ਨਵੀਂ ਦਿੱਲੀ, 15 ਫਰਵਰੀ
ਟੀਐਮਸੀ ਦੀ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਨੇ ਸੀਬੀਆਈ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ।ਮਾਮਲਾ ਪੈਸਿਆਂ ਬਦਲੇ ਸੰਸਦ ’ਚ ਸਵਾਲ ਪੁੱਛਣ ਨਾਲ ਜੁੜਿਆ ਹੋਇਆ ਹੈ। ਲੋਕਪਾਲ ਦੇ ਆਦੇਸ਼ਾਂ ’ਤੇ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਬੀਆਈ ਇਸ ਸਬੰਧੀ ਜਾਂਚ ਰਿਪੋਰਟ ਲੋਕਪਾਲ ਨੂੰ ਭੇਜੇਗੀ। ਸੀਬੀਆਈ ਨੇ ਵਕੀਲ ਜੈ ਦੇਹਦਰਾਈ ਤੇ ਵਪਾਰੀ ਦਰਸ਼ਨ ਹੀਰਾਨੰਦਾਨੀ ਤੋਂ ਵੀ ਪੁੱਛਗਿੱਛ ਕੀਤੀ ਹੈ। ਇਸ ਮਾਮਲੇ ’ਚ ਸੀਬੀਆਈ ਨੇ ਅਜੇ ਚੁੱਪ ਧਾਰੀ ਹੋਈ ਹੈ। ਲੋਕ ਸਭਾ ਮੈਂਬਰ ਨਿਸ਼ੀਕਾਂਤ ਦੂਬੇ ਨੇ ਮਹੂਆ ’ਤੇ ਤੋਹਫ਼ੇ ਲੈ ਕੇ ਵਪਾਰੀ ਦਰਸ਼ਨ ਹੀਰਾਨੰਦਨੀ ਦੇ ਇਸ਼ਾਰੇ ’ਤੇ ਅਡਾਨੀ ਗਰੁੱਪ ਅਤੇ ਪ੍ਰਧਾਨ ਮੰਤਰੀ ਨੂੰ ਲੋਕ ਸਭਾ ’ਚ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਸੀ। -ਪੀਟੀਆਈ
ਈਡੀ ਵੱਲੋਂ ਮਹੂਆ ਨੂੰ ਸੰਮਨ
ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਟੀਐਮਸੀ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਨੂੰ ਅਗਲੇ ਹਫ਼ਤੇ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀ ਉਲੰਘਣਾ ਦੇ ਮਾਮਲੇ ਵਿੱਚ ਪੁੱਛ-ਪੜਤਾਲ ਲਈ ਸੰਮਨ ਭੇਜਿਆ ਹੈ। 49 ਸਾਲਾ ਆਗੂ ਨੂੰ 19 ਫਰਵਰੀ ਨੂੰ ਦਿੱਲੀ ਸਥਿਤ ਕੇਂਦਰੀ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਮੋਇਤਰਾ ਦੇ ਪੇਸ਼ ਹੋਣ ’ਤੇ ਫੇਮਾ ਦੇ ਮਾਮਲੇ ’ਤੇ ਉਸ ਦਾ ਬਿਆਨ ਦਰਜ ਕੀਤਾ ਜਾ ਸਕਦਾ ਹੈ। ਮੋਇਤਰਾ ਖਿਲਾਫ਼ ਲੋਕਪਾਲ ਵੱਲੋਂ ਮਾਮਲਾ ਭੇਜੇ ਜਾਣ ’ਤੇ ਸੀਬੀਆਈ ਵੀ ਦੋਸ਼ਾਂ ਦੀ ਜਾਂਚ ਕਰ ਰਹੀ ਹੈ। -ਪੀਟੀਆਈ