ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 24 ਫਰਵਰੀ
ਏਡੀਸੀਪੀ ਟਰੈਫਿਕ ਹਰਪਾਲ ਸਿੰਘ ਦੀ ਅਗਵਾਈ ਹੇਠ ਟਰੈਫਿਕ ਪੁਲੀਸ ਵਲੋਂ ਅੱਜ ਰੇਹੜੀਆਂ, ਫੜੀਆਂ ਅਤੇ ਦੁਕਾਨਦਾਰਾਂ ਵਲੋਂ ਸੜਕ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮਾਲ ਰੋਡ, ਹਾਲ ਬਾਜ਼ਾਰ, ਪੁਤਲੀਘਰ ਬਾਜ਼ਾਰ, ਛੇਹਰਟਾ ਬਾਜ਼ਾਰ, ਕੱਟੜਾ ਜੈਮਲ ਸਿੰਘ ਆਦਿ ਖੇਤਰਾਂ ਵਿੱਚ ਜਾ ਕੇ ਅਪੀਲ ਕੀਤੀ ਗਈ ਕਿ ਉਹ ਆਪਣਾ ਸਾਮਾਨ ਦੁਕਾਨ ਦੀ ਹਦੂਦ ਅੰਦਰ ਹੀ ਰੱਖਣ। ਇਸ ਤੋਂ ਇਲਾਵਾ ਵਾਹਨ ਪਾਰਕਿੰਗ ਵਾਲੀ ਜਗ੍ਹਾ ’ਤੇ ਹੀ ਖੜ੍ਹੇ ਕੀਤੇ ਜਾਣ ਤਾਂ ਜੋ ਆਵਾਜਾਈ ਨਿਰਵਿਘਨ ਚੱਲ ਸਕੇ। ਇਸੇ ਦੌਰਾਨ ਸਾਂਝ ਕੇਂਦਰ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਦੀ ਟੀਮ ਅਤੇ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸਆਈ ਦਲਜੀਤ ਸਿੰਘ ਨੇ ਸਮੇਤ ਟੀਮ ਖਾਲਸਾ ਕਾਲਜ ਫਾਰ ਵਿਮੈੱਨ ਵਿਖੇ ਨੇ ਸਾਂਝੇ ਤੌਰ ’ਤੇ ਇੱਕ ਸੈਮੀਨਰ ਲਗਾਇਆ। ਇਸ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਜਿਨ੍ਹਾਂ ਵਿਅਕਤੀਆਂ ਨੇ ਸੀਟ ਬੈਲਟ ਅਤੇ ਹੈਲਮੇਟ ਪਹਿਨੇ ਹੋਏ ਸਨ, ਉਨ੍ਹਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ।