ਪੱਤਰ ਪ੍ਰੇਰਕ
ਸਮਰਾਲਾ, 12 ਫਰਵਰੀ
ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਅਤੇ ਚੇਅਰਮੈਨ ਅੰਮ੍ਰਿਤਪਾਲ ਕੌਰ ਢਿੱਲੋਂ ਦੀ ਪ੍ਰੇਰਨਾ ਸਦਕਾ ਪ੍ਰਿੰਸੀਪਲ ਪੂਨਮ ਸ਼ਰਮਾ ਦੀ ਅਗਵਾਈ ਹੇਠ ਅਤੇ ਸਕੂਲ ਦੇ ਸਹਿਯੋਗ ਨਾਲ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰ ਕੇ ਖੂਬ ਰੰਗ ਬੰਨ੍ਹਿਆ ਅਤੇ ਬਾਰਵੀਂ ਕਲਾਸ ਪਾਸ ਕਰਕੇ ਜਾ ਰਹੇ ਵਿਦਿਆਰਥੀਆਂ ਨੂੰ ਤੋਹਫ਼ੇ ਭੇਟ ਕੀਤੇ। ਬੱਚਿਆਂ ਨੇ ਡਾਂਸ, ਬੋਲੀਆਂ, ਕਵਿਤਾਵਾਂ ਤੇ ਗੀਤ ਗਾ ਕੇ ਇਸ ਦਿਨ ਨੂੰ ਯਾਦਗਾਰ ਬਣਾਇਆ ਤੇ ਬੱਚਿਆਂ ਲਈ ਕਈ ਤਰ੍ਹਾਂ ਦੀਆਂ ਦਿਲਚਸਪ ਖੇਡਾਂ ਕਰਵਾਈਆਂ, ਜਿਸ ਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ। ਮਿਸਟਰ ਫੇਅਰਵੈੱਲ ਅਤੇ ਮਿਸ ਫੇਅਰਵੈਲ ਚੁਣਨ ਲਈ ਰੈਂਪ ਵਾਕ ਅਤੇ ਪ੍ਰਸ਼ਨ ਉੱਤਰ ਰਾਊਂਡ ਰੱਖਿਆ ਗਿਆ। ਇਸ ਮੌਕੇ ਬੱਚਿਆਂ ਦੀ ਪ੍ਰਫਾਰਮੈਂਸ ਦੇ ਅਧਾਰ ’ਤੇ ਮਿਸਟਰ ਤੇ ਮਿਸ ਫੇਅਰਵੈੱਲ 2024 ਦੀ ਚੋਣ ਕੀਤੀ ਗਈ, ਜਿਸ ਵਿੱਚ ਯਸ਼ਮੀਤ ਸਿੰਘ ਨੇ ਮਿਸਟਰ ਫੇਅਰਵੈਲ ਅਤੇ ਰੀਆ ਮੋਂਗਾ ਨੇ ਮਿਸ ਫੇਅਰਵੈਲ ਦਾ ਖਿਤਾਬ ਜਿੱਤਿਆ। ਇਸ ਮੌਕੇ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਜਿੱਥੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਉੱਥੇ ਉਨਾਂ ਨੇ ਵਿਦਿਆਰਥੀਆਂ ਨੂੰ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਜ਼ਿੰਦਗੀ ਵਿੱਚ ਅੱਗੇ ਵਧਦੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ। ਸਾਰੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਸ਼ੁੱਭ-ਇਛਾਵਾਂ ਦਿੱਤੀਆਂ ਅਤੇ ਸਿੱਖਿਆ ਪ੍ਰਾਪਤ ਕਰਕੇ ਉੱਚ-ਅਹੁਦਿਆਂ ਤੱਕ ਪਹੁੰਚਣ ਦੀ ਕਾਮਨਾ ਕੀਤੀ। ਅੰਤ ’ਚ ਪਿ੍ੰਸੀਪਲ ਡਾ. ਪੂਨਮ ਸ਼ਰਮਾਂ ਨੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਸਭ ਨੂੰ ਵਧਾਈ ਦਿੱਤੀ।