ਟਿ੍ਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਫਰਵਰੀ
ਲੁਧਿਆਣਾ ਵਿੱਚ ਜੀਆਰਪੀ ਨੇ 15 ਕਿੱਲੋ ਅਫ਼ੀਮ ਸਣੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਝਾਰਖੰਡ ਤੋਂ ਅਫੀਮ ਲੈ ਕੇ ਪੰਜਾਬ ਵਿੱਚ ਸਪਲਾਈ ਕਰਦਾ ਸੀ। ਮੁਲਜ਼ਮ ਨੇ ਫਗਵਾੜਾ ਵਿੱਚ ਇਹ ਅਫ਼ੀਮ ਸਪਲਾਈ ਕਰਨੀ ਸੀ ਜਿਸਨੂੰ ਰੇਲਵੇ ਪੁਲੀਸ ਨੇ ਕਾਬੂ ਕਰ ਲਿਆ। ਮੁਲਜ਼ਮ ਨੂੰ ਜੀਆਰਪੀ ਨੇ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਤਿੰਨ ਦਿਨਾਂ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਲਜ਼ਮ ਦੀ ਪਛਾਣ ਸੱਤਿਆਦੇਵ ਵਜੋਂ ਹੋਈ ਹੈ।
ਇਸ ਸਬੰਧੀ ਏਆਈਜੀ ਅਮਨਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਕਿ ਜੀਆਰਪੀ ਰੇਲਵੇ ਸਟੇਸ਼ਨ ’ਤੇ ਚੈਕਿੰਗ ਕਰ ਰਹੀ ਸੀ ਕਿ ਇਸ ਦੌਰਾਨ ਜੀਆਰਪੀ ਸੀਆਈਏ ਰੇਲਵੇ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਪਲੇਟਫਾਰਮ 2 ਤੇ 3 ਵਿਚਾਲੇ ਟਰੇਨ ਤੋਂ ਉਤਰਿਆ ਸੀ। ਪੁਲੀਸ ਨੂੰ ਸ਼ੱਕ ਹੋਇਆ ਤਾਂ ਮੁਲਜ਼ਮ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਮੁਲਜ਼ਮ ਨੇ ਝੋਲੇ ਵਿੱਚ 15 ਕਿੱਲੋ ਅਫ਼ੀਮ ਰੱਖੀ ਹੋਈ ਸੀ। ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ।
ਪੁਲੀਸ ਵੱਲੋਂ ਕੀਤੀ ਗਈ ਪੁੱਛਗਿੱਛ ਵਿੱਚ ਮੁਲਜ਼ਮ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਝਾਰਖੰਡ ਤੋਂ ਅਫ਼ੀਮ ਲਿਆ ਕੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਪਲਾਈ ਕਰ ਚੁੱਕਾ ਹੈ। ਹੁਣ ਵੀ ਉਹ ਅਫ਼ੀਮ ਸਪਲਾਈ ਕਰਨ ਲਈ ਜਾ ਰਿਹਾ ਸੀ। ਉਹ ਇੱਕ ਲੱਖ ਰੁਪਏ ਕਿਲੋ ਅਫ਼ੀਮ ਲਿਆ ਕੇ ਡੇਢ ਲੱਖ ਰੁਪਏ ਵੇਚਦਾ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ 7 ਤੋਂ 9 ਵਾਰ ਅਫ਼ੀਮ ਦੀ ਸਪਲਾਈ ਕਰ ਚੁੱਕਾ ਹੈ।
ਨਸ਼ਾ ਤਸਕਰੀ ਕਰਨ ਦੇ ਦੋਸ਼ ਹੇਠ ਦੋ ਕਾਬੂ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਮੁੜ ਤੋਂ ਹੈਰੋਇਨ ਤਸਕਰੀ ਦਾ ਧੰਦਾ ਕਰਨ ਵਾਲੇ ਇੱਕ ਮੁਲਜ਼ਮ ਨੂੰ ਉਸਦੇ ਸਾਥੀ ਸਮੇਤ ਐੱਸਟੀਐੱਫ਼ ਦੀ ਟੀਮ ਨੇ ਕਾਬੂ ਕੀਤਾ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਵਰਧਮਾਨ ਚੌਕ ਕੋਲ ਨਾਕਾਬੰਦੀ ਦੌਰਾਨ ਕਾਬੂ ਕਰ ਕੇ ਦੋਵਾਂ ਦੇ ਕਬਜ਼ੇ ’ਚੋਂ ਇੱਕ ਕਿਲੋ 900 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈੇ। ਇਸ ਮਾਮਲੇ ’ਚ ਥਾਣਾ ਐੱਸਟੀਐੱਫ਼ ’ਚ ਪਟਿਆਲਾ ਦੇ ਨਾਭਾ ਸਥਿਤ ਛਝੂ ਸਿੰਘ ਖੱਟੜਾ ਕਲੋਨੀ ਵਾਸੀ ਸ਼ੁਭਮ ਕੁਮਾਰ ਉਰਫ਼ ਅਮਨ ਉਰਫ਼ ਡੈਕਲਸ ਅਤੇ ਟਿੱਬਾ ਰੋਡ ਦੀ ਜੁਨੇਜਾ ਕਲੋਨੀ ਵਾਸੀ ਹਨੀ ਕੁਮਾਰ ਉਰਫ਼ ਹਨੀ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਇੱਕ ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਐਸਟੀਐਫ਼ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਇਲਾਕੇ ’ਚ ਗਸ਼ਤ ਕਰ ਰਹੀ ਸੀ ਤਾਂ ਸੂਚਨਾ ਮਿਲੀ ਕਿ ਮੁਲਜ਼ਮ ਹੈਰੋਇਨ ਤਸਕਰੀ ਦਾ ਕਾਰੋਬਾਰ ਕਰਦੇ ਹਨ। ਪੁਲੀਸ ਨੇ ਵਰਧਮਾਨ ਚੌਂਕ ਕੋਲ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਦੋਹਾਂ ਦੇ ਕਬਜ਼ੇ ’ਚੋਂ ਹੈਰੋਇਨ ਬਰਾਮਦ ਹੋਈ। ਪੁਲੀਸ ਪੁੱਛਗਿੱਛ ’ਚ ਪਤਾ ਲੱਗਿਆ ਕਿ ਮੁਲਜ਼ਮ ਸ਼ੁਭਮ ਦੇ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਕੇਸ ਦਰਜ ਹਨ ਤੇ ਉਹ ਨਾਭਾ ਜੇਲ੍ਹ ’ਚ ਬੰਦ ਰਿਹਾ ਹੈ। ਉਹ ਅਗਸਤ 2023 ਨੂੰ ਹੀ ਜ਼ਮਾਨਤ ’ਤੇ ਬਾਹਰ ਆਇਆ ਹੈ। ਜੇਲ੍ਹ ’ਚੋਂ ਬਾਹਰ ਆ ਕੇ ਉਹ ਫਿਰ ਤੋਂ ਆਪਣੇ ਸਾਥੀ ਮੁਲਜ਼ਮ ਹਨੀ ਨਾਲ ਮਿਲ ਕੇ ਹੈਰੋਇਨ ਤਸਕਰੀ ਕਰਨ ਲੱਗਾ।