ਰੋਹਿਤ ਰਮਨ
ਪੱਖੋ ਕੈਂਚੀਆਂ, 16 ਫਰਵਰੀ
ਪਿੰਡ ਸੁਖਪੁਰਾ ਮੌੜ ਵਿੱਚ ਮਰਹੂਮ ਹਰਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਕਰਵਾਇਆ ਗਿਆ 23ਵਾਂ ਕ੍ਰਿਕਟ ਕੱਪ ਮੇਜ਼ਬਾਨ ਟੀਮ ਨੇ ਜਿੱਤ ਲਿਆ। ਜੇਤੂ ਟੀਮ ਨੂੰ ਇੱਕ ਲੱਖ ਰੁਪਿਆ ਜਦਕਿ ਦੂਜੇ ਨੰਬਰ ’ਤੇ ਰਹੀ ਧੌਲਾ ਦੀ ਟੀਮ ਨੂੰ 51 ਹਜ਼ਾਰ ਰੁਪਏ ਦਿੱਤੇ ਗਏ। ‘ਮੈਨ ਆਫ ਦਿ ਸੀਰੀਜ਼’ ਰਵੀ ਨੂਰਪੁਰ ਬੇਟ ਨੂੰ ਫੋਰਡ ਟਰੈਕਟਰ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਵਧੀਆ ਬੱਲੇਬਾਜ਼ ਗੱਗੂ ਗਿੱਲ ਰਾਮਪੁਰਾ ਅਤੇ ਵਧੀਆ ਗੇਂਦਬਾਜ਼ ਸੁੱਖੀ ਧੌਲਾ ਤੇ ਫ਼ੌਜੀ ਧੌਲਾ ਨੂੰ ਐੱਲਈਡੀ ਦਿੱਤੀ ਗਈ। ਟੂਰਨਾਮੈਂਟ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ ਸੀ। ਇਸ ਦੌਰਾਨ ਗੁਰਦੀਪ ਸਿੰਘ ਬਾਠ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਹਲਕਾ ਵਿਧਾਇਕ ਲਾਭ ਸਿੰਘ ਉਗੋਕੇ, ਕੁਲਦੀਪ ਸਿੰਘ ਕਾਲਾ ਢਿੱਲੋਂ, ਜਗਸੀਰ ਸਿੰਘ ਸੀਰਾ ਛੀਨੀਵਾਲ ਕਿਸਾਨ ਆਗੂ, ਐਡਵੋਕੇਟ ਸਤਨਾਮ ਸਿੰਘ ਰਾਹੀ, ਗੋਬਿੰਦ ਸਿੰਘ ਸੰਧੂ ਆਦਿ ਸਿਆਸੀ ਆਗੂਆਂ ਨੇ ਵੀ ਹਾਜ਼ਰੀ ਲਗਵਾਈ।
ਆਲ ਇੰਡੀਆ ਚੈਲੰਜਰ ਕੱਪ ਸ਼ੁਰੂ
ਮਾਨਸਾ (ਪੱਤਰ ਪ੍ਰੇਰਕ): ਖਾਲਸਾ ਸਕੂਲ ਦੇ ਕ੍ਰਿਕਟ ਗਰਾਊਂਡ ਵਿੱਚ ਮਾਨਸਾ ਦੇ ਸੀਨੀਅਰ ਖਿਡਾਰੀਆਂ ਅਤੇ ਕ੍ਰਿਕਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਲ ਇੰਡੀਆ ਚੈਂਲਜਰ ਕੱਪ ਅੱਜ ਸ਼ੁਰੂ ਹੋ ਗਿਆ। ਟੂਰਨਾਮੈਂਟ ਦਾ ਉਦਘਾਟਨ ਦਿਲਰਾਜ ਸਿੰਘ ਭੂੰਦੜ ਅਤੇ ਉੱਘੇ ਸਮਾਜ ਸੇਵੀ ਕਾਲਾ ਗਾਗੋਵਾਲ ਨੇ ਕੀਤਾ। ਪਹਿਲਾ ਮੈਚ ਕੇਜੀਐੱਫ ਫਤਹਿਗੜ੍ਹ ਸਾਹਿਬ ਅਤੇ ਵਰਮਾ ਕਲੱਬ ਲੁਧਿਆਣਾ ਵਿਚਕਾਰ ਖੇਡਿਆ ਗਿਆ। ਕੇਜੀਐੱਫ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 155 ਦੌੜਾਂ ਬਣਾਈਆਂ। ਜਵਾਬ ਵਿੱਚ ਵਰਮਾ ਕਲੱਬ ਨੇ 2 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਮੌਕੇ ਅਰਪਿਤ ਸਿੰਗਲਾ, ਵਿਨੈ ਸਿੰਗਲਾ, ਵਿਨੈਪਾਲ ਗਿੱਲ, ਭਗਵਾਨ ਸਿੰਘ ਤੇ ਹੋਰ ਹਾਜ਼ਰ ਸਨ।