ਹਰਨੇਕ ਸਿੰਘ ਘੜੂੰਆ
ਮੈਂ ਆਪਣੀ ਧੀ ਦੇ ਘਰ ਤੋਂ ਆਉਣਾ ਸੀ ਆਪਣੇ ਘਰ। ਮੇਰੀ ਗੱਡੀ ਦਾ ਡਰਾਈਵਰ ਛੁੱਟੀ ’ਤੇ ਸੀ, ਇਸ ਲਈ ਟੈਕਸੀ ਬੁਲਾਈ ਗਈ ਤੇ ਮੈਂ ਡਰਾਈਵਰ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ।
“ਦੋਸਤਾ ਘਰ ਕਿੱਥੇ ਹੈ?” ਡਰਾਈਵਰ ਨੇ ਗਰਦਨ ਭੁਆ ਕੇ ਮੇਰੀਆਂ ਅੱਖਾਂ ਵਿਚ ਤੱਕਿਆ, ਉਸ ਦੀਆਂ ਅੱਖਾਂ ਵਿਚ ਅੱਥਰੂ ਸਨ। ਮੈਨੂੰ ਅਫ਼ਸੋਸ ਹੋਇਆ, ਸ਼ਾਇਦ ਮੈਥੋਂ ਇਸ ਦੀ ਦੁਖਦੀ ਰਗ਼ ’ਤੇ ਹੱਥ ਧਰਿਆ ਗਿਆ।
ਪਾਕਿਸਤਾਨ ਜਾਈਦਾ ਏ, ਉੱਥੇ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ। ਪਿੰਡ ਚਾਂਦੀ ਕੋਟ ਵਿਚ ਭਾਰੀ ਇਕੱਠ ਸੀ ਜਿਸ ਵਿਚ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਹ ਪਿੰਡ ਭਗਟੇਰੇ ਤੋਂ ਨਨਕਾਣਾ ਸਾਹਿਬ ਜਾਣ ਵਾਲੀ ਸੜਕ ਉੱਤੇ ਹੈ। ਪਿੰਡ ਚਾਂਦੀ ਕੋਟ ਦਾ ਖੁਸ਼ੀ ਮੁਹੰਮਦ ਚਾਲੀ ਮੁਰੱਬਿਆਂ ਦਾ ਮਾਲਕ ਤੇ ਸਿੱਖਾਂ ਦਾ ਹਮਦਰਦ। ਇਹ ਇਕੱਠ ਜਿਸ ਮਸਲੇ ਲਈ ਬੁਲਾਇਆ ਗਿਆ ਸੀ, ਉਹ ਕਿਸੇ ਤਣ ਪੱਤਣ ਨਹੀਂ ਲੱਗ ਰਿਹਾ ਸੀ। ਹਾਲਾਤ ਮਾੜੇ ਸਨ। ਖੁਸ਼ੀ ਮੁਹੰਮਦ ਨੇ ਸਿੱਖ ਵਿਰਕਾਂ ਦਾ ਇਕੱਠ ਰੱਖਿਆ ਸੀ।
ਨਨਕਾਣਾ ਸਾਹਿਬ ਤੋਂ ਗੁਜਰਾਂਵਾਲੇ ਤੀਕ ਵਿਰਕਾਂ ਦਾ ਇਲਾਕਾ ਹੈ। ਇਸ ਇਲਾਕੇ ਨੂੰ ਵਰਕਾਇਤ ਵੀ ਕਿਹਾ ਜਾਂਦਾ ਹੈ। ਵਿਰਕ ਬੜੇ ਦਿਲਚਸਪ ਕਿਸਮ ਦੇ ਲੋਕ ਹਨ। ਲੜਾਈ ਭੜਾਈ ਇਨ੍ਹਾਂ ਦੀ ਰੂਹ ਦੀ ਖੁਰਾਕ ਹੈ। ਡੰਗਰ ਪਸ਼ੂ ਚੋਰੀ ਕਰਨਾ ਵੀ ਇਨ੍ਹਾਂ ਦੀ ਪਸੰਦੀਦਾ ਖੇਲ ਹੈ। ਇੱਥੇ ਵਿਰਕਾਂ ਦਾ ਮੁੰਡਾ ਗਿੱਲਾਂ ਦੇ ਵਿਆਹਿਆ ਗਿਆ। ਰਾਤੀਂ ਉਹ ਬੈਲ ਖੋਲ੍ਹ ਕੇ ਤੁਰਦਾ ਬਣਿਆ। ਮੂੰਹ ਹਨੇਰੇ ਜਦੋਂ ਸੁਆਣੀਆਂ ਧਾਰਾਂ ਕੱਢਣ ਗਈਆਂ, ਉਦੋਂ ਬੈਲ ਦਾ ਕਿੱਲਾ ਖਾਲੀ ਨਜ਼ਰ ਆਇਆ। ਘਰ ਵਿਚ ਰੌਲਾ ਪੈ ਗਿਆ। ਇਕ ਬਜ਼ੁਰਗ ਜੋ ਬੜਾ ਤਜਰਬੇਕਾਰ ਸੀ, ਕਹਿਣ ਲੱਗਾ, “ਫਿਕਰ ਨਾ ਕਰੋ, ਬੈਲ ਪ੍ਰਾਹੁਣਾ ਲੈ ਗਿਆ।” ਕੁਝ ਲੋਕ ਉਸ ਦੇ ਪਿੱਛੇ ਭੱਜੇ ਤੇ ਰਸਤੇ ਵਿਚੋਂ ਲੱਭ ਲਿਆ, ਥਾਪੀ ਦੇ ਕੇ ਕਹਿਣ ਲੱਗੇ, “ਵਾਹ ਬਈ ਪ੍ਰਾਹੁਣਿਆਂ, ਹੁਣ ਸਾਡੀ ਤਸੱਲੀ ਹੋ ਗਈ। ਤੂੰ ਸਾਡੀ ਕੁੜੀ ਨੂੰ ਭੁੱਖੀ ਨਹੀਂ ਮਰਨ ਦਿੰਦਾ। ਕਰਨਾਲ ਦਾ ਰੱਕੜ ਇਲਾਕਾ ਜਿੱਥੇ ਕਹੀ ਧਰਤੀ ’ਚ ਮਾਰਿਆਂ ਸਿਰ ਨੂੰ ਆਉਂਦੀ ਸੀ, ਇਨ੍ਹਾਂ ਨੇ ਹਰਿਆ-ਭਰਿਆ ਕਰ ਦਿੱਤਾ।
ਇਸ ਭਾਈਚਾਰੇ ਵਿਚ ਕਈ ਨਾਮਵਰ ਸਾਹਿਤਕਾਰ ਹੋਏ ਹਨ; ਖ਼ਾਸਕਰ ਕੁਲਵੰਤ ਸਿੰਘ ਵਿਰਕ ਜਿਸ ਦੀਆਂ ਕਹਾਣੀਆਂ ਬੜੀਆਂ ਦਮਦਾਰ ਹਨ। ਇਸੇ ਤਰ੍ਹਾਂ ਪ੍ਰੋ. ਅਨੂਪ ਸਿੰਘ ਵਿਰਕ ਨਾਮਵਰ ਕਵੀ ਹੋਏ ਹਨ ਜਿਨ੍ਹਾਂ ਨੇ ਖਾਲਸ ਦੇਸੀ ਘੀ ਵਰਗੀ ਖੁਸ਼ਬੋ ਛੱਡਦੀ ਗੱਲ ਕਹੀ ਹੈ:
ਜੋ ਦਰਦ ਪਛਾਣੇ ਰਾਤਾਂ ਦਾ
ਕੋਈ ਸੂਰਜ ਭਾਲ ਰਿਹਾਂ।
ਹੋਵੇ ਹਰ ਹਰਫ਼ ਚਿਰਾਗ ਜਿਹਾ,
ਗੀਤਾਂ ਦਾ ਦੀਵਾ ਬਾਲ ਰਿਹਾਂ।
ਇਸ ਇਲਾਕੇ ਦਾ ਸਿੱਖ ਪੰਥ ਦਾ ਜਰਨੈਲ ਨਵਾਬ ਕਪੂਰ ਸਿੰਘ ਹੋਇਆ ਹੈ ਜਿਸ ਦਾ ਪਿੰਡ ਸਈਅਦ ਵਾਰਿਸ ਸ਼ਾਹ ਵਾਲਾ ਜੰਡਿਆਲਾ ਸ਼ੇਰ ਖਾਂ ਸੀ।
ਮੈਂ ਜਦੋਂ ਵੀ ਪਾਕਿਸਤਾਨ ਜਾਂਦਾ ਹਾਂ ਤਦ ਸ਼ੇਖੂਪੁਰੇ ਸਿਵਲ ਲਾਈਨਜ਼ ਵਿਚ ਸਰਾਂਵਾਂ ਦੇ ਘਰ ਠਹਿਰਦਾ ਹਾਂ। ਸਰਾਂਵਾਂ ਦੇ ਘਰ ਦੇ ਸਾਹਮਣੇ ਤੁਅੱਲਕਉਲਾ ਵਿਰਕ ਦਾ ਆਲੀਸ਼ਾਨ ਬੜਾ ਖੁੱਲ੍ਹਾ ਘਰ ਹੈ। ਤੁਅੱਲਕਉਲਾ ਵਿਰਕ ਚੌਧਰੀ ਖੁਸ਼ੀ ਮੁਹੰਮਦ ਦਾ ਪੁੱਤਰ ਹੈ। ਜਿਹੜੇ ਦਿਨਾਂ ਵਿਚ ਮੈਂ ਸ਼ੇਖੂਪੁਰੇ ਠਹਿਰਦਾ, ਤੁਅੱਲਕਉਲਾ ਵਿਰਕ ਮੇਰੀ ਖਿ਼ਦਮਤਦਾਰੀ ਵਿਚ ਹਾਜ਼ਰ ਰਹਿੰਦਾ। ਲਾਹੌਰ ਮੈਂ ਇਸੇ ਕਰ ਕੇ ਘੱਟ ਠਹਿਰਦਾ ਹਾਂ। ਲਾਹੌਰੀਏ ਸਾਰੀ ਰਾਤ ਜਾਗਦੇ ਹਨ ਤੇ ਸਾਰਾ ਦਿਨ ਸੌਂਦੇ ਹਨ।
ਹਾਂ ਸੱਚ ਮੈਂ ਗੱਲ ਕਰ ਰਿਹਾ ਸੀ ਚਾਂਦੀ ਕੋਟ ਦੇ ਇਕੱਠ ਦੀ, ਚੌਧਰੀ ਖੁਸ਼ੀ ਮੁਹੰਮਦ ਸਾਥੀ ਸਿੱਖਾਂ ’ਤੇ ਜ਼ੋਰ ਪਾ ਰਹੇ ਸਨ, “ਤੁਸੀਂ ਕੁਝ ਸਮੇਂ ਵਾਸਤੇ ਮੁਸਲਮਾਨ ਬਣ ਜਾਉ। ਫਿਰ ਸਿੱਖ ਬਣ ਜਾਣਾ।” ਉੱਥੇ ਕੋਈ ਸਿੱਖ ਬਜ਼ੁਰਗ ਬੈਠਾ ਸੀ ਜੋ ਆਪਣੀ ਲੱਤ ਦੀ ਪਿੰਡਲੀ ਉੱਤੇ ਹਲਕੀ ਹਲਕੀ ਛਿਟੀ ਮਾਰ ਰਿਹਾ ਸੀ। ਉਸ ਬਜ਼ੁਰਗ ਨੇ ਕਿਹਾ, “ਸਾਨੂੰ ਸੋਚਣ ਦਾ ਮੌਕਾ ਦਿਉ।”
ਅਗਲੀ ਸਵੇਰ ਕੁੱਕੜ ਦੀ ਪਹਿਲੀ ਬਾਂਗ ਨਾਲ ਸਿੱਖ ਸਰਦਾਰ ਘੋੜੀਆਂ ’ਤੇ ਚੜੇ ਹੋਏ ਚੌਧਰੀ ਖੁਸ਼ੀ ਮੁਹੰਮਦ ਦੇ ਡੇਰੇ ਵਿਚ ਦਾਖ਼ਲ ਹੋਏ। ਚੌਧਰੀ ਖੁਸ਼ੀ ਮੁਹੰਮਦ ਸਿੱਖਾਂ ਨੂੰ ਦੇਖ ਕੇ ਬੜੇ ਖੁਸ਼ ਹੋਏ ਤੇ ਕਹਿਣ ਲੱਗੇ, “ਸਰਦਾਰੋ, ਪਹਿਲਾਂ ਕੁਝ ਖਾਣ ਪੀਣ ਕਰ ਲਵੋ, ਫਿਰ ਮੌਲਵੀ ਨੂੰ ਬੁਲਾ ਕੇ ਕਲਮਾ ਪੜਾ ਦੇਂਦੇ ਹਾਂ।”
ਸਿੱਖ ਬਜ਼ੁਰਗ ਨੇ ਸਿਰ ਮਾਰਿਆ, “ਨਹੀਂ, ਜੇ ਅਸੀਂ ਮੁਸਲਮਾਨ ਬਣ ਗਏ ਤਾਂ ਪੰਥ ਨੂੰ ਲਾਜ ਲੱਗ ਜਾਵੇਗੀ। ਹੁਣ ਅਸੀਂ ਆਪਣੇ ਵਤਨ ਜਾ ਰਹੇ ਹਾਂ। ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਬਹੁਤ ਖਲੂਸ ਦਿਖਾਇਆ, ਦਾਅਵਤਾਂ ਦਿੱਤੀਆਂ।” ਸਿੱਖ ਤੇ ਮੁਸਲਮਾਨ ਇਕ ਦੂਜੇ ਦੇ ਗਲਾਂ ਨੂੰ ਚਿੰਬੜ ਕੇ ਵਿਲਕਦੇ ਰਹੇ। ਸਿੱਖਾਂ ਨੇ ਘੋੜੀਆਂ ਦੋ ਮੂੰਹ ਉਸ ਦੇਸ਼ ਵੱਲ ਕੀਤੇ ਜਿਸ ਦੇ ਬੰਨੇ ਬਾਰੇ ਕਿਸੇ ਨੂੰ ਪਤਾ ਨਹੀਂ ਸੀ, ਇਹ ਕਿੱਥੋਂ ਸ਼ੁਰੂ ਹੁੰਦਾ ਹੈ।
ਟੈਕਸੀ ਮੇਰੇ ਘਰ ਅੱਗੇ ਆ ਕੇ ਰੁਕ ਗਈ। ਮੈਂ ਪੈਸੇ ਦੇ ਕੇ ਤੁਰਨ ਲੱਗਿਆ ਪਰ ਟੈਕਸੀ ਵਾਲੇ ਨੇ ਰੋਕ ਲਿਆ।
“ਸਰਦਾਰ ਜੀ, ਤੁਸੀਂ ਪੁੱਛਿਆ ਸੀ, ਮੇਰੇ ਘਰ ਕਿੱਥੇ ਹਨ? … … … ਮੁਦਤ ਹੋ ਗਈ ਪਾਕਿਸਤਾਨ ਤੋਂ ਉੱਜੜ ਕੇ ਆਇਆਂ ਨੂੰ, ਅਜੇ ਤੱਕ ਛੱਤ ਨਸੀਬ ਨਹੀਂ ਹੋਈ। ਉੱਜੜ ਗਿਆਂ ਦੇ ਕਿਹੜੇ ਘਰ ਹੁੰਦੇ?”
ਸੀਨੇ ਵਿਚ ਦਰਦ ਦਬਾਈ ਰੋਟੀ ਰੋਜ਼ੀ ਲਈ ਟੈਕਸੀ ਵਾਲਾ ਭਾਈ ਅੱਗੇ ਤੁਰ ਗਿਆ।
ਸੰਪਰਕ: 98156-28998