ਜੰਮੂ, 20 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਧਾਰਾ 370 ਰੱਦ ਕਰਨ ਦਾ ਜੰਮੂ-ਕਸ਼ਮੀਰ ਦੇ ਸਮੁੱਚੇ ਵਿਕਾਸ ਦੀ ਰਫ਼ਤਾਰ ਵਧਾਉਣ ’ਚ ਅਹਿਮ ਯੋਗਦਾਨ ਰਿਹਾ ਹੈ ਅਤੇ ਉਨ੍ਹਾਂ ਦੀ ਸਰਕਾਰ ਵਾਦੀ ਨੂੰ ਅਜਿਹਾ ਸੈਲਾਨੀ ਸਥਾਨ ਬਣਾਉਣ ਲਈ ਵਚਨਬੱਧ ਹੈ ਜੋ ਸਵਿਟਜ਼ਰਲੈਂਡ ਦਾ ਮੁਕਾਬਲਾ ਕਰ ਸਕੇ।
ਇੱਥੇ ਮੌਲਾਨਾ ਆਜ਼ਾਦ ਸਟੇਡੀਅਮ ’ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਂਬਾ ਦੇ ਵਿਜੈਪੁਰ ਵਿੱਚ ਏਮਸ ਅਤੇ ਦੇਸ਼ ਦੀ ਸਭ ਤੋਂ ਲੰਬੀ ਟਰਾਂਸਪੋਰਟਸ਼ਨ ਸੁਰੰਗ ਸਣੇ ਜੰਮੂ-ਕਸ਼ਮੀਰ ’ਚ 32000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਪ੍ਰਾਜੈਕਟ ਦੇਸ਼ ਨੂੰ ਸਮਰਪਿਤ ਕੀਤੇ ਅਤੇ ਕਈਆਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਦੇਸ਼ ਦੇ ਹੋਰ ਹਿੱਸਿਆਂ ’ਚ 13500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਵਰਚੁਅਲੀ ਸ਼ੁਰੂਆਤ ਕੀਤੀ। ਇਹ ਪ੍ਰਾਜੈਕਟ ਸਿਹਤ, ਸਿੱਖਿਆ, ਰੇਲਵੇ, ਸੜਕਾਂ, ਹਵਾਬਾਜ਼ੀ, ਪੈਟਰੋਲੀਅਮ, ਬੁਨਿਆਦੀ ਢਾਂਚੇ ਸਣੇ ਕਈ ਹੋਰ ਸੈਕਟਰਾਂ ਨਾਲ ਸਬੰਧਤ ਹਨ। ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਤੋਂ ਨਵੇਂ ਭਰਤੀ ਲਗਪਗ 1500 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ‘ਵਿਕਸਿਤ ਭਾਰਤ ਵਿਕਸਿਤ ਜੰਮੂ’ ਪ੍ਰੋਗਰਾਮ ਤਹਿਤ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਨਾਲ ਮੁਲਾਕਾਤ ਵੀ ਕੀਤੀ। ਪ੍ਰਧਾਨ ਮੰਤਰੀ ਨੇ ਇਲਾਕੇ ਵਿੱਚ ਜੀ-20 ਸੰਮੇਲਨ ਮਗਰੋਂ ਖਾੜੀ ਦੇਸ਼ਾਂ ਅੰਦਰ ਜੰਮੂ ਕਸ਼ਮੀਰ ਵਿੱਚ ਨਿਵੇਸ਼ ਲਈ ਆਈ ਸਕਾਰਾਤਮਕਤਾ ਉਭਾਰਦਿਆਂ ਆਖਿਆ ਕਿ ਪੂਰੀ ਦੁਨੀਆ ਇੱਥੋਂ ਦੀ ਸੁੰਦਰਤਾ, ਪਰੰਪਰਾ ਅਤੇ ਸੱਭਿਆਚਾਰ ਤੋਂ ਪ੍ਰਭਾਵਿਤ ਹੋਈ ਹੈ।
ਮੋਦੀ ਮੁਤਾਬਕ ਜੰਮੂ ਕਸ਼ਮੀਰ ਨੂੰ ਪਰਿਵਾਰਵਾਦ ਦੀ ਰਾਜਨੀਤੀ ਤੋਂ ਮੁਕਤੀ ਮਿਲ ਰਹੀ ਹੈ ਅਤੇ ਇਹ ਉੱਤਰ ਪੂਰਬੀ ਰਾਜ ਵਿਕਸਿਤ ਹੋਣ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਜੰਮੂ ਕਸ਼ਮੀਰ ਨੂੰ ਵਿਕਸਿਤ ਕਰਨ ਦਾ ਸੰਕਲਪ ਲਿਆ ਹੈ। ਅਗਲੇ ਕੁਝ ਸਾਲਾਂ ’ਚ ਤੁਹਾਡੇ ਸਾਰੇ ਸੁਫ਼ਨੇ ਪੂਰੇ ਕਰਾਂਗੇ। ਅਸੀਂ ਕਸ਼ਮੀਰ ’ਚ ਅਜਿਹਾ ਢਾਂਚਾ ਤਿਆਰ ਕਰਾਂਗੇ ਕਿ ਲੋਕ ਸਵਿਟਜ਼ਰਲੈਂਡ ਜਾਣਾ ਭੁੱਲ ਜਾਣਗੇ।’’ ਪ੍ਰਧਾਨ ਮੰਤਰੀ ਮੋਦੀ ਨੇ ਜੰਮੂ ਦੇ ਸਾਂਬਾ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਸ), ਵਿਜੈਪੁਰ ਦਾ ਉਦਘਾਟਨ ਕੀਤਾ ਤੇ ਕਿਹਾ ਕਿ ਇਹ ‘ਏਮਸ’ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵਿਆਪਕ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਏਗਾ ਤੇ ਉਨ੍ਹਾਂ ਵਿਸ਼ੇਸ਼ ਇਲਾਜ ਸਹੂਲਤਾਂ ਵਾਸਤੇ ਦਿੱਲੀ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਨੇ ਅੱਜ ਦੇਸ਼ ਦੀ ਸਭ ਤੋਂ ਲੰਬੀ ਟਰਾਂਸਪੋਰਟੇਸ਼ਨ ਸੁਰੰਗ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ ਦਾ ਉਦਘਾਟਨ ਕੀਤਾ ਅਤੇ ਕਸ਼ਮੀਰ ਘਾਟੀ ’ਚ (ਸਾਂਗਲਦਨ ਤੇ ਬਾਰਾਮੂਲਾ ਵਿਚਾਲੇ) ਬਿਜਲੀ ਨਾਲ ਚੱਲਣ ਵਾਲੀ ਪਹਿਲੀ ਰੇਲਗੱਡੀ ਨੂੰ ਵਰਚੁਅਲੀ ਹਰੀ ਝੰਡੀ ਦਿਖਾਈ। ਬਨਿਹਾਲ-ਖਾਰੀ-ਸੁੰਬਰ-ਸਾਂਗਲਦਨ ਸੈਕਸ਼ਨ ਦੀਆਂ 11 ਸੁਰੰਗਾਂ ’ਚੋਂ ਟੀ-50 ਨੂੰ ਸਭ ਤੋਂ ਚੁਣੌਤੀਪੂਰਨ ਮੰਨਿਆ ਜਾਂਦਾ ਹੈ। ਪ੍ਰਾਜੈਕਟ ਨਾਲ ਜੁੜੇ ਰੇਲਵੇ ਅਧਿਕਾਰੀਆਂ ਮੁਤਾਬਕ ਇਸ ਸੁਰੰਗ ਦਾ ਕੰਮ 2010 ਵਿੱਚ ਸ਼ੁਰੂ ਹੋਇਆ ਸੀ ਤੇ ਇਸ ਨੂੰ ਚਾਲੂ ਹੋਣ ’ਚ ਲਗਪਗ 14 ਵਰ੍ਹੇ ਲੱਗੇ ਹਨ। ਦੇਸ਼ ਦੀ ਇਹ ਸਭ ਤੋਂ ਲੰਬੀ ਟਰਾਂਸਪੋਰੇਸ਼ਨ ਸੁਰੰਗ ਜਿਹੜੀ 12.77 ਕਿਲੋਮੀਟਰ ਅਤੇ ਟੀ-50 ਦੇ ਨਾਂ ਨਾਲ ਜਾਣੀ ਜਾਂਦੀ ਹੈ, ਖਾਰੀ ਤੇ ਸੁੰਬਰ ਸੈਕਸ਼ਨ ਦੇ ਵਿਚਾਲੇ ਸਥਿਤ ਹੈ। ਉਨ੍ਹਾਂ ਨੇ 48 ਕਿਲੋਮੀਟਰ ਲੰਬੇ ਬਨਿਹਾਲ-ਖਾਰੀ-ਸੁੰਬਰ-ਸਾਂਗਲਦਨ ਸੈਕਸ਼ਨ ਤੇ 186 ਕਿਲੋਮੀਟਰ ਲੰਬੀ ਰੇਲਵੇ ਲਾਈਨ ਬਾਰਮੂਲਾ-ਸ੍ਰੀਨਗਰ-ਬਨਿਹਾਲ-ਸਾਂਗਲਦਨ ਜਿਸ ਦਾ ਬਿਜਲੀਕਰਨ ਕੀਤਾ ਗਿਆ ਹੈ, ਦਾ ਉਦਘਾਟਨ ਵੀ ਕੀਤਾ। ਇਹ ਰੇਲ ਪ੍ਰਾਜੈਕਟ ਕੁਨੈਕਟਿਵਿਟੀ ’ਚ ਸੁਧਾਰ ਦੇ ਨਾਲ ਨਾਲ ਖਿੱਤੇ ਦੇ ਸਮੁੱਚੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ। -ਏਜੰਸੀਆਂ
ਤਿੰਨ ਕਰੋੜ ‘ਲੱਖਪਤੀ ਦੀਦੀਆਂ’ ਬਣਾਉਣ ਲਈ ਔਰਤਾਂ ਤੋਂ ਸਹਿਯੋਗ ਮੰਗਿਆ
ਜੰਮੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਕਰੋੜ ‘ਲੱਖਪਤੀ ਦੀਦੀ’ ਬਣਾਉਣ ਲਈ ਦੇਸ਼ ਦੀਆਂ ਔਰਤਾਂ ਤੋਂ ਸਹਿਯੋਗ ਮੰਗਿਆ ਹੈ। ਕਠੂੁਆ ਜ਼ਿਲ੍ਹੇ ਦੇ ਬਸੋਹਲੀ ਇਲਾਕੇ ’ਚ ਰੈਲੀ ਦੌਰਾਨ ਸਵੈ-ਸਹਾਇਤਾ ਗਰੁੱਪ ਦੀ ਮੁਖੀ ਕੀਰਤੀ ਸ਼ਰਮਾ ਨੂੰ ਆਜੀਵਿਕਾ ਯੋਜਨਾ ਤਹਿਤ ਕਰਜ਼ ਦਾ ਲਾਭ ਲੈਣ ਤੇ ਦਿਹਾਤੀ ਔਰਤਾਂ ਦੀ ਸਫਲਤਾ ’ਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਕੀਰਤੀ ਦੇ ਗਰੁੱਪ ਨੇ ਇੱਕ ਲੱਖ ਰੁਪਏ ਕਰਜ਼ਾ ਲੈ ਕੇ ਤਿੰਨ ਗਾਵਾਂ ਖਰੀਦੀਆਂ ਸਨ, ਜਿਸ ਨੇ ਸਾਰਾ ਕਰਜ਼ਾ ਮੋੜ ਦਿੱਤਾ ਅਤੇ ਉਹ ਹੁਣ ਕਈ ਔਰਤਾਂ ਦੇ ਉੱਦਮ ਸਦਕਾ ਉਹ ਇੱਕ ਗਊਸ਼ਾਲਾ ਚਲਾ ਰਹੀ ਹੈ। ਉਨ੍ਹਾਂ ਆਖਿਆ, ‘‘ਔਰਤਾਂ ਦੀ ਜ਼ਿੰਦਗੀ ਬਦਲ ਰਹੀ ਹੈ ਤੇ ਦਿਹਾਤੀ ਭਾਰਤ ’ਚ ‘ਬਦਲਾਅ ਦਾ ਇੰਜਣ’ ਬਣ ਰਹੀਆਂ ਹਨ।’’ ਔਰਤਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਮੋਦੀ ਨੇ ਕਿਹਾ, ‘‘ਤੁਸੀਂ ਇੱਕ ਕ੍ਰਾਂਤੀ ਲਿਆਂਦੀ ਹੈ। ਤੁਹਾਡੇ ਵਰਗੀਆਂ ਭੈਣਾਂ ਲਈ ਮੇਰਾ ਵੱਡਾ ਸੁਫ਼ਨਾ ਹੈ ਜੋ ਸਵੈ-ਸਹਾਇਤਾ ਗਰੁੱਪ ’ਚ ਕੰਮ ਕਰਦੀਆਂ ਹਨ।
ਇਨ੍ਹਾਂ ਵਿਚੋਂ ਮੈਂ ਤਿੰਨ ਕਰੋੜ ਔਰਤਾਂ ਨੂੰ ਲੱਖਪਤੀ ਦੀਦੀ ਬਣਾਉਣਾ ਚਾਹੁੰਦਾ ਹਾਂ।’’ ਇਸ ਦੌਰਾਨ ਵਿਕਾਸ ਕਾਰਜਾਂ ਅਤੇ ਮਹਿਲਾਵਾਂ ਦੇ ਸੁਫਨੇ ਪੂਰੇ ਕਰਨ ਲਈ ਮਹਿਲਾ ਸ਼ਕਤੀਕਰਨ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਆਖਿਆ, ‘‘ਮੋਦੀ ਦੇ ਰਾਜ ’ਚ ਸਭ ਕੁਝ ਸੰਭਵ ਹੈ।’’ -ਪੀਟੀਆਈ