ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਫਰਵਰੀ
ਨੈਸ਼ਨਲ ਬੁੱਕ ਟਰੱਸਟ ਵੱਲੋਂ ਇਥੋਂ ਦੇ ਪ੍ਰਗਤੀ ਮੈਦਾਨ ਵਿੱਚ ਲਾਏ ਵਿਸ਼ਵ ਪੁਸਤਕ ਮੇਲੇ ਦੌਰਾਨ ਪੰਜਾਬੀ ਪਾਠਕਾਂ ਨੇ ਵੀ ਹਾਜ਼ਰੀ ਲਗਾਈ। ਪੱਛਮੀ ਦਿੱਲੀ ਦੇ ਰਾਜਾ ਗਾਰਡਨ ਤੋਂ ਸੱਜਣ ਨੇ ਪੰਜਾਬੀ ਭਾਸ਼ਾ ਦੀਆਂ ਕਿਤਾਬਾਂ ਦੇ ਸਟਾਲ ਲਾਉਣ ਦੇ ਪੰਜਾਬੀ ਸਾਹਿਤ ਸਭਾ ਦੇ ਉੱਦਮ ਨੂੰ ਸਲਾਹਿਆ। ਮਨਪ੍ਰੀਤ ਪ੍ਰਕਾਸ਼ਨ ਦੇ ਪ੍ਰਬੰਧਕ ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਨੇ ਹਰੇਕ ਪੰਜਾਬੀ ਪ੍ਰਕਾਸ਼ਕ ਨੂੰ ਕਰੀਬ 49000 ਰੁਪਏ ਸਟਾਲ ਲਾਉਣ ਲਈ ਵਿਤੀ ਸਹਾਇਤਾ ਦਿੱਤੀ ਹੈ। ਇਸ ਵਾਰ ਤਿੰਨ ਪੰਜਾਬੀ ਪ੍ਰਕਾਸ਼ਕਾਂ ਨੇ ਸਟਾਲ ਲਾਏ ਹਨ। ਲੇਖਿਕਾ ਅੰਮੀਆ ਕੰਵਰ ਨੇ ਦੱਸਿਆ ਕਿ ਲੇਖਕਾਂ ਦੀ ਸਰਗਰਮ ਭੂਮਿਕਾ ਹੈ ਤੇ ਪੰਜਾਬ ਤੇ ਹਰਿਆਣਾ ਤੋਂ ਵਿਦਿਆਰਥੀ ਵੀ ਕਿਤਾਬਾਂ ਲੈਣ ਆਏ ਹਨ। ਹਰਿਆਣਾ ਦੇ ਸਿਰਸਾ ਤੋਂ ਆਏ ਸੰਜੀਵ ਤੇ ਅੰਜਲੀ ਗੁਪਤਾ ਨੇ ਦੱਸਿਆ ਕਿ ਇਕ ਥਾਂ ’ਤੇ ਬਹੁ ਵਿਸ਼ਿਆਂ ਦੀਆਂ ਕਿਤਾਬਾਂ ਮੁਹੱਈਆ ਹੋਣ ਕਰਕੇ ਪਾਠਕਾਂ ਨੂੰ ਸੌਖ ਹੈ।