ਆਤਿਸ਼ ਗੁਪਤਾ
ਚੰਡੀਗੜ੍ਹ, 12 ਫਰਵਰੀ
ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਿਸਾਨੀ ਮੰਗਾਂ ਨੂੰ ਹੱਲ ਕਰਵਾਉਣ ਲਈ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੇ ਦਿੱਤੇ ਸੱਦੇ ਕਰ ਕੇ ਚੰਡੀਗੜ੍ਹ ਪੁਲੀਸ ਵੀ ਚੌਕਸ ਹੋ ਗਈ ਹੈ। ਪੁਲੀਸ ਵੱਲੋਂ ਅੱਜ ਸਵੇਰ ਤੋਂ ਹੀ ਪੰਜਾਬ ਤੇ ਹਰਿਆਣਾ ਨਾਲ ਲਗਦੀਆਂ ਮੁੱਖ 11 ਸੜਕਾਂ ’ਤੇ ਨਾਕਾਬੰਦੀ ਕਰ ਦਿੱਤੀ ਗਈ ਹੈ। ਚੰਡੀਗੜ੍ਹ ਦੀਆਂ ਸਰਹੱਦਾਂ ’ਤੇ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਾਰ ਰੱਖਣ ਤੇ ਆਵਾਜਾਈ ਪ੍ਰਬੰਧ ਦਰੁਸਤ ਰੱਖਣ ਲਈ 1100 ਦੇ ਕਰੀਬ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲੀਸ ਨੇ ਲੋਕਾਂ ਨੂੰ 13 ਫਰਵਰੀ ਵਾਲੇ ਦਿਨ ਮੁਹਾਲੀ ਦੇ ਨਾਲ ਲਗਦੀਆਂ ਸੜਕਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਹੈ।
ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰਾਂ ’ਤੇ ਸਵਾਰ ਹੋ ਕੇ ਦਿੱਲੀ ਜਾ ਰਹੇ ਹਨ। ਇਸ ਦੌਰਾਨ ਚੰਡੀਗੜ੍ਹ ਤੇ ਮੁਹਾਲੀ ਦੀ ਸਰਹੱਦ ’ਤੇ ਸਾਰਾ ਦਿਨ ਆਵਾਜਾਈ ਸਮੱਸਿਆ ਹੋ ਸਕਦੀ ਹੈ ਜਿਸ ਦਾ ਅਸਰ ਚੰਡੀਗੜ੍ਹ ਵਿੱਚ ਵੀ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸੇ ਕਰ ਕੇ ਸੈਕਟਰ-51/52 ਦੀ ਸੜਕ ’ਤੇ ਪੈਂਦਾ ਮਟੌਰ ਬੈਰੀਅਰ, ਸੈਕਟਰ-53/54 ਫਰਨੀਚਰ ਮਾਰਕੀਟ ਬੈਰੀਅਰ, ਸੈਕਟਰ-54/55 ਬਡਹੇੜੀ ਬੈਰੀਅਰ, ਸੈਕਟਰ-55/56 ਵਾਲੀ ਸੜਕ, ਪਲਸੌਰਾ ਨੇੜੇ ਮੁਹਾਲੀ ਬੈਰੀਅਰ ’ਤੇ ਨਾਕਾਬੰਦੀ ਜਾਵੇਗੀ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲੀਸ ਵੱਲੋਂ ਚੌਕਸੀ ਦੇ ਚਲਦਿਆਂ ਫੈਦਾਂ ਬੈਰੀਅਰ, ਜ਼ੀਰਕਪੁਰ ਬੈਰੀਅਰ, ਮੁਲਾਪੁਰ ਬੈਰੀਅਰ, ਨਵਾਂ ਗਾਓਂ ਬੈਰੀਅਰ, ਢਿੱਲੋਂ ਬੈਰੀਅਰ ਅਤੇ ਹਾਊਸਿੰਗ ਬੋਰਡ ਲਾਈਟ ਪੁਾਇੰਟ ਮਨੀਮਾਜਰਾ ’ਤੇ ਵੀ ਨਾਕਾਬੰਦੀ ਕੀਤੀ ਜਾਵੇਗੀ।
ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ 13 ਫਰਵਰੀ ਨੂੰ ਜ਼ਮੀਨੀ ਹਾਲਾਤ ਦੇਖਦੇ ਹੋਏ ਇਨ੍ਹਾਂ ਬੈਰੀਅਰਾਂ ਨੂੰ ਕੁਝ ਸਮੇਂ ਲਈ ਬੰਦ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 13 ਫਰਵਰੀ ਨੂੰ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਤੇ ਆਵਾਜਾਈ ਵਿਵਸਥਾ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲੀਸ ਦਾ ਸਹਿਯੋਗ ਕਰਨ।
ਜ਼ਿਕਰਯੋਗ ਹੈ ਕਿ ਲੰਘੇ ਦਿਨ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਵੀ ਧਾਰਾ-144 ਲਾਗੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਕਿਸੇ ਕਿਸਮ ਦਾ ਪ੍ਰਦਰਸ਼ਨ ਜਾਂ ਟਰੈਕਟਰਾਂ ਰਾਹੀਂ ਰੋਡ ਸ਼ੋਅ ਕੱਢਣ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ।