ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਫਰਵਰੀ
ਐੱਨਐੱਸ ਕਿਊਐੱਫ ਦਾ ਜ਼ਿਲ੍ਹਾ ਪੱਧਰੀ ਸਕਿਲ ਮੁਕਾਬਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਹ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਿਟਰੀ ਰੋਡ ਲੁਧਿਆਣਾ ਵਿਖੇ ਜ਼ਿਲ੍ਹਾ ਵੋਕੇਸ਼ਨਲ ਕੋਆਡੀਨੇਟਰ ਪੰਕਜ ਕੋਸ਼ਲ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸੇਖੇਵਾਲ ਸਕੂਲ ਦੀ ਟੀਮ ਨੇ ਜੇਤੂ ਰਹੀ। ਇਸ ਮੁਕਾਬਲੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵੱਖ ਵੱਖ ਬਾਲਕਾਂ ਦੇ ਸਕੂਲਾਂ ਵੱਲੋਂ ਸਕਿਲ ਮਾਡਲਾਂ ਲਈ ਭੇਜੀਆਂ ਪੇਸ਼ਕਸ਼ਾਂ ਵਿੱਚੋਂ ਚੁਣੀਆਂ ਗਈਆਂ 19 ਟੀਮਾਂ ਨੇ ਹਿੱਸਾ ਲਿਆ। ਇਸ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਕਿੱਲਜ਼ ਨਾਲ ਸਬੰਧਤ ਬਹੁਤ ਸੋਹਣੇ ਮਾਡਲਾਂ ਦੀ ਪੇਸ਼ਕਾਰੀ ਕੀਤੀ ਗਈ। ਮੁਕਾਬਲੇ ਦੌਰਾਨ ਮਾਡਲ ਦੀ ਦਰਜਾਬੰਦੀ ਕਰਨ ਹਿੱਤ ਜੱਜਮੈਂਟ ਦੀ ਭੂਮਿਕਾ ਵੋਕਸ਼ਨਲ ਮਾਸਟਰ ਸੰਦੀਪ ਸਿੰਘ , ਅਮਨਦੀਪ ਸਿੰਘ ਅਤੇ ਇੰਸਟਕਟਰ ਅਮਿਤ ਕਪੂਰ ਵੱਲੋਂ ਨਿਭਾਈ ਗਈ । ਸਾਰੀਆਂ ਹੀ ਟੀਮਾਂ ਨੇ ਬਹੁਤ ਮਿਹਨਤ ਕੀਤੀ ਸੀ ਪ੍ਰੰਤੂ ਸਭ ਤੋਂ ਵਧੀਆ ਪੇਸ਼ਕਾਰੀ ਵਾਲੇ ਪਹਿਲੇ ਤਿੰਨ ਮਾਡਲਾਂ ਦੀਆਂ ਟੀਮਾਂ ਨੂੰ ਸਰਟੀਫਿਕੇਟ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪੱਧਰੀ ਸਕਿਲਜ਼ ਮੁਕਾਬਲੇ ਵਿਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖੇਵਾਲ ਨੇ ਹਾਸਲ ਕੀਤਾ। ਦੂਜਾ ਸਥਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਿੱਲ ਅਤੇ ਤੀਸਰਾ ਸਥਾਨ ਸਕੂਲ ਆਫ ਐਮੀਨੈਂਸ (ਲੜਕੀਆਂ) ਭਾਰਤ ਨਗਰ ਨੇ ਪ੍ਰਾਪਤ ਕੀਤਾ।
ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਵਿੱਚੋਂ ਪਹਿਲਾ ਸਥਾਨ ’ਤੇ ਰਹੀ ਟੀਮ ਦੇ ਵਿਦਿਆਰਥੀ ਨੂੰ 4000 ਰੁਪਏ, ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 3000 ਰੁਪਏ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 2000 ਰੁਪਏ ਦੀ ਇਨਾਮੀ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾਈ ਜਾਵੇਗੀ। ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਸ੍ਰੀ ਕੌਸ਼ਲ ਵੱਲੋਂ ਮੇਲੇ ਵਿੱਚ ਸ਼ਾਮਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅੱਗੇ ਤੋਂ ਹੋਰ ਵੀ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ।