ਗੁਰਨਾਮ ਸਿੰਘ ਚੌਹਾਨ
ਪਾਤੜਾਂ, 22 ਫਰਵਰੀ
ਇਲਾਕੇ ਵਿੱਚ ਪਿਛਲੇ ਦਿਨੀਂ ਹੋਈ ਬਰਸਾਤ ਅਤੇ ਭਾਰੀ ਗੜੇਮਾਰੀ ਨਾਲ ਕਈ ਪਿੰਡਾਂ ਵਿੱਚ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਪਿੰਡਾਂ ਹਰਿਆਊ ਖੁਰਦ, ਹਰਿਆਊ ਕਲਾਂ, ਜਿਉਣਪੁਰਾ, ਨਿਆਲ, ਬੂਰੜ, ਦਫ਼ਤਰੀ ਵਾਲਾ, ਘੱਗਾ, ਦਿਉਗੜ੍ਹ ਅਤੇ ਅਤਾਲਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਰਕਾਰ ਨਾਲ ਗੱਲਬਾਤ ਕਰਕੇ ਹਰ ਸੰਭਵ ਮਦਦ ਕਿਸਾਨਾਂ ਨੂੰ ਦਿਵਾਉਣ ਦਾ ਭਰੋਸਾ ਦਿੱਤਾ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਗੜੇਮਾਰੀ ਨਾਲ ਕਣਕ ਦੀ ਫ਼ਸਲ ਸਮੇਤ ਸਬਜ਼ੀਆਂ ਅਤੇ ਪਸ਼ੂਆਂ ਦੇ ਚਾਰੇ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨ ਹਿਤੈਸ਼ੀ ਹੈ ਅਤੇ ਕਿਸਾਨਾਂ ਦੀ ਹਰ ਦੁੱਖ ਸੁੱਖ ਵਿੱਚ ਸ਼ਾਮਲ ਹੋਣਾ ਸਰਕਾਰ ਦੀ ਪਹਿਲ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿਵਾਇਆ ਹੈ। ਉਨ੍ਹਾਂ ਕਿਹਾ ਹੈ ਕਿ ਦਰਜਨ ਦੇ ਕਰੀਬ ਪਿੰਡਾਂ ਵਿੱਚ ਸੱਤ ਹਜ਼ਾਰ ਏਕੜ ਦੇ ਕਰੀਬ ਫ਼ਸਲਾਂ ਨੂੰ ਗੜੇਮਾਰੀ ਨਾਲ ਨੁਕਸਾਨ ਹੋਇਆ ਹੈ।
ਇਸ ਮੌਕੇ ਸੀਨੀਅਰ ਆਪ ਆਗੂ ਕੁਲਦੀਪ ਸਿੰਘ ਥਿੰਦ, ਸਰਪੰਚ ਗੁਲਾਬ ਸਿੰਘ ਹਰਿਆਊ, ਸਾਬਕਾ ਸਰਪੰਚ ਚਰਨਜੀਤ ਸਿੰਘ ਦਿਓਗੜ, ਸਾਬਕਾ ਚੇਅਰਮੈਨ ਤੇਜਿੰਦਰ ਸਿੰਘ ਤੇਜੀ ਬੂਰੜ, ਰਾਣਾ ਪ੍ਰਤਾਪ ਸਿੰਘ ਹਰਿਆਊ, ਹਿਟਲਰ ਸਿੰਘ ਵਿਰਕ ਤੇ ਮਨਵੀਰ ਸਿੰਘ ਸੰਧੂ ਆਦਿ ਹਾਜ਼ਰ ਸਨ।