ਤਿਰੂਵਨੰਤਪੁਰਮ, 11 ਫਰਵਰੀ
ਸੰਨਿਆਸ ਲੈ ਚੁੱਕੀ ਪਹਿਲਵਾਨ ਸਾਕਸ਼ੀ ਮਲਿਕ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸੋਸ਼ਨ ਦੇ ਦੋਸ਼ਾਂ ’ਤੇ ਮਹਿਲਾ ਪਹਿਲਵਾਨਾਂ ਦੇ ਇੱਕ ਸਮੂਹ ਦੇ ਵਿਰੋਧ ਪ੍ਰਦਰਸ਼ਨ ਨੂੰ ਸਮਰਥਨ ਨਾ ਦੇਣ ਲਈ ਦੇਸ਼ ਦੀਆਂ ਮੰਨੀਆਂ-ਪ੍ਰਮੰਨੀਆਂ ਖਿਡਾਰਨਾਂ ਪੀਟੀ ਊਸ਼ਾ ਅਤੇ ਮੇਰੀ ਕੌਮ ’ਤੇ ਨਿਸ਼ਾਨਾ ਸੇਧਿਆ ਹੈ। ਸਾਕਸ਼ੀ ਨੇ ਕਿਹਾ ਕਿ ਹਾਲਾਂਕਿ ਊਸ਼ਾ ਅਤੇ ਮੇਰੀ ਕੌਮ ਨੂੰ ਉਨ੍ਹਾਂ ਵਰਗੀਆਂ ਖਿਡਾਰਨ ਵੱਲੋਂ ਇੱਕ ਪ੍ਰੇਰਨਾ ਵਜੋਂ ਲਿਆ ਜਾਂਦਾ ਹੈ ਪਰ ਉਹ ਪੀੜਤ ਮਹਿਲਾ ਪਹਿਲਵਾਨਾਂ ਦੇ ਸਮਰਥਨ ਵਿੱਚ ਕੁੱਝ ਨਹੀਂ ਬੋਲੀਆਂ। ਓਲੰਪਿਕ ਤਗ਼ਮਾ ਜੇਤੂ ਇੱਥੇ ਕਨਕੱਕੂਨੱਨੂ ਵਿੱਚ ਮਾਤਰਭੂਮੀ ਇੰਟਰਨੈਸ਼ਨਲ ਫੈਸਟੀਵਲ ਆਫ ਲੈਟਰਜ਼ (ਐੱਮਬੀਆਈਐੱਫਐੱਲ) 2024 ਤਹਿਤ ਇੱਕ ਸੈਸ਼ਨ ਨੂੰ ਸੰਬੋਧਨ ਕਰ ਰਹੀ ਸੀ। ਆਪਣੇ ਅੰਦੋਲਨ ਨੂੰ ਲੈ ਕੇ ਦਿੱਗਜ਼ ਖੇਡ ਸਿਤਾਰਿਆਂ ਦੀ ਪ੍ਰਤੀਕਿਰਿਆ ’ਤੇ ਹੈਰਾਨੀ ਜਤਾਉਂਦਿਆਂ ਸਾਕਸ਼ੀ ਨੇ ਕਿਹਾ ਕਿ ਉਨ੍ਹਾਂ ਦੋਵਾਂ ਨੇ ਪਹਿਲਵਾਨਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਸੀ ਪਰ ਕੋਈ ਹੱਲ ਕੱਢਣ ਲਈ ਕੁੱਝ ਨਹੀਂ ਕੀਤਾ। ਸਾਕਸ਼ੀ ਨੇ ਕਿਹਾ, ‘‘ਪੀਟੀ ਊਸ਼ਾ ਮੈਡਮ ਸਾਡੇ ਧਰਨਾ ਸਥਲ ’ਤੇ ਆਈ ਸੀ। ਅਸੀਂ ਉਨ੍ਹਾਂ ਨੂੰ ਆਪਣੇ ਮੁੱਦਿਆਂ ਬਾਰੇ ਵਿਸਥਾਰ ਵਿੱਚ ਦੱਸਿਆ ਸੀ। ਉਹ ਸਾਡਾ ਸਮਰਥਨ ਕਰ ਸਕਦੀ ਸੀ ਪਰ ਉਹ ਸਾਨੂੰ ਇਹ ਭਰੋਸਾ ਦੇਣ ਦੇ ਬਾਵਜੂਦ ਚੁੱਪ ਰਹੀ ਕਿ ਉਹ ਸਾਡੇ ਨਾਲ ਖੜ੍ਹੀ ਰਹੇਗੀ ਅਤੇ ਹਰ ਸੰਭਵ ਮਦਦ ਕਰੇਗੀ।’’ ਦਿੱਗਜ਼ ਪਹਿਲਵਾਨ ਮੇਰੀ ਕੌਮ ਬਾਰੇ ਗੱਲ ਕਰਦਿਆਂ ਉਹ ਥੋੜ੍ਹੀ ਭਾਵੁਕ ਹੋ ਗਈ। ਮੇਰੀ ਕੌਮ, ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਜਿਣਸੀ ਸੋਸ਼ਨ ਦੇ ਦੋਸ਼ਾਂ ਦੀ ਜਾਂਚ ਕਰਵਾਉਣ ਅਤੇ ਇੱਕ ਰਿਪੋਰਟ ਸੌਂਪਣ ਲਈ ਬਣਾਈ ਗਈ ਜਾਂਚ ਕਮੇਟੀ ਦੀ ਮੈਂਬਰ ਸੀ। ਸਾਕਸ਼ੀ ਨੇ ਕਿਹਾ ਕਿ ਜਦੋਂ ਮੇਰੀ ਕੌਮ ਕਮੇਟੀ ਵਿੱਚ ਸੀ ਤਾਂ ਉਨ੍ਹਾਂ ਹਰੇਕ ਮਹਿਲਾ ਪਹਿਲਵਾਨ ਦੀ ਕਹਾਣੀ ਸੁਣੀ ਪਰ ਕਈ ਮਹੀਨੇ ਲੰਘਣ ਮਗਰੋਂ ਵੀ ਕੋਈ ਹੱਲ ਨਹੀਂ ਨਿਕਲਿਆ। -ਪੀਟੀਆਈ