ਮਨਧੀਰ ਸਿੰਘ ਦਿਓਲ/ਏਜੰਸੀ
ਨਵੀਂ ਦਿੱਲੀ, 13 ਫਰਵਰੀ
ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ਵਿਚ ਦਾਖਲ ਹੋਣ ਤੋਂ ਰੋਕਣ ਲਈ ਸਰਹੱਦਾਂ ‘ਤੇ ਸਖ਼ਤੀ ਕਰਨ ਕਾਰਨ ਅੱਜ ਸਵੇਰੇ ਤੋਂ ਹੀ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਵਿਚ ਵਾਹਨ ਚਾਲਕਾਂ ਨੂੰ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੰਘੂ, ਟਿਕਰੀ ਤੇ ਗਾਜ਼ੀਪੁਰ ਵਿਚ ਵਾਹਨ ਬਹੁਤ ਹੌਲੀ ਰਫਤਾਰ ਨਾਲ ਚਲਦੇ ਦੇਖੇ ਗਏ| ਟ੍ਰੈਫਿਕ ਪੁਲੀਸ ਨੇ ਲੋਕਾਂ ਨੂੰ ਮੈਟਰੋ ਦੀਆਂ ਸੇਵਾਵਾਂ ਲੈਣ ਲਈ ਕਿਹਾ ਹੈ। ਗਾਜ਼ੀਪੁਰ ਬਾਰਡਰ ‘ਤੇ ਨੋਇਡਾ ਅਤੇ ਦਿੱਲੀ ਨੂੰ ਜੋੜਨ ਵਾਲੇ ਮੁੱਖ ਮਾਰਗ ਦੇ ਅੱਧੇ ਹਿੱਸੇ ‘ਤੇ ਬੈਰੀਕੇਡ ਹੋਣ ਕਾਰਨ ਇਕ ਸਮੇਂ ‘ਚ ਸਿਰਫ ਦੋ ਵਾਹਨ ਹੀ ਲੰਘ ਰਹੇ ਹਨ। ਪੁਲੀਸ ਨੇ ਗਾਜ਼ੀਪੁਰ ਸਰਹੱਦ ਨੇੜੇ ਲਿੰਕ ਸੜਕਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਵਾਹਨ ਕਤਾਰ ’ਚ ਚੱਲ ਰਹੇ ਹਨ।