ਬੀਜਿੰਗ, 19 ਫਰਵਰੀ
ਚੀਨ ਵੱਲੋਂ ਕਥਿਤ ਤੌਰ ’ਤੇ ਭੂਟਾਨ ਨਾਲ ਵਿਵਾਦਤ ਖੇਤਰ ’ਚ ਨਿਰਮਾਣ ਕਾਰਜਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਹ ਗਤੀਵਿਧੀਆਂ ਉਸ ਵੇਲੇ ਕੀਤੀਆਂ ਜਾ ਰਹੀਆਂ ਹਨ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਗੱਲਬਾਤ ਚੱਲ ਰਹੀ ਹੈ। ਇਹ ਖੁਲਾਸਾ ਹਾਂਗਕਾਂਗ ਆਧਾਰਤ ਸਾਊਥ ਚਾਈਨਾ ਮੌਰਨਿੰਗ ਪੋਸਟ ਦੀ ਇਕ ਰਿਪੋਰਟ ਤੋਂ ਹੋਇਆ ਹੈ। ਦੋਵਾਂ ਦੇਸ਼ਾਂ ਨੂੰ ਵੱਖ ਕਰਨ ਵਾਲੇ ਪਹਾੜੀ ਖੇਤਰ ਵਿੱਚ ਘੱਟੋ-ਘੱਟ ਤਿੰਨ ਪਿੰਡ ਬਣਾਏ ਗਏ ਹਨ। ਰਿਪੋਰਟ ਵਿੱਚ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗਰੀਬੀ ਹਟਾਉਣ ਦੀ ਯੋਜਨਾ ਵਜੋਂ ਤੇਜ਼ੀ ਨਾਲ ਵਿਸਤਾਰ ਸ਼ੁਰੂ ਹੋਇਆ ਸੀ ਪਰ ਇਹ ਦੋਹਰੀ ਕੌਮੀ ਸੁਰੱਖਿਆ ਭੂਮਿਕਾ ਨਿਭਾਉਂਦਾ ਹੈ। ਰਿਪੋਰਟ ਅਨੁਸਾਰ ਹਿਮਾਲਿਆ ਦੇ ਦੂਰ-ਦੁਰਾਡੇ ਪਿੰਡ ਵਿੱਚ ਚੀਨ ਅਤੇ ਭੂਟਾਨ ਦੇ ਲੰਬੇ ਸਮੇਂ ਤੋਂ ਵਿਵਾਦਿਤ ਸਰਹੱਦੀ ਖੇਤਰ ’ਚ 18 ਨਵੇਂ ਚੀਨੀ ਨਿਵਾਸੀ ਆਪਣੇ ਨਵੇਂ ਬਣੇ ਘਰਾਂ ਵਿੱਚ ਦਾਖਲ ਹੋਣ ਦੀ ਉਡੀਕ ਕਰ ਰਹੇ ਸਨ। ਯੂਐਸ ਆਧਾਰਤ ਮੈਕਸਰ ਟੈਕਨਾਲੋਜੀ ਦੀ ਸੈਟੇਲਾਈਟ ਇਮੇਜਰੀ ਖੇਤਰ ’ਚ 147 ਨਵੇਂ ਘਰ ਦਿਖਾਉਂਦੀ ਹੈ ਜੋ ਵਸਨੀਕਾਂ ਦੇ ਆਉਣ ਤੋਂ ਸੱਤ ਦਿਨ ਪਹਿਲਾਂ ਲਈ ਗਈ ਸੀ। ਪਿੰਡ ਨੂੰ 235 ਘਰਾਂ ਲਈ ਡਿਜ਼ਾਈਨ ਕੀਤਾ ਗਿਆ ਸੀ। ਜਦੋਂ ਕਿ 2022 ਦੇ ਅੰਤ ਤਕ ਸਿਰਫ 70 ਘਰਾਂ ਵਿੱਚ 200 ਲੋਕ ਉੱਥੇ ਰਹਿ ਰਹੇ ਸਨ। ਇਸੇ ਦੌਰਾਨ ਭਾਰਤ ਨੇ ਚੀਨੀ ਫੌਜ ਵੱਲੋਂ ਡੋਕਲਾਮ ਟ੍ਰਾਈ-ਜੰਕਸ਼ਨ ’ਤੇ ਕੀਤੇ ਜਾ ਰਹੇ ਸੜਕ ਦੇ ਨਿਰਮਾਣ ਦਾ ਸਖ਼ਤ ਵਿਰੋਧ ਕੀਤਾ ਹੈ ਕਿਉਂਕਿ ਇਸ ਨਾਲ ਉਸ ਦੇ ਸਮੁੱਚੇ ਸੁਰੱਖਿਆ ਹਿੱਤਾਂ ’ਤੇ ਅਸਰ ਪਵੇਗਾ। ਇਹ ਤੰਗ ਸਿਲੀਗੁੜੀ ਕੋਰੀਡੌਰ ਨੇੜੇ ਹੈ, ਜਿਸ ਨੂੰ ‘ਚਿਕਨ ਨੇੈੱਕ’ ਵੀ ਕਿਹਾ ਜਾਂਦਾ ਹੈ ਤੇ ਇਹ ਭਾਰਤ ਨੂੰ ਉੱਤਰ-ਪੂਰਬ ਨਾਲ ਜੋੜਦਾ ਹੈ। -ਪੀਟੀਆਈ