ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਫਰਵਰੀ
ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਜੇਈਈ ਮੇਨ ਸੈਸ਼ਨ-1 ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਆਯੂਸ਼ ਗੰਗਲ 99.99 ਪਰਸੈਂਟਾਈਲ ਨਾਲ ਚੰਡੀਗੜ੍ਹ ਟਾਪਰ ਬਣ ਗਿਆ ਹੈ। ਟ੍ਰਾਈਸਿਟੀ ਵਿੱਚ ਵੀ ਸਭ ਤੋਂ ਵੱਧ ਸਕੋਰ ਹਾਸਲ ਕਰਨ ਵਾਲਾ ਗੰਗਲ ਭਵਨ ਵਿਦਿਆਲਿਆ ਸੈਕਟਰ-27 ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਹੈ। ਦੂਜੇ ਪਾਸੇ, ਮਾਯੰਕ ਜੈਨ ਦੇ 300 ਵਿੱਚੋਂ 290 ਅੰਕਾਂ ਨਾਲ 99.98 ਪਰਸੈਂਟਾਈਲ ਆਏ ਹਨ। ਉਹ ਗੁਰੂਕੁਲ ਗਲੋਬਲ ਸਕੂਲ ਦਾ ਵਿਦਿਆਰਥੀ ਹੈ। ਵੰਸ਼ ਗੋਇਲ ਦੇ 99.7 ਪਰਸੈਂਟਾਈਲ ਆਏ ਹਨ। ਉਹ ਸਟੈਪਿੰਗ ਸਟੋਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-37 ਵਿਚ ਬਾਰ੍ਹਵੀਂ ਦਾ ਵਿਦਿਆਰਥੀ ਹੈ। ਰਹਿਮਤ ਸਿੰਘ ਨੇ 99.73 ਪਰਸੈਂਟਾਈਲ ਹਾਸਲ ਕੀਤੇ ਹਨ। ਉਹ ਚੰਡੀਗੜ੍ਹ ਦੇ ਬੈਪਟਿਸਟ ਸਕੂਲ ਸੈਕਟਰ-45 ਵਿੱਚ ਬਾਰ੍ਹਵੀਂ ਕਲਾਸ ਦਾ ਵਿਦਿਆਰਥੀ ਹੈ। ਦਸਵੀਂ ਤੱਕ ਦੀ ਪੜ੍ਹਾਈ ਉਸ ਨੇ ਯਾਦਵਿੰਦਰਾ ਪਬਲਿਕ ਸਕੂਲ ਮੁਹਾਲੀ ਤੋਂ ਹਾਸਲ ਕੀਤੀ ਅਤੇ ਇਸ ਵਿੱਚ ਵੀ ਉਸ ਨੇ 96.8 ਫ਼ੀਸਦੀ ਅੰਕ ਪ੍ਰਾਪਤ ਕੀਤੇ। ਉਸ ਦੀ ਖ਼ਾਸ ਗੱਲ ਇਹ ਹੈ ਕਿ ਉਹ ਹਰ ਰੋਜ਼ 12 ਤੋਂ 13 ਘੰਟੇ ਪੜ੍ਹਾਈ ਕਰਦਾ ਹੈ ਪਰ ਉਸ ਨੇ ਪੜ੍ਹਾਈ ਨੂੰ ਕਦੇ ਹਊਆ ਨਹੀਂ ਮੰਨਿਆ। ਪੜ੍ਹਾਈ ਦੇ ਨਾਲ ਨਾਲ ਉਹ ਰੋਜ਼ਾਨਾ ਕਸਰਤ ਅਤੇ ਆਪਣੇ ਮਨੋਰੰਜਨ ਲਈ ਫਿਲਮਾਂ ਦੇਖਦਾ ਤੇ ਗੀਤ ਸੁਣਦਾ ਹੈ। ਉਸ ਦੀ ਸਫਲਤਾ ਦਾ ਰਾਜ਼ ਇਹੀ ਹੈ ਕਿ ਉਹ ਸਹਿਜ ਰਹਿ ਕੇ ਹੱਸਦਿਆਂ-ਖੇਡਦਿਆਂ ਪੜ੍ਹਾਈ ਕਰਦਾ ਹੈ। ਉਸ ਦਾ ਟੀਚਾ ਆਈਆਈਟੀ ਤੋਂ ਕੰਪਿਊਟਰ ਸਾਇੰਸ ਵਿੱਚ ਇੰਜਨੀਅਰਿੰਗ ਕਰਨ ਦਾ ਹੈ।
ਜ਼ਿਕਰਯੋਗ ਹੈ ਕਿ ਹੁਣ 4 ਤੋਂ 15 ਅਪਰੈਲ ਦਰਮਿਆਨ ਜੇਈਈ ਮੇਨ ਸੈਸ਼ਨ 2 ਲਈ ਪ੍ਰੀਖਿਆ ਹੋਵੇਗਾ ਜਿਸ ਵਿੱਚ ਵਿਦਿਆਰਥੀ ਆਪਣੇ ਸਕੋਰ ਵਿਚ ਸੁਧਾਰ ਕਰ ਸਕਦੇ ਹਨ। ਆਲ ਇੰਡੀਆ ਰੈਂਕ ਜੇਈਈ ਮੇਨਜ਼ ਸੈਸ਼ਨ-2 ਦੀ ਪ੍ਰੀਖਿਆ ਤੋਂ ਬਾਅਦ ਹੀ ਜਾਰੀ ਕੀਤੇ ਜਾਣਗੇ। ਇਸ ਤੋਂ ਬਾਅਦ ਜੇਈਈ ਐਡਵਾਂਸ 2024 ਹੋਵੇਗਾ ਜਿਸ ਵਿੱਚ ਫਾਈਨਲ ਸਕੋਰ ਅਤੇ ਰੈਂਕ ਤਿਆਰ ਕੀਤਾ ਜਾਵੇਗਾ। ਇਸ ਆਧਾਰ ’ਤੇ ਹੀ ਦੇਸ਼ ਦੇ ਚੋਟੀ ਦੇ ਆਈਆਈਟੀ ’ਚ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਇਹ ਪ੍ਰੀਖਿਆ 24 ਜਨਵਰੀ ਤੋਂ 1 ਫਰਵਰੀ 2024 ਦਰਮਿਆਨ ਲਈ ਗਈ ਸੀ। ਦੇਸ਼ ਭਰ ਦੇ ਕੁੱਲ 12,31,874 ਵਿਦਿਆਰਥੀਆਂ ਨੇ ਜੇਈਈ ਮੇਨਜ਼ ਸੈਸ਼ਨ 1 ਪੇਪਰ 1 ਬੀਈ ਅਤੇ ਬੀ.ਆਰਚ ਪ੍ਰੀਖਿਆ ਲਈ ਰਜਿਸਟਰ ਕੀਤਾ ਸੀ। ਇਨ੍ਹਾਂ ਵਿੱਚੋਂ 11,70,036 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਹੜਾ 95.8 ਫ਼ੀਸਦੀ ਬਣਦਾ ਹੈ।