ਮੁੰਬਈ: ਰਿਜ਼ਰਵ ਬੈਂਕ ਨੇ ਪੇਅਟੀਐੱਮ ਪੇਮੈਂਟ ਬੈਂਕ ਜ਼ਰੀਏ ਬੈਂਕ ਅਤੇ ਵਾਲੇਟ ਸੇਵਾਵਾਂ ਦਾ ਲਾਭ ਲੈਣ ਵਾਲੇ ਗਾਹਕਾਂ ਅਤੇ ਵਪਾਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਅੱਜ ਕੁੱਝ ਕਦਮ ਚੁੱਕੇ ਹਨ। ਕੇਂਦਰੀ ਬੈਂਕ ਨੇ ਯੂਪੀਆਈ ਭੁਗਤਾਨ ਲਈ ਪੇਅਟੀਐੱਮ ਹੈਂਡਲ (@ਪੇਅਟੀਐੱਮ) ਦੀ ਵਰਤੋਂ ਕਰ ਰਹੇ ਪੇਅਟੀਐੱਮ ਪੇਮੈਂਟਸ ਬੈਂਕ ਦੇ ਖਪਤਕਾਰਾਂ ਨੂੰ ਚਾਰ-ਪੰਜ ਹੋਰ ਬੈਂਕਾਂ ਨਾਲ ਲਿੰਕ ਕਰਨ ਦੀ ਸੰਭਾਵਨਾ ’ਤੇ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨਪੀਸੀਆਈ) ਨੂੰ ਵਿਚਾਰ ਕਰਨ ਲਈ ਕਿਹਾ ਹੈ। ਇਸ ਪਹਿਲ ਦਾ ਮਕਸਦ ਭੁਗਤਾਨ ਵਿਵਸਥਾ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨੂੰ ਰੋਕਣਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਪੇਅਟੀਐੱਮ ਦੀ ਸਹਿਯੋਗੀ ਇਕਾਈ ਪੇਅਟੀਐੱਮ ਪੇਮੈਂਟਸ ਬੈਂਕ ਨੂੰ 15 ਮਾਰਚ, 2024 ਮਗਰੋਂ ਆਪਣੇ ਗਾਹਕ ਖਾਤਿਆਂ ਅਤੇ ਵਾਲੇਟ ਵਿੱਚ ਰਾਸ਼ੀ ਲੈਣ ਤੋਂ ਰੋਕ ਦਿੱਤਾ ਹੈ। ਪੇਅਟੀਐੱਮ ਪੇਮੈਂਟਸ ਬੈਂਕ (ਪੀਪੀਬੀਐੱਲ) ਦੀ ਵੈੱਬਸਾਈਟ ਅਨੁਸਾਰ ਉਸ ਦੇ 30 ਕਰੋੜ ਵਾਲੇਟ ਅਤੇ ਤਿੰਨ ਕਰੋੜ ਬੈਂਕ ਖਪਤਕਾਰ ਹਨ। -ਪੀਟੀਆਈ