱਟੀਆਂ ਕਰ ਦਿੱਤੀਆਂ ਹਨ ਤੇ ਨੌਂਵੀ ਜਮਾਤ ਤੋਂ ਉੱਤੇ ਦੇ ਵਿਦਿਆਰਥੀਆਂ ਲਈ 9 ਜਨਵਰੀ ਤੋਂ ਸਕੂਲ ਸ਼ੁਰੂ ਹੋਣ ਦੇ ਹੁਕਮ ਜਾਰੀ ਕੀਤੇ ਹਨ।
ਜਾਣਕਾਰੀ ਅਨੁਸਾਰ ਭਵਨ ਵਿਦਿਆਲਿਆ ਸਕੂਲ ਸੈਕਟਰ 33 ਨੇ ਅੱਜ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਰਕੁਲਰ ਜਾਰੀ ਕਰ ਕੇ ਕਿਹਾ ਕਿ ਸਕੂਲ ਵੱਲੋਂ 9 ਜਨਵਰੀ ਤੋਂ ਆਨਲਾਈਨ ਜਮਾਤਾਂ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਦਾ ਸਮਾਂ ਪਹਿਲਾਂ ਵਾਲਾ ਹੀ ਸਵੇਰੇ ਅੱਠ ਤੋਂ ਦੁਪਹਿਰ ਦੋ ਵਜੇ ਤਕ ਦਾ ਰੱਖਿਆ ਗਿਆ ਹੈ।
ਸਕੂਲ ਨੇ ਇਸ ਸਬੰਧ ਵਿਚ ਆਪਣੇ ਅਧਿਆਪਕਾਂ ਨੂੰ ਪੜ੍ਹਾਉਣ ਸਮੱਗਰੀ ਤਿਆਰ ਕਰਨ ਦੇ ਹੁਕਮ ਵੀ ਦੇ ਦਿੱਤੇ ਹਨ। ਦੂਜੇ ਪਾਸੇ ਇਕ ਹੋਰ ਸਕੂਲ ਸੇਂਟ ਜੌਹਨਜ਼ ਸਕੂਲ ਸੈਕਟਰ 26 ਵੱਲੋਂ ਵੀ ਛੋਟੇ ਬੱਚਿਆਂ ਲਈ ਆਨਲਾਈਨ ਜਮਾਤਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਲਈ ਭਲਕੇ ਹੁਕਮ ਜਾਰੀ ਕਰ ਦਿੱਤੇ ਜਾਣਗੇ।
ਸਕੂਲ ਦੇ ਸੀਨੀਅਰ ਅਧਿਆਪਕ ਨੇ ਦੱਸਿਆ ਕਿ ਕਰੋਨਾ ਕਾਰਨ ਪਹਿਲਾਂ ਹੀ ਬੱਚਿਆਂ ਦਾ ਸਮਾਂ ਕਾਫੀ ਖਰਾਬ ਹੋ ਗਿਆ ਹੈ ਤੇ ਹੁਣ ਸਰਦੀ ਦੀਆਂ ਛੁੱਟੀਆਂ ਵਧਣ ਕਾਰਨ ਉਹ ਵਿਦਿਆਰਥੀਆਂ ਦਾ ਹੋਰ ਨੁਕਸਾਨ ਨਹੀਂ ਹੋਣ ਦੇਣਗੇ ਜਿਸ ਕਰਕੇ ਆਨਲਾਈਨ ਜਮਾਤਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਕਾਰਮਲ ਕਾਨਵੈਂਟ ਸਕੂਲ ਵੱਲੋਂ ਆਨਲਾਈਨ ਜਮਾਤਾਂ ਦਾ ਵੇਰਵਾ ਜਾਰੀ
ਇੱਥੋਂ ਦੇ ਕਾਰਮਲ ਕਾਨਵੈਂਟ ਸਕੂਲ ਸੈਕਟਰ-9 ਨੇ ਅੱਜ ਸਰਕੁਲਰ ਜਾਰੀ ਕਰ ਕੇ ਕਿਹਾ ਹੈ ਕਿ ਪਹਿਲੀ ਤੋਂ ਨੌਵੀਂ ਜਮਾਤ ਲਈ 9 ਤੋਂ 13 ਜਨਵਰੀ ਤਕ ਆਨਲਾਈਨ ਜਮਾਤਾਂ ਲਾਈਆਂ ਜਾਣਗੀਆਂ ਜੋ ਸਵੇਰੇ ਨੌਂ ਤੋਂ ਦੁਪਹਿਰ ਢਾਈ ਵਜੇ ਤਕ ਲੱਗਣਗੀਆਂ ਜਦਕਿ ਗਿਆਰ੍ਹਵੀਂ ਜਮਾਤ ਲਈ ਨੌਂ ਤੋਂ ਸਾਢੇ ਬਾਰਾਂ ਵਜੇ ਤਕ ਆਨਲਾਈਨ ਜਮਾਤਾਂ ਲੱਗਣਗੀਆਂ। ਇਸ ਤੋਂ ਇਲਾਵਾ ਦਸਵੀਂ ਤੇ ਬਾਰ੍ਹਵੀਂ ਜਮਾਤ ਲਈ ਪ੍ਰੀ ਬੋਰਡ ਪ੍ਰੀਖਿਆਵਾਂ 11 ਜਨਵਰੀ ਤੋਂ ਸ਼ੁਰੂ ਹੋਣਗੀਆਂ। ਇਨ੍ਹਾਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ ਨੌਂ ਵਜੇ ਤੋਂ ਸਾਢੇ ਬਾਰਾਂ ਵਜੇ ਦਾ ਰਹੇਗਾ। ਸਕੂਲ ਦੀ ਪ੍ਰਿੰਸੀਪਲ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਲਿਆਉਣ ਤੇ ਛੱਡਣ ਲਈ ਬੱਸਾਂ ਚੱਲਣਗੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਸਵੇਰੇ ਨੌਂ ਵਜੇ ਸਕੂਲ ਆਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਹੋਰ ਸਕੂਲਾਂ ਵਲੋਂ ਵੀ ਆਨਲਾਈਨ ਜਮਾਤਾਂ ਸ਼ੁਰੂ ਕਰਨ ਬਾਰੇ ਵਿਚਾਰਾਂ ਕੀਤੀਆਂ ਗਈਆਂ।
ਈਡਬਲਿਊਐੱਸ ਵਿਦਿਆਰਥੀਆਂ ਨੂੰ ਲੈਪਟਾਪ ਤੇ ਮੋਬਾਈਲ ਦੀ ਸਮੱਸਿਆ
ਇਸ ਸਕੂਲ ਦੇ ਇਕ ਈਡਬਲਿਊਐਸ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਕਰੋਨਾ ਵੇੇਲੇ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਤੋਂ ਲੈਪਟਾਪ ਮੰਗਿਆ ਸੀ ਪਰ ਹੁਣ ਸਕੂਲ ਨੇ ਮੁੜ ਆਨਲਾਈਨ ਜਮਾਤਾਂ ਸ਼ੁਰੂ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ ਤੇ ਉਹ ਹੁਣ ਕਿਸ ਤੋਂ ਲੈਪਟਾਪ ਜਾਂ ਮੋਬਾਈਲ ਮੰਗਣਗੇ। ਮਾਪਿਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਸਕੂਲਾਂ ਦਾ ਸਮਾਂ ਸਵੇਰ ਨੌਂ ਵਜੇ ਤੋਂ ਬਾਅਦ ਹੀ ਰੱਖਣ ਲਈ ਕਿਹਾ ਹੈ ਜਦਕਿ ਸਕੂਲ ਨੇ ਅੱਜ ਸਰਕੁਲਰ ਜਾਰੀ ਕਰ ਕੇ ਸਮਾਂ ਸਵੇਰ ਅੱਠ ਵਜੇ ਦਾ ਕਰਨ ਲਈ ਕਿਹਾ ਹੈ। ਆਰਟੀਈ ਐਕਟ ਅਨੁਸਾਰ ਹਰ ਸਕੂਲ ਵਿਚ 25 ਫੀਸਦੀ ਬੱਚੇ ਗਰੀਬ ਪਰਿਵਾਰਾਂ ਦੇ ਪੜ੍ਹਦੇ ਹਨ।