ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਐਂਟੀ ਨਾਰਕੋਟਿਕ ਸੈੱਲ-1 ਲੁਧਿਆਣਾ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਲੱਖਾਂ ਰੁਪਏ ਦੇ ਮੁੱਲ ਦੀ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਏਸੀਪੀ ਅਮਨਦੀਪ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਦੀ ਅਗਵਾਈ ਹੇਠ ਥਾਣੇਦਾਰ ਅਮਰਜੀਤ ਕੁਮਾਰ ਨੂੰ ਸਮੇਤ ਪੁਲੀਸ ਪਾਰਟੀ ਨੂੰ ਗਸ਼ਤ ਦੌਰਾਨ ਪਤਾ ਲੱਗਿਆ ਕਿ ਗੁਰਦੀਪ ਸਿੰਘ ਗੋਗੀ ਵਾਸੀ ਪਿੰਡ ਦੌਲਤਪੁਰ ਨੀਂਵਾ ਮੋਗਾ ਟੈਕਸੀ ਚਲਾਉਣ ਦੀ ਆੜ ਵਿੱਚ ਅਫ਼ੀਮ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਹੈ। ਪੁਲੀਸ ਪਾਰਟੀ ਨੇ ਉਸ ਨੂੰ ਕਾਰ ਮਾਰੂਤੀ ਸਲੈਰੀਓ (ਟੈਕਸੀ) ਨੰਬਰ ਪੀਬੀ 01ਸੀ 8284 ’ਤੇ ਆਉਂਦਿਆਂ ਸਾਇਆਂ ਚੌਕ ਤੋਂ ਕਾਬੂ ਕਰ ਕੇ 6 ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਥਾਣਾ ਡੇਹਲੋਂ ਦੀ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਉਸਦੀ ਕਾਰ ਵੀ ਕਬਜ਼ੇ ਵਿੱਚ ਲੈ ਲਈ ਗਈ ਹੈ।