ਹਰਿਭਜਨ ਸਿੰਘ ਭਾਟੀਆਪੁਸਤਕ ਪੜਚੋਲ
‘ਲੂਣਦਾਨੀ’ ਕਹਾਣੀ-ਸੰਗ੍ਰਹਿ ਪਰਵਾਸੀ ਸਮਾਜ ਦੇ ਪ੍ਰਗਟ ਅਤੇ ਅਪ੍ਰਗਟ ਵਰਤਾਰਿਆਂ ਨੂੰ ਲਤੀਫ਼ ਨਜ਼ਰ ਨਾਲ ਚਿਤਰਣ ਵਾਲੇ ਕਹਾਣੀਕਾਰ ਹਰਪ੍ਰੀਤ ਸੇਖਾ ਦੀ ਸੱਜਰੀ ਮੌਲਿਕ ਰਚਨਾ ਹੈ। ਸਾਡੀ ਪ੍ਰਚਲਿਤ ਨਜ਼ਰ ਉਸ ਨੂੰ ਕੈਨੇਡੀਅਨ ਪੰਜਾਬੀ ਲੇਖਕ ਵਜੋਂ ਪਛਾਣਦੀ ਹੈ। ਕਰੜੀ ਮਿਹਨਤ-ਮੁਸ਼ੱਕਤ ਕਰਦਿਆਂ, ਪੁਸਤਕਾਂ ਪੜ੍ਹਦਿਆਂ ਅਤੇ ਜੀਵਨ ਦੇ ਮਹਾਂ-ਗ੍ਰੰਥ ਵਿੱਚੋਂ ਦਰਸ ਹਾਸਲ ਕਰਦਿਆਂ ਗ੍ਰਹਿਣ ਕੀਤੇ ਅਨੁਭਵ ਨੂੰ ਉਸ ਨੇ ਕਹਾਣੀਆਂ, ਨਾਵਲ ਅਤੇ ਨਸਰ ਵਿੱਚ ਢਾਲਿਆ ਹੈ। ਜੀਵਨ ਦੇ ਤਿੰਨ ਦਹਾਕੇ ਗਹਿਗੱਚ ਤਰੀਕੇ ਨਾਲ ਗੁਜ਼ਾਰਨ ਮਗਰੋਂ ਹੀ ਉਹ ਪਹਿਲਾਂ ‘ਵਤਨ’ ਤੇ ਮੁੜ ‘ਸਿਰਜਣਾ’ ਰਸਾਲੇ ਰਾਹੀਂ ਅਦਬੀ ਮੰਚ ਉਪਰ ਪ੍ਰਗਟ ਹੋਇਆ। ਆਪਣੀ ਪ੍ਰਥਮ ਪੁਸਤਕ ‘ਬੀ ਜੀ ਮੁਸਕਰਾ ਪਏ’ (2006) ਦੇ ਪ੍ਰਕਾਸ਼ਨ ਤੋਂ ਪਹਿਲਾਂ ਹੀ ਉਹ ਅਫ਼ਸਾਨਾਨਿਗਾਰੀ ਦੇ ਖੇਤਰ ਵਿੱਚ ਜਾਣਿਆ ਜਾਣ ਲੱਗਾ ਸੀ। ‘ਬੀ ਜੀ ਮੁਸਕਰਾ ਪਏ’ ਤੋਂ ਮਗਰੋਂ ਉਸ ਟੈਕਸੀ ਚਲਾਉਣ ਸਮੇਂ ਗ੍ਰਹਿਣ ਕੀਤੇ ਅਨੂਠੇ ਤੇ ਅਦੁੱਤੀ ਅਨੁਭਵਾਂ ਨੂੰ ਵਾਰਤਕ ਰਚਨਾ ‘ਟੈਕਸੀਨਾਮਾ’ (2012) ਰਾਹੀਂ ਸਾਹਮਣੇ ਲਿਆਂਦਾ। ‘ਬਾਰਾਂ ਬੂਹੇ’ (2013), ‘ਪ੍ਰਿਜ਼ਮ’ (2017) ਕਹਾਣੀ ਸੰਗ੍ਰਹਿਆਂ ਅਤੇ ਲਗਾਤਾਰ ਛਪਦੀਆਂ ਕਹਾਣੀਆਂ ਮਗਰੋਂ ਉਸ ਨੂੰ ਪੰਜਾਬੀ ਕਹਾਣੀ ਅਤੇ ਖ਼ਾਸਕਰ ਕੈਨੇਡੀਅਨ ਪੰਜਾਬੀ ਕਹਾਣੀ ਵਿੱਚੋਂ ਮਨਫ਼ੀ ਕਰਨਾ ਅਸੰਭਵ ਹੋ ਗਿਆ। ਉਸ ਤਰਜਮਾਨਿਗਾਰੀ ਉਪਰ ਵੀ ਹੱਥ ਅਜ਼ਮਾਇਆ। ਉਸ ਦੀਆਂ ਕਹਾਣੀਆਂ ਪੰਜਾਬੀ ਜ਼ੁਬਾਨ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਿਤ ਹੋਣ ਲੱਗੀਆਂ। ਢਾਹਾਂ ਪੁਰਸਕਾਰ ਪ੍ਰਾਪਤ ਕਹਾਣੀ ਸੰਗ੍ਰਹਿ ‘ਪ੍ਰਿਜ਼ਮ’ ਦੇ ਅੰਗਰੇਜ਼ੀ ਜ਼ੁਬਾਨ ਵਿੱਚ ਅਜਮੇਰ ਰੋਡੇ ਵੱਲੋਂ ਕੀਤੇ ਤਰਜਮੇ ਨੇ ਉਸ ਦਾ ਤੁਆਰਫ਼ ਆਲਮੀ ਧਰਾਤਲ ਉਪਰ ਫੈਲੇ ਪਾਠਕ ਵਰਗ ਨਾਲ ਕਰਵਾ ਦਿੱਤਾ। ਸੁਭਾਸ਼ ਨੀਰਵ ਲਗਾਤਾਰ ਉਸ ਦੀਆਂ ਕਹਾਣੀਆਂ ਨੂੰ ‘ਬਰਫ਼ਖੋਰ ਹਵਾਏਂ’ ਅਤੇ ‘ਅੰਧੇਰੇ ਰਾਹ’ ਸਿਰਲੇਖਾਂ ਹੇਠ ਹਿੰਦੀ ਵਿੱਚ ਅਨੁਵਾਦ ਕਰ ਚੁੱਕਾ ਹੈ। ਉਸ ਨੇ ਖ਼ੁਦ ਆਪਣੀਆਂ 2017 ਤੱਕ ਛਪੀਆਂ ਕੁੱਲ ਬੱਤੀ ਕਹਾਣੀਆਂ ਨੂੰ ‘ਡੱਗੀ’ ਸਿਰਲੇਖ ਹੇਠ ਸਾਂਭ ਲਿਆ ਹੈ। 2020 ਵਿੱਚ ਛਪੇ ਨਾਵਲ ‘ਹਨੇਰੇ ਰਾਹ’ ਨੇ ਉਸ ਦੀ ਰਚਨਾਤਮਕ ਸ਼ਖ਼ਸੀਅਤ ਹੇਠ ਛੁਪੀ ਇੱਕ ਹੋਰ ਸੰਭਾਵਨਾ ਨੂੰ ਉਜਾਗਰ ਕੀਤਾ ਹੈ। ਇਹ ਨਾਵਲ ਪਰਵਾਸੀ ਜੀਵਨ ਦੇ ਤਲਿੱਸਮ, ਜਾਅਲੀਪਣ, ਦਿਖਾਵੇ ਅਤੇ ਭੇਖ ਨੂੰ ਨਸ਼ਰ ਕਰਦਾ ਅਤੇ ਇਸ ਜੀਵਨ ਦੀ ਅਸਲੀਅਤ ਤੇ ਸੱਚ ਨੂੰ ਪ੍ਰਗਟਾਉਂਦਾ ਹੈ। ਅਫ਼ਸਾਨਾਨਿਗਾਰੀ ਦੇ ਪਾਰਖੂ ਹੁਣ ਉਸ ਨੂੰ ਕੈਨੇਡੀਅਨ ਪੰਜਾਬੀ ਕਹਾਣੀਕਾਰਾਂ ਦੀ ਕਤਾਰ ਵਿੱਚ ਰੱਖ ਕੇ ਜਾਂਚਣ-ਪਰਖਣ ਨਾਲੋਂ ਮੁੱਖ ਧਾਰਾ ਦੇ ਪੰਜਾਬੀ ਕਹਾਣੀਕਾਰ/ ਲੇਖਕ ਵਜੋਂ ਘੋਖਣ-ਪੜਚੋਲਣ ਦਾ ਦਰੁਸਤ ਮਸ਼ਵਰਾ ਦੇ ਰਹੇ ਹਨ।
ਮੋਗਾ ਜ਼ਿਲ੍ਹਾ ਦੇ ਪਿੰਡ ਕੋਟ ਈਸੇ ਖਾਂ (ਜੱਦੀ ਸੇਖਾ ਕਲਾਂ) ਵਿਖੇ ਹਰਪ੍ਰੀਤ ਸੇਖਾ ਦਾ ਜਨਮ 18 ਨਵੰਬਰ 1967 ਨੂੰ ਹੋਇਆ। ਉਮਰ ਦੇ ਦੋ ਦਹਾਕੇ ਪਾਰ ਕਰਨ ਤੋਂ ਪਹਿਲਾਂ ਉਸ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ। ਹਰਪ੍ਰੀਤ ਦੇ ਮਾਤਾ ਪਿਤਾ ਸਕੂਲ ਅਧਿਆਪਕ ਸਨ ਅਤੇ ਸੇਵਾਮੁਕਤੀ ਮਗਰੋਂ ਉਨ੍ਹਾਂ ਕੈਨੇਡਾ ਵੱਸਣ ਦਾ ਫ਼ੈਸਲਾ ਕੀਤਾ। ਮਰਜ਼ੀ ਤੇ ਹਾਲਾਤ ਨੇ ਹਰਪ੍ਰੀਤ ਨੂੰ ਵੀ 1988 ਵਿੱਚ ਕੈਨੇਡਾ ਪਹੁੰਚਾ ਦਿੱਤਾ। ਭਵਿੱਖ ਦੀ ਫ਼ਿਕਰਮੰਦੀ ਨੇ ਉਸ ਨੂੰ ਇੰਜੀਨੀਅਰਿੰਗ ਦੇ ਰਾਹ ਤੋਰਿਆ ਅਤੇ ਉਸ ਦੇ ਅੰਦਰਲੀਆਂ ਰੁਚੀਆਂ ਨੇ ਉਸ ਨੂੰ ਅਦਬ ਨਾਲ ਵੀ ਜੋੜੀ ਰੱਖਿਆ। ਉਸ ਜ਼ਮਾਨੇ ’ਚ ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਦੀਆਂ ਰਚਨਾਵਾਂ ਉਸ ਅੰਦਰ ਅਫ਼ਸਾਨਾਨਿਗਾਰੀ ਦੇ ਬੀਜ ਬੀਜਦੀਆਂ ਅਤੇ ਉਨ੍ਹਾਂ ਨੂੰ ਲਗਾਤਾਰ ਸਿੰਜਦੀਆਂ ਰਹੀਆਂ। ਬੇਸ਼ੱਕ ਕੈਨੇਡਾ ਆਉਣ ਤੋਂ ਪਹਿਲਾਂ ਉਸ ਸਾਹਿਤ ਰਚਨਾ ਦਾ ਕਾਰਜ ਨਾ ਕੀਤਾ ਪਰ ਉਸ ਅੰਦਰਲਾ ਸ਼ੌਕ, ਰੁਚੀਆਂ ਤੇ ਸੰਸਕਾਰ (ਬਿਨਾਂ ਵੀਜ਼ਾ ਲਏ) ਉਸ ਦੇ ਨਾਲ ਹੀ ਕੈਨੇਡਾ ਅੱਪੜ ਗਏ। ਕਲਾ ਜਾਂ ਅਦਬ ਪ੍ਰਤੀ ਅੰਦਰੂਨੀ ਖਿੱਚ ਬਗੈਰ ਇਨ੍ਹਾਂ ਰੁਚੀਆਂ ਦਾ ਨਵੇਂ ਮਾਹੌਲ ਤੇ ਵਾਤਾਵਰਣ ਵਿੱਚ ਜ਼ਿੰਦਾ ਰਹਿਣਾ ਖ਼ਾਸਾ ਦੁਸ਼ਵਾਰ ਹੁੰਦਾ ਹੈ, ਖ਼ਾਸਕਰ ਉਦੋਂ ਜਦੋਂ ਵਿਅਕਤੀ ਆਪਣੀ ਹੋਂਦ ਦੀ ਸੁਰੱਖਿਅਤਾ ਤੇ ਖ਼ੁਦ ਨੂੰ ਜ਼ਿੰਦਾ ਰੱਖਣ ਲਈ ਦੁਸ਼ਵਾਰ ਪ੍ਰਸਥਿਤੀਆਂ ਵਿੱਚੋਂ ਗੁਜ਼ਰ ਰਿਹਾ ਹੋਵੇ। ਇਸ ਨਿੱਘੇ, ਮਿੱਠਬੋਲੜੇ, ਵੱਧ ਸੁਣਨ ਤੇ ਘੱਟ ਬੋਲਣ ਵਾਲੇ, ਤਿੱਖੀ ਤੇ ਤੇਜ਼ ਤਰਾਰ ਨਜ਼ਰ ਅਤੇ ਸਾਫ਼ ਨਜ਼ਰੀਏ ਵਾਲੇ ਸ਼ਖ਼ਸ ਨਾਲ ਮੇਰੀਆਂ ਇੱਕ ਤੋਂ ਵਧੀਕ ਮੁਲਾਕਾਤਾਂ ਹੋਈਆਂ; ਰੁ-ਬ-ਰੂ ਵੀ ਤੇ ਟੈਲੀਫੋਨ ਉੱਪਰ ਵੀ। ਆਪਣੇ ਪਿਛੋਕੜ ਨੂੰ ਸੁਨਹਿਰੀ ਰੰਗ ਵਿੱਚ ਰੰਗਣ ਦੀ ਬਜਾਏ ਉਸ ਦੱਸਿਆ ਕਿ ਉਸ ਨੂੰ ਆਪਣੇ ਜੀਵਨ ਨੂੰ ਲੀਹ ’ਤੇ ਲਿਆਉਣ ਜਾਂ ਪਟੜੀ ਉਪਰ ਚਾੜ੍ਹਣ ਲਈ ਕਰੜੀ ਮਿਹਨਤ-ਮੁਸ਼ੱਕਤ ਕਰਨੀ ਪਈ। ਬੇਰੀਆਂ ਤੋੜਨ, ਪੈਕਿੰਗ ਕਰਨ, ਮਸ਼ੀਨਿਸਟ ਦੇ ਹੈਲਪਰ ਵਜੋਂ ਕੰਮ ਕਰਨ, ਟੈਕਸੀ ਚਲਾਉਣ ਅਤੇ ਡਾਕਖਾਨੇ ਵਿੱਚ ਕੰਮ ਕਰਨ ਦੀ ਕਰੜੀ ਮੁਸ਼ੱਕਤ ਨੇ ਜਿਵੇਂ ਉਸ ਨੂੰ ਜੀਵਨ ਦੇ ਅਸਲ ਮਾਅਨੇ ਸਮਝਾਅ ਦਿੱਤੇ। ਇਸ ਕਰੜੀ ਮੁਸ਼ੱਕਤ ਦੇ ਬਾਵਜੂਦ ਉਸ ਨਾ ਆਪਣੇ ਅੰਦਰਲੀਆਂ ਹਾਂ-ਮੁਖੀ ਕਦਰਾਂ-ਕੀਮਤਾਂ ਨੂੰ ਦਮ ਤੋੜਨ ਦਿੱਤਾ ਅਤੇ ਨਾ ਹੀ ਆਪਣੇ ਅਦਬੀ ਸੰਸਕਾਰਾਂ ਦਾ ਸਾਹ ਘੁੱਟਿਆ। ਮਾਇਆ ਤੇ ਮੰਡੀ ਦੀ ਮੁਕਾਬਲੇਬਾਜ਼ ਨਗਰੀ ਵਿੱਚ ਪਹੁੰਚ ਕੇ ਵੀ ਉਸ ਦੂਸਰੇ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣ, ਰਲ-ਮਿਲ ਕੇ ਰਹਿਣ-ਵਿਚਰਣ, ਪਰਿਵਾਰਕ ਮਾਹੌਲ ਨੂੰ ਜ਼ਿੰਦਾ ਰੱਖਣ, ਚੰਗੀਆਂ ਮਾਨਵੀ ਕਦਰਾਂ-ਕੀਮਤਾਂ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਈ ਰੱਖਣ ਅਤੇ ਹੱਸਾਸ ਤਬੀਅਤ ਰਹਿਣ ਨੂੰ ਆਪਣੀ ਹਾਂ-ਪੱਖੀ ਸੋਚ ਦਾ ਹਿੱਸਾ ਬਣਾਈ ਰੱਖਿਆ। ਯਾਨੀ ਉਸ ਆਪਣੇ ਸਭਿਆਚਾਰ ਵਿਚਲੀਆਂ ਹਾਂ-ਮੁਖੀ ਮਾਨਵੀ ਕਦਰਾਂ-ਕੀਮਤਾਂ ਨੂੰ ਤਿਆਗਿਆ ਨਹੀਂ ਅਤੇ ਅੰਧ-ਵਿਸ਼ਵਾਸਾਂ, ਹਨੇਰ ਬਿਰਤੀ ਤੇ ਨਫ਼ਰਤ ਆਧਾਰਿਤ ਨਾਂਹ-ਮੁਖੀ ਕੀਮਤਾਂ ਨੂੰ ਲਾਗੇ ਨਹੀਂ ਫੜਕਣ ਦਿੱਤਾ। ਉਸ ਦੀ ਸ਼ਖ਼ਸੀਅਤ ਅੰਦਰ ਹਾਂ-ਮੁਖੀ ਮਾਨਵੀ ਕਦਰਾਂ-ਕੀਮਤਾਂ ਅਤੇ ਤਰਕਸ਼ੀਲ ਤੇ ਵਿਗਿਆਨਕ ਸੋਚ ਇੱਕ-ਦੂਸਰੇ ਦੇ ਸੰਗ-ਸਾਥ ਵਿਚਰਦੇ ਦਿਖਾਈ ਦਿੰਦੇ ਹਨ। ਆਪਣੀ ਵਰੇਸ ਦੇ ਤਿੰਨ ਦਹਾਕੇ ਪਾਰ ਕਰਨ ਤਕ ਉਸ ਦਾ ਕਲਮ ਨਾਲ ਰਿਸ਼ਤਾ ਬਣਦਾ-ਟੁੱਟਦਾ ਰਿਹਾ। ਕੈਨੇਡਾ ਦੇ ‘ਵਤਨ’ ਰਸਾਲੇ ਵਿੱਚ ਛਪਦੀਆਂ ਕਹਾਣੀਆਂ/ ਰਚਨਾਵਾਂ ਉਸ ਦੀ ਰੂਹ ਦੀ ਗਜ਼ਾ ਬਣਦੀਆਂ। ਵੀਹਵੀਂ ਸਦੀ ਦੇ ਆਖ਼ਰੀ ਦੋ ਵਰ੍ਹਿਆਂ ਵਿੱਚ ਉਸ ਦੀਆਂ ਕਹਾਣੀਆਂ ‘ਸਿਰਜਣਾ’ ਰਸਾਲੇ ਵਿੱਚ ਛਪਣ ਲੱਗੀਆਂ। ‘ਸਿਰਜਣਾ’ ਵਿੱਚ ਛਪਣ, ਡਾ. ਰਘਬੀਰ ਸਿੰਘ ਦੀ ਹੱਲਾਸ਼ੇਰੀ ਅਤੇ ਪਾਠਕਾਂ ਦੇ ਹੁੰਗਾਰੇ ਨੇ ਅਦਬੀ ਦੁਨੀਆਂ ਵਿੱਚ ਉਸ ਨੂੰ ਆਪਣੇ ਪੈਰਾਂ ਉਪਰ ਖੜ੍ਹਾ ਕਰ ਦਿੱਤਾ। ਮਿਹਨਤ-ਮੁਸ਼ੱਕਤ, ਘਰ-ਪਰਿਵਾਰ ਦੀ ਦੇਖਭਾਲ ਦੇ ਨਾਲ ਅਦਬੀ ਸ਼ੌਕ ਨੂੰ ਜ਼ਿੰਦਾ ਰੱਖਣਾ ਉਸ ਦੀ ਸ਼ਖ਼ਸੀਅਤ ਦਾ ਹਿੱਸਾ ਬਣ ਗਿਆ। ਪਿਛਲੇ ਢਾਈ ਦਹਾਕਿਆਂ ਤੋਂ ਉਹ ਕਿਸੇ ਪ੍ਰਕਾਰ ਦੀ ਆਪਾ-ਧਾਪੀ ਤੇ ਸ਼ੋਹਰਤ ਦੀ ਅੰਨ੍ਹੀ ਭੁੱਖ ਜਾਂ ਦੌੜ ਦਾ ਸ਼ਿਕਾਰ ਹੋਏ ਬਗ਼ੈਰ ਮਸਤ ਚਾਲ ਅਦਬੀ ਕਾਰਜਾਂ ਵਿੱਚ ਮਸ਼ਰੂਫ਼ ਹੈ। ਉਸ ਦੇ ਨਾਂ ਨਾਲ ਅਜੇ ਪਿਛਲੇ ਸਮਿਆਂ ਵਿੱਚ ਹੀ ਜੁੜੇ ਦੋ ਪੁਰਸਕਾਰਾਂ (ਢਾਹਾਂ ਪੁਰਸਕਾਰ, 2018 ਅਤੇ ਉਰਮਿਲਾ ਆਨੰਦ ਸਿਮਰਤੀ ਪੁਰਸਕਾਰ, 2021) ਨੇ ਉਸ ਦੀ ਪਛਾਣ ਨੂੰ ਰਤਾ ਗੂੜ੍ਹਾ ਜ਼ਰੂਰ ਕੀਤਾ ਹੈ ਪਰ ਉਸ ਦਾ ਅਦਬੀ-ਵਿਹਾਰ ਆਪਣੀ ਸਹਿਜੇ ਚਾਲੇ ਹੀ ਤੁਰ ਰਿਹਾ ਹੈ। ਉਸ ਦੁਆਰਾ ਸਿਰਜਿਆ ਸਮੁੱਚਾ ਅਦਬੀ ਸੰਸਾਰ ਪੰਜਾਬੀ ਸਭਿਆਚਾਰ ਵਿੱਚੋਂ ਉਸ ਦੁਆਰਾ ਗ੍ਰਹਿਣ ਕੀਤੀਆਂ ਮਾਨਵੀ ਤੇ ਉਸਾਰੂ ਕਦਰਾਂ-ਕੀਮਤਾਂ, ਕਰੜੀ ਮੁਸ਼ੱਕਤ ਰਾਹੀਂ ਗ੍ਰਹਿਣ ਕੀਤੇ ਅਨੁਭਵ, ਲਤੀਫ਼ ਨਜ਼ਰ ਅਤੇ ਸੰਤੁਲਤ ਜ਼ਾਵੀਏ ਵਿੱਚੋਂ ਆਪਣੀ ਹੋਂਦ ਗ੍ਰਹਿਣ ਕਰਦਾ ਨਜ਼ਰੀਂ ਪੈਂਦਾ ਹੈ।
ਹਰਪ੍ਰੀਤ ਸੇਖਾ ਦੀ ਕਹਾਣੀ ਦਾ ਵੱਥ, ਅੰਦਾਜ਼ ਅਤੇ ਨਜ਼ਰੀਆ ਅਸਲੋਂ ਵੱਖਰਾ ਅਤੇ ਅਨੂਠਾ ਹੈ। ਸਤਹ ਤੋਂ ਵੇਖਿਆਂ ਉਸ ਦੀਆਂ ਕਹਾਣੀਆਂ ਪਰਵਾਸੀ ਸਮਾਜ ਅਤੇ ਉਸ ਦੇ ਵਰਤਾਰਿਆਂ ਦੇ ਇਰਦ-ਗਿਰਦ ਘੁੰਮਦੀਆਂ ਹਨ। ਉਹ ਆਰੰਭਲੇ ਦੌਰ ਦੇ ਪਰਵਾਸੀ ਸਾਹਿਤ ਵਿਚਲੇ ਮਸਲਿਆਂ (ਭੂਹੇਰਵਾ, ਪੀੜ੍ਹੀ ਪਾੜਾ, ਨਸਲੀ ਵਿਤਕਰਾ, ਸਭਿਆਚਾਰਕ ਤਣਾਅ) ਤੋਂ ਵਿੱਥ ਸਥਾਪਿਤ ਕਰਕੇ ਨਵੇਂ ਮਾਹੌਲ ਅਤੇ ਵੱਖਰੀਆਂ ਪ੍ਰਸਥਿਤੀਆਂ ਵਿੱਚੋਂ ਪੈਦਾ ਹੋਏ ਮਸਲਿਆਂ ਨੂੰ ਆਪਣੀਆਂ ਕਹਾਣੀਆਂ ਦੇ ਚੌਖਟੇ ਵਿੱਚ ਢਾਲਦਾ ਹੈ। ਉਹ ਪੰਜਾਬੀ ਸੱਭਿਆਚਾਰ ਤੇ ਕਦਰਾਂ-ਕੀਮਤਾਂ ਅਤੇ ਪਰਵਾਸੀ ਜੀਵਨ ਵਰਤਾਰਿਆਂ ਦੇ ਵਿਗਾੜਾਂ ਅਤੇ ਵਿਕਾਰਾਂ ਤੋਂ ਰਤਾ ਵਿੱਥ ਸਥਾਪਿਤ ਕਰ ਜਾਂ ਵੱਖਰੇ ਧਰਾਤਲ ਉਪਰ ਵਿਚਰ ਮਹੀਨ ਮਾਨਵੀ ਸਰੋਕਾਰਾਂ ਨਾਲ ਜੁੜਦਾ ਤੇ ਉਨ੍ਹਾਂ ਨੂੰ ਚਿਤਰਦਾ ਹੈ। ਇਸ ਧਰਾਤਲ ਉਪਰ ਨਾ ਪੰਜਾਬੀ ਸਭਿਆਚਾਰ ਦੀਆਂ ਤਮਾਮ ਕਦਰਾਂ-ਕੀਮਤਾਂ ਨਾਲ ਅੰਨ੍ਹਾ ਮੋਹ ਹਾਜ਼ਰ ਦਿਸਦਾ ਹੈ ਅਤੇ ਨਾ ਹੀ ਪੱਛਮੀ ਤਹਿਜ਼ੀਬ ਦੀ ਫੋਕੀ ਸਿਫ਼ਤ-ਸਲਾਹ। ਉਸ ਨੇ ਆਪਣੇ ਸਮੁੱਚੇ ਕਹਾਣੀ-ਜਗਤ ਵਿੱਚ ਪਰਵਾਸੀ ਬੰਦੇ ਦੀ ਸਥਿਤੀ, ਬੇਬਸੀ, ਦੋਗਲੇਪਣ, ਜੀਣ-ਥੀਣ ਲਈ ਕੀਤੀ ਜਾ ਰਹੀ ਜੱਦੋਜਹਿਦ, ਪਰਵਾਸ ਹਾਸਲ ਕਰਨ ਲਈ ਵਰਤੇ ਜਾਂਦੇ ਅਯੋਗ ਤੇ ਗ਼ਲਤ ਢੰਗ-ਤਰੀਕਿਆਂ, ਨਵੀਂ ਤੇ ਪੁਰਾਣੀ ਪੀੜ੍ਹੀ ਦੀ ਸੋਚ ਵਿੱਚ ਵਿਆਪੇ ਅੰਤਰ, ਪਰਵਾਸੀ ਬੰਦੇ ਦੇ ਅੰਤਰ-ਦਵੰਦਾਂ, ਸੰਕਟਾਂ ਅਤੇ ਮਾਨਸਿਕਤਾ ਆਦਿ ਕਈ ਕੁਝ ਨੂੰ ਆਪਣੀਆਂ ਕਹਾਣੀਆਂ ਅੰਦਰ ਸਮੇਟਿਆ ਹੈ। ਉਹ ਠੀਕ ਜਾਂ ਗ਼ਲਤ ਹੋਣ ਸਬੰਧੀ ਉੱਚੀ ਸੁਰ ਵਿੱਚ ਕੋਈ ਫ਼ੈਸਲਾ ਸੁਣਾਉਣ ਨਾਲੋਂ ਬੰਦੇ ਨੂੰ ਉਸ ਦੀਆਂ ਪ੍ਰਸਥਿਤੀਆਂ ਦੀ ਕਰੂਰਤਾ ਸਹਿਤ ਉਜਾਗਰ ਕਰਦਾ ਹੈ। ਮਾਇਆ ਤੇ ਮੰਡੀ ਦੇ ਵਰਤਾਰੇ ਮਨੁੱਖੀ ਵਿਹਾਰ ਨੂੰ ਕਿਵੇਂ ਦੋਗਲਾ, ਕਮੀਨਾ ਤੇ ਅਮਾਨਵੀ ਬਣਾਉਂਦੇ ਹਨ, ਕਥਾ ਬਿੰਬਾਂ ਦੀਆਂ ਲੜੀਆਂ ਨਾਲ ਉਹ ਮੁੜ ਮੁੜ ਇਸ ਸਭ ਕਾਸੇ ਨੂੰ ਦਿਖਾਉਂਦਾ ਹੈ। ਉਸ ਦੀਆਂ ਕਹਾਣੀਆਂ, ਨਾਵਲ ਅਤੇ ਵਾਰਤਕ ਦੀ ਮੂਲ ਸਮੱਗਰੀ ਅਤੇ ਨਜ਼ਰੀਏ ਦੀ ਚੋਖੀ ਸਾਂਝ ਹੈ।
ਹਰਪ੍ਰੀਤ ਸੇਖਾ ਆਪਣੀ ਗਲਪ ਰਚਨਾ ਰਾਹੀਂ ਪੰਜਾਬੀ ਪਾਠਕ ਨੂੰ ਮੁਖਾਤਿਬ ਹੈ। ਪੰਜਾਬੀ ਸਭਿਆਚਾਰ ਦੇ ਧੁਰ-ਡੂੰਘ ਵਿੱਚ ਬੈਠ ਕੇ ਉਹ ਆਪਣੇ ਪਾਤਰਾਂ ਦੇ ਸੁਭਾਅ, ਰੁਚੀਆਂ ਤੇ ਵਤੀਰੇ ਨੂੰ ਚਿਤਰਦਾ ਹੈ। ਨਾਵਲ ਹੋਵੇ ਜਾਂ ਕਹਾਣੀ ਉਸ ਦੀ ਪੇਸ਼ਕਾਰੀ ਸਮੇਂ ਉਹ ਸਿੱਧੀ-ਸਪਾਟ ਗੱਲ ਆਖਣ ਨਾਲੋਂ ਆਪਣੇ ਅਨੁਭਵ ਨੂੰ ਕਲਪਨਾ ਤੇ ਪ੍ਰਤੀਕ ਦੇ ਧਰਾਤਲ ਉੱਪਰ ਉਤਾਰਦਾ ਹੈ। ‘ਡੱਗੀ’, ‘ਲੂਣ ਦਾਨੀ’, ‘ਬਾਰਾਂ ਬੂਹੇ’, ‘ਪ੍ਰਿਜ਼ਮ’, ‘ਵੀਡਜ਼’, ‘ਰੀਟ੍ਰੀਟ’ ਅਤੇ ‘ਸਕੰਕ’ ਆਦਿ ਸਭ ਨਾਂ ਉਸ ਦੀਆਂ ਕਹਾਣੀਆਂ ਅੰਦਰਲੀਆਂ ਰਮਜ਼ਾਂ, ਸੰਕੇਤਾਂ ਅਤੇ ਇਸ਼ਾਰਿਆਂ ਵੱਲ ਇਸ਼ਾਰਾ ਕਰਦੇ ਹਨ। ਇਨ੍ਹਾਂ ਵਿਚਲੇ ਪ੍ਰਤੀਕ-ਪ੍ਰਬੰਧ ਨੂੰ ਖੋਲ੍ਹੇ ਬਗੈਰ ਇਨ੍ਹਾਂ ਕਹਾਣੀਆਂ ਦੇ ਛੁਪੇ ਅਤੇ ਗਹਿਨ ਅਰਥਾਂ ਤੱਕ ਨਹੀਂ ਅੱਪੜਿਆ ਜਾ ਸਕਦਾ।
‘ਲੂਣ ਦਾਨੀ’ ਕਹਾਣੀ ਸੰਗ੍ਰਹਿ ਦਾ ਉਨਵਾਨ ਹੀ ਇਸ ਵਿਚਲੀਆਂ ਕਹਾਣੀਆਂ ਦੀ ਆਪਸੀ ਸਾਂਝ, ਵੱਖਰਤਾ ਅਤੇ ਵਿਲੱਖਣ ਸੁਹਜ ਵੱਲ ਇਸ਼ਾਰਾ ਕਰਦਾ ਹੈ। ਲੂਣ ਦਾਨੀ ਦਾ ਬਾਹਰੀ ਚੌਖਟਾ ਇੱਕੋ ਹੁੰਦਾ ਹੈ ਪਰ ਇਸ ਅੰਦਰਲੇ ਵੱਖੋ ਵੱਖਰੇ ਖਾਨਿਆਂ ਵਿੱਚ ਵੱਖ-ਵੱਖ ਸ਼ੈਆਂ ਮੌਜੂਦ ਹੁੰਦੀਆਂ ਹਨ। ਇਨ੍ਹਾਂ ਨੌਂ ਕਹਾਣੀਆਂ ਦੀ ਪਰਸਪਰ ਸਾਂਝ ਹੈ ਕਿ ਇਹ ਪਰਵਾਸੀ ਵਰਤਾਰਿਆਂ ਅਤੇ ਅਨੁਭਵ ਦੇ ਇਰਦ-ਗਿਰਦ ਘੁੰਮਦੀਆਂ ਹਨ ਪਰ ਕਿਧਰੇ ਇਹ ਪਰਵਾਸੀ ਨਵੀਂ ਪੀੜ੍ਹੀ ਦੀਆਂ ਮਨੋਂ ਗੁੰਝਲਾਂ ਨੂੰ ਖੋਲ੍ਹਦੀਆਂ ਹਨ, ਕਿਧਰੇ ਰਿਸ਼ਤਿਆਂ ਦੇ ਵੱਖ-ਵੱਖ ਰੰਗਾਂ ਨੂੰ ਉਭਾਰਦੀਆਂ ਹਨ, ਕਿਧਰੇ ਨਸ਼ਿਆਂ ਦੇ ਵਪਾਰ ਨੂੰ ਉਜਾਗਰ ਕਰਦੀਆਂ ਹਨ, ਕਿਧਰੇ ਕਿਰਤ ਤੇ ਕਿਰਤੀ ਦੀ ਬੇਕਦਰੀ ਦਾ ਪ੍ਰਸੰਗ ਖੁੱਲ੍ਹਦਾ ਹੈ ਅਤੇ ਕਿਧਰੇ ਮਾਇਆ ਤੇ ਮੰਡੀ ਦੇ ਯੁੱਗ ਵਿੱਚ ਮੀਡੀਆਕਾਰਾਂ ਦੀ ਮੁਨਾਫ਼ਾ ਬਿਰਤੀ ਦੀਆਂ ਪਰਤਾਂ ਉੱਘੜ ਕੇ ਸਾਹਮਣੇ ਆਉਂਦੀਆਂ ਹਨ। ਇਨ੍ਹਾਂ ਕਹਾਣੀਆਂ ਦੀ ਦੁਨੀਆ ਵਿੱਚ ਮਾਂ-ਬਾਪ, ਦਾਦਾ-ਦਾਦੀ, ਕਿਰਤੀ-ਕਾਮੇ, ਔਰਤ-ਮਰਦ ਅਤੇ ਬੱਚੇ ਉਸ ਦੇ ਅਨੁਭਵ ਦੇ ਪ੍ਰਗਟਾਵੇ ਦਾ ਸਾਧਨ ਬਣਦੇ ਹਨ। ਇਨ੍ਹਾਂ ਸਭਨਾਂ ਧਿਰਾਂ ਵਿੱਚ ਉਸ ਦੇ ਧਿਆਨ ਦਾ ਧੁਰਾ ਬਾਲ-ਧਿਰ ਯਾਨੀ ਪਰਵਾਸੀ ਸਮਾਜ ਦਾ ਭਵਿੱਖ ਬਣਦਾ ਹੈ। ਨਵੇਂ ਮਾਹੌਲ ਤੇ ਵਾਤਾਵਰਣ ਵਿੱਚ ਨਵੀਂ ਪੀੜ੍ਹੀ ਕਿਉਂ, ਕਿਵੇਂ ਤੇ ਕਿਸ ਤਰ੍ਹਾਂ ਭਟਕ ਰਹੀ, ਕੁਰਾਹੇ ਪੈ ਰਹੀ ਨਸ਼ਿਆਂ ਦੀ ਦਲਦਲ ਵਿੱਚ ਧਸ ਰਹੀ ਅਤੇ ਮਾਨਸਿਕ ਅਸੰਤੁਲਨ ਦਾ ਸ਼ਿਕਾਰ ਹੋ ਰਹੀ ਹੈ? ਇਨ੍ਹਾਂ ਸਥਿਤੀਆਂ ਨੂੰ ਉਹ ਨਵੀਂ ਪੀੜ੍ਹੀ ਨੂੰ ਕੇਂਦਰ ਵਿੱਚ ਰੱਖ ਕੇ ਮਹਿਜ਼ ਚਿਤਰਦਾ ਹੀ ਨਹੀਂ ਬਲਕਿ ਅਜਿਹੀਆਂ ਪ੍ਰਸਥਿਤੀਆਂ ਪਿੱਛੇ ਕੰਮ ਕਰਦੇ ਕਾਰਨਾਂ ਤਕ ਵੀ ਬਹੁਤ ਸੂਖ਼ਮ ਢੰਗ ਨਾਲ ਅੱਪੜ ਜਾਂਦਾ ਹੈ। ਕਹਾਣੀ ਕਲਾ ਦੀਆਂ ਅਟਕਲਾਂ ਵਰਤ ਕੇ ਕਲਾ ਦਾ ਲੋਕ ਹਿੱਤ ਲਈ ਇਸਤੇਮਾਲ ਕਿਵੇਂ ਕਰਨਾ ਚਾਹੀਦਾ ਹੈ? ਇਸ ਪ੍ਰਸ਼ਨ ਦਾ ਉੱਤਰ ਇਹ ਕਹਾਣੀਆਂ ਆਪਣੀ ਕਾਇਆ ਵਿੱਚ ਸਮੋਈ ਬੈਠੀਆਂ ਹਨ। ਉਹ ਨਵੀਂ ਪੀੜ੍ਹੀ ਦੇ ਨਾਲ ਖਲੋ ਕੇ ਮਾਂ-ਬਾਪ, ਦਾਦਾ-ਦਾਦੀ, ਰਿਸ਼ਤਿਆਂ ਅਤੇ ਮਾਹੌਲ ਦੇ ਆਰ-ਪਾਰ ਫੈਲ ਜਾਂਦਾ ਹੈ। ‘ਬੇਵਿਸਾਹੀ ਰੁੱਤ’ ਵਿਚਲਾ ਅਮੀਤ ਹੋਵੇ, ‘ਮੋਹ ਜਾਲ’ ਕਹਾਣੀ ਵਿਚਲੀ ਰਮਣੀਕ ਜਾਂ ‘ਗੁੰਮੇ ਪੰੰਨੇ’ ਕਹਾਣੀ ਵਿਚਲਾ ਅਰਜਣ ਇਨ੍ਹਾਂ ਸਭਨਾਂ ਪਾਤਰਾਂ ਦੀ ਮਾਨਸਿਕਤਾ ਨੂੰ ਲੇਖਕ ਜਿਵੇਂ ਉਨ੍ਹਾਂ ਦੇ ਅੰਦਰ ਉਤਰ ਕੇ ਹੀ ਗਲਪ-ਬਿੰਬਾਂ ਵਿੱਚ ਢਾਲਦਾ ਹੈ। ਪੂੰਜੀ ਜਾਂ ਮਾਇਆ ਦੀ ਅੰਨ੍ਹੀ ਦੌੜ ਕਾਰਨ ਮਾਂ-ਬਾਪ ਦੀ ਔਲਾਦ ਪ੍ਰਤੀ ਬੇਧਿਆਨੀ ਦੇ ਸਿੱਟਿਆਂ ਨੂੰ ਇਹ ਕਹਾਣੀਆਂ ਬਾਖ਼ੂਬੀ ਚਿਤਰਦੀਆਂ ਹਨ। ਕਿਧਰੇ ਮਾਂ-ਬਾਪ ਬੱਚੇ ਦੀ ਮਾਨਸਿਕਤਾ ਤੇ ਉਸ ਅੰਦਰ ਪੈਦਾ ਹੋ ਰਹੀ ਹੀਣ-ਭਾਵਨਾ ਦੇ ਕਾਰਨਾਂ ਨੂੰ ਸਮਝ ਉਸ ਨੂੰ ਸਵੀਕਾਰਦੇ ਅਤੇ ਠੀਕ ਰਾਹ ਉੱਪਰ ਲਿਆਉਣ ਲਈ ਆਸਵੰਦ ਵੀ ਦਿਖਾਈ ਦਿੰਦੇ ਹਨ। (ਕਮੈਂਸਮੈਂਟ) ‘ਸਕੰਕ’ ਕਹਾਣੀ ਇਸ ਸੰਗ੍ਰਹਿ ਦੀ ਸ਼ਕਤੀਸ਼ਾਲੀ ਕਹਾਣੀ ਹੈ। ਕਹਾਣੀਕਾਰ ਪਾਤਰ ਗੁਨੀਤ ਦੇ ਵਿਹਾਰ ਪਿੱਛੇ ਕੰਮ ਕਰਦੇ ਕਾਰਨ ਨੂੰ ਛੁਪਾ-ਲੁਕਾਅ ਕੇ ਪਾਤਰ ਦੇ ਕੁਰਾਹੇ ਪਏ ਵਿਹਾਰ ਦੀ ਅੱਕਾਸੀ ਕਰਦਾ ਹੈ। ਉਸ ਬੱਚੀ ਦਾ ਵਿਹਾਰ ਪਹਿਲਾਂ ਘਿਨੌਣਾ, ਕੋਝਾ ਤੇ ਭੈੜਾ ਲੱਗਦਾ ਹੈ ਪਰ ਕਾਰਨ ਸਾਹਮਣੇ ਆਉਣ ਨਾਲ ਉਹ ਪੀੜਤ, ਦੁਖੀ ਤੇ ਹਮਦਰਦੀ ਦੀ ਪਾਤਰ ਦਿਖਾਈ ਦੇਣ ਲੱਗਦੀ ਹੈ। ਕਹਾਣੀ ਦਾ ਥੀਮ ਸਰੀਰਕ ਹਵਸ ਦਾ ਸ਼ਿਕਾਰ ਹੋ ਰਹੀ ਬੱਚੀ ਦੀ ਮਨੋਸਥਿਤੀ ਤੇ ਵਿਹਾਰ ਬਾਖ਼ੂਬੀ ਉਭਾਰਦਾ ਹੈ। ‘ਵਿਰਾਸਤ’ ਕਹਾਣੀ ਕਿਰਤ ਤੇ ਕਿਰਤੀ ਦੀ ਲੁੱਟ ਅਤੇ ਉਸ ਦੇ ਸੁਪਨਿਆਂ ਦੇ ਹਕੀਕਤ ਨਾਲ ਟਕਰਾਉਣ ਮਗਰੋਂ ਪਾਸ਼-ਪਾਸ਼ ਹੋਣ ਦੇ ਪ੍ਰਸੰਗ ਨੂੰ ਵੱਖ-ਵੱਖ ਘਟਨਾਵਾਂ ਰਾਹੀਂ ਖੋਲ੍ਹਦੀ ਹੈ। ‘ਸਕੰਕ’ ਕਹਾਣੀ ਵਾਂਗ ‘ਵਿਰਾਸਤ’ ਕਹਾਣੀ ਵਿਚਲੀ ‘ਲੁਕਾਓ ਦੀ ਜੁਗਤ’ ਇਸ ਦੇ ਸੁਹਜ-ਮੁੱਲ ਨੂੰ ਵਧਾਉਂਦੀ ਹੈ। ਕਿਰਤ ਦੀ ਵਿਰਾਸਤ ਅਤੇ ਮਾਲਕੀ ਦੇ ਪ੍ਰਚਲਿਤ ਵਰਤਾਰੇ ਹੇਠ ਹੀ ਕਿਰਤੀ ਦੀ ਤ੍ਰਾਸਦੀ ਛੁਪੀ ਹੋਈ ਹੈ। ਮਾਲਕ ਆਪਣੇ ਹੋਣ ਜਾਂ ਪਰਾਏ, ਲੁੱਟ ਜਾਂ ਸ਼ੋਸ਼ਣ ਦਾ ਸੁਭਾਅ ਉਹੀ ਰਹਿੰਦਾ ਹੈ। ‘ਵੀਡਜ਼’ ਕਹਾਣੀ ਵੀ ਸ਼ੋਸ਼ਣ ਤੇ ਲੁੱਟ ਦੇ ਵਰਤਾਰਿਆਂ ਨੂੰ ਬੇਪਰਦ ਕਰਦੀ ਹੈ। ਮਾਨਵੀ ਰਿਸ਼ਤਿਆਂ ਦੀ ਸੂਖ਼ਮਤਾ ਅਤੇ ਇੱਕ ਝਟਕੇ ਨਾਲ ਕੋਮਲ ਭਾਵਨਾਵਾਂ ਦੇ ਟੁੱਟ-ਤਿੜਕ ਜਾਣ ਦੇ ਦੀਦਾਰ ‘ਉਹ ਰਾਤ’ ਕਹਾਣੀ ਵਿੱਚੋਂ ਹੁੰਦੇ ਹਨ। ‘ਰੀਟ੍ਰੀਟ’ ਕਹਾਣੀ ਔਰਤ ਦੇ ਮਨ ਦੀਆਂ ਪਰਤਾਂ ਦੇ ਇੱਕ ਵੱਖਰੇ ਪਾਸਾਰ ਨੂੰ ਉਜਾਗਰ ਕਰਦੀ ਹੈ।
‘ਲੂਣਦਾਨੀ’ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਦੀ ਤਾਕਤ ਪ੍ਰਗਟਾਵੇ ਦੀ ਜਗ੍ਹਾ ਲੁਕਾਵੇ ਵਿੱਚ ਪਈ ਹੈ। ਕਹਾਣੀਕਾਰ ਕਹਿੰਦਾ ਨਹੀਂ, ਦਿਖਾਉਂਦਾ ਹੈ। ਵਾਸਤਵਿਕਤਾ ਨੂੰ ਕਲਪਨਾ ਦੇ ਧਰਾਤਲ ਉਪਰ ਟਿਕਾਅ ਪ੍ਰਤੀਕ ਵਿੱਚ ਢਾਲਣ ਦੀ ਅਟਕਲ ਉਹ ਖ਼ੂਬ ਜਾਣਦਾ ਹੈ। ਬੇਸ਼ੱਕ ਉਸ ਸ਼ਾਇਰੀ ਨਹੀਂ ਕੀਤੀ ਪਰੰ ਪਾਤਰਾਂ ਦੀ ਪੀੜਾ, ਉਨ੍ਹਾਂ ਨਾਲ ਵਾਪਰੇ ਹਾਦਸਿਆਂ ਅਤੇ ਉਨ੍ਹਾਂ ਦੇ ਸੁੁਪਨਿਆਂ ਦੇ ਟੁੱਟਣ-ਤਿੜਕਣ ਨੂੰ ਚਿਤਰਣ ਸਮੇਂ ਉਸ ਦਾ ਅੰਦਾਜ਼ ਕਾਵਿਕ ਵੀ ਹੋ ਜਾਂਦਾ ਹੈ। ਲੰਮਾ ਸਮਾਂ ਆਪਣੀ ਧਰਤੀ, ਲੋਕਾਂ, ਸਭਿਆਚਾਰ ਅਤੇ ਭਾਸ਼ਾ ਤੋਂ ਫਾਸਲੇ ਉਪਰ ਵਿਚਰਣ ਦੇ ਬਾਵਜੂਦ ਇਹ ਕਹਾਣੀਆਂ ਉਸ ਦੀ ਭਾਸ਼ਾਈ ਸਮਰੱਥਾ ਨੂੰ ਪ੍ਰਗਟਾਉਂਦੀਆਂ ਹਨ। ਇਹ ਕਹਾਣੀਆਂ ਪੜ੍ਹਨਯੋਗ ਵੀ ਹਨ ਤੇ ਗੌਲਣਯੋਗ ਵੀ।
ਸੰਪਰਕ: 98557-19118