ਡਾ. ਅਰਵਿੰਦਰ ਸਿੰਘ ਭੱਲਾ
ਖ਼ੁਦ ਨੂੰ ਅਸ਼ਰਫਲ ਮਖ਼ਲੂਕਾਤ ਕਹਾਉਣ ਵਾਲਾ ਇਨਸਾਨ ਗਰੂਰ ਨੂੰ ਵਿਸਾਰ ਕੇ ਉਸ ਪਰਵਦਗਾਰ ਦੇ ਭੈਅ ਵਿੱਚ ਜਿਊਣਾ ਸਿੱਖ ਲਵੇ ਤਾਂ ਨਿਸ਼ਚਿਤ ਤੌਰ ਉੱਪਰ ਉਸ ਦਾ ਜਿਊਣਾ ਵੀ ਸਫਲ ਹੈ ਅਤੇ ਮਰਨਾ ਵੀ। ਅਫ਼ਸੋਸ ਦੀ ਗੱਲ ਇਹ ਹੈ ਕਿ ਅਸੀਂ ਕਮਜ਼ਰਫ ਲੋਕ ਆਪਣੀ ਹੈਂਕੜ ਦੀ ਉੱਚੀ ਟੀਸੀ ਉੱਪਰ ਬੈਠ ਕੇ ਆਪਣੇ ਇਰਦ-ਗਿਰਦ ਦੇ ਲੋਕਾਂ ਨੂੰ ਆਪਣੇ ਨਾਲੋਂ ਤੁੱਛ, ਕਮਜ਼ੋਰ, ਨੀਵਾਂ ਅਤੇ ਕਮ ਹੈਸੀਅਤ ਵਾਲਾ ਮੰਨਦਿਆਂ ਖ਼ੁਦ ਨੂੰ ਤਾਕਤਵਰ ਅਤੇ ਸ੍ਰੇਸ਼ਟ ਮੰਨਣ ਦੇ ਨਸ਼ੇ ਵਿੱਚ ਇੰਨੇ ਮਦਮਸਤ ਹੋ ਜਾਂਦੇ ਹਾਂ ਕਿ ਸਾਨੂੰ ਨਾ ਤਾਂ ਕਿਸੇ ਦਾ ਭੈਅ, ਨਾ ਕਿਸੇ ਦਾ ਲਿਹਾਜ਼, ਨਾ ਕਿਸੇ ਨਾਲ ਹਮਦਰਦੀ, ਨਾ ਹੀ ਕਿਸੇ ਦੀ ਕੋਈ ਸ਼ਰਮ ਅਤੇ ਨਾ ਹੀ ਵਕਤ ਦੇ ਬਦਲਣ ਦਾ ਖ਼ੌਫ਼ ਰਹਿੰਦਾ ਹੈ। ਆਪਣੀ ਹੀ ਮਗ਼ਰੂਰੀ ਅਤੇ ਆਪਣੀ ਹੀ ਧੁਨ ਵਿੱਚ ਅੱਜ ਦਾ ਮਨੁੱਖ ਵਿਚਾਰਾਤਮਕ ਵੱਖਰਤਾ, ਧਾਰਮਿਕ ਤੇ ਸਭਿਆਚਾਰਕ ਭਿੰਨਤਾਵਾਂ ਤੇ ਵਿਰੋਧ ਦਾ ਸਤਿਕਾਰ ਕਰਨ ਅਤੇ ਸ਼ਾਂਤਮਈ ਸਹਿਹੋਂਦ ਤੇ ਸਹਿਣਸ਼ੀਲਤਾ ਦੇ ਗੁਣਾਂ ਨੂੰ ਭੁਲਾ ਕੇ ਸਿਰਫ਼ ਆਪਣੇ ਹੀ ਨੁਕਤਾ-ਏ-ਨਿਗਾਹ ਨੂੰ ਸਹੀ ਠਹਿਰਾਉਣ ਦੀ ਜ਼ਿੱਦ ਪੁਗਾਉਂਦਾ ਹੈ। ਅਜਿਹਾ ਕਰਦਿਆਂ ਉਹ ਖ਼ੁਦ ਕਹਿਣਾ ਤਾਂ ਬਹੁਤ ਕੁਝ ਚਾਹੁੰਦਾ ਹੈ, ਪਰ ਉਹ ਕਿਸੇ ਦੂਸਰੇ ਦੇ ਨੁਕਤਾ-ਏ-ਨਜ਼ਰ ਨੂੰ ਨਾ ਤਾਂ ਬਰਦਾਸ਼ਤ ਕਰਦਾ ਹੈ ਅਤੇ ਨਾ ਹੀ ਕਿਸੇ ਦੂਸਰੇ ਦੀ ਕੋਈ ਗੱਲ ਸੁਣਨਾ ਚਾਹੁੰਦਾ ਹੈ। ਮਨੁੱਖ ਸਭ ਕੁਝ ਜਾਣਦਿਆਂ-ਬੁੱਝਦਿਆਂ ਅਣਜਾਣ ਹੋਣ ਦਾ ਢੌਂਗ ਰਚਾਉਂਦਿਆਂ ਗਫ਼ਲਤ ਵਿੱਚ ਜਿਊਣ ਨੂੰ ਜ਼ਿੰਦਗੀ ਸਮਝ ਕੇ ਤਮਾਮ ਉਮਰ ਖ਼ੁਦ ਨੂੰ ਧੋਖਾ ਦਿੰਦਾ ਰਹਿੰਦਾ ਹੈ।
ਆਮ ਤੌਰ ਉੱਪਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਗਰੂਰ ਵਿੱਚ ਰਮਿਆ ਵਿਅਕਤੀ ਕਿਸੇ ਮਜ਼ਲੂਮ ਨਾਲ ਵਧੀਕੀ ਕਰਦੇ ਸਮੇਂ ਕਿਸੇ ਦੇ ਸਵੈਮਾਣ ਦਾ ਨਿਰਾਦਰ ਕਰਨ ਦੇ ਨਾਲ-ਨਾਲ ਸੁਤੰਤਰ ਵਜੂਦ ਦਾ ਤਿਰਸਕਾਰ ਕਰ ਰਿਹਾ ਹੁੰਦਾ ਹੈ ਤਾਂ ਉਸ ਦੇ ਹਾਵ-ਭਾਵ, ਬੋਲਾਂ ਜਾਂ ਲਹਿਜ਼ੇ ਵਿੱਚ ਵੀ ਨਾਕਾਰਾਤਮਿਕ ਬਦਲਾਅ ਅਤੇ ਹੰਕਾਰ ਦਿਖਾਈ ਦਿੰਦਾ ਹੈ। ਉਸ ਹੈਂਕੜਬਾਜ਼ ਮਨੁੱਖ ਦਾ ਆਪਣੇ ਆਪ ਉੱਪਰ ਆਪਣਾ ਕੋਈ ਨਿਯੰਤਰਣ ਨਹੀਂ ਰਹਿੰਦਾ। ਉਸ ਦੇ ਬੋਲਾਂ ਵਿਚਲੇ ‘ਮੈਂ’ ਦੇ ਸ਼ੋਰ ਵਿੱਚ ਅਣਗਿਣਤ ਮਜ਼ਲੂਮਾਂ, ਬੇਕਸੂਰਾਂ, ਨਿਤਾਣਿਆਂ ਅਤੇ ਕਮਜ਼ੋਰ ਲੋਕਾਂ ਦੇ ਬੁੱਲ੍ਹਾਂ ਦੇ ਹਾਸੇ ਕਿਤੇ ਗੁੰਮ ਹੋ ਜਾਂਦੇ ਹਨ ਅਤੇ ਉਨ੍ਹਾਂ ਨਿਮਾਣਿਆਂ ਦੇ ਦਿਲਾਂ ਦਾ ਸਕੂਨ ਅਤੇ ਜਿਊਣ ਦੀ ਚਾਹਤ ਦਮ ਤੋੜ ਦਿੰਦੀ ਹੈ। ਦਰਅਸਲ, ਮਗਰੂਰ ਵਿਅਕਤੀ ਇਸ ਸਦੀਵੀਂ ਸਚਾਈ ਤੋਂ ਮੂੰਹ ਮੋੜ ਲੈਂਦਾ ਹੈ ਕਿ ਦੁਨੀਆ ਦੇ ਇਸ ਰੰਗਮੰਚ ਦੇ ਸੂਤਰਧਾਰ ਨੇ ਉਸ ਨੂੰ ਆਪਣਾ ਕਿਰਦਾਰ ਨਿਭਾਉਣ ਲਈ ਗਿਣਤੀ ਦੇ ਚਾਰ ਦਿਹਾੜੇ ਦਿੱਤੇ ਹਨ, ਪਰ ਗਾਫ਼ਲ ‘ਰੰਗਕਰਮੀ’ ਆਪਣੇ ਆਪ ਨੂੰ ਸੂਤਰਧਾਰ ਜਾਂ ਫਿਰ ਸਾਰੇ ਨਾਟਕ ਦਾ ਮਰਕਜ਼ੀ ਕਿਰਦਾਰ ਸਮਝ ਬੈਠਦਾ ਹੈ। ਦੁਨੀਆ ਵਿੱਚ ਵਿਚਰਦਿਆਂ ਸਾਨੂੰ ਇਸ ਗੱਲ ਦਾ ਬਾਖ਼ੂਬੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਲੋਕ ਸਮੁੱਚੇ ਨਿਜ਼ਾਮ ਦਾ ਇੱਕ ਅਦਨਾ ਜਿਹਾ ਹਿੱਸਾ ਹੁੰਦੇ ਹਾਂ ਅਤੇ ਜਦੋਂ ਅਸੀਂ ਸਮੁੱਚੇ ਨਿਜ਼ਾਮ ਨੂੰ ਆਪਣੀ ਇੱਛਾ ਅਨੁਸਾਰ ਨਿਯੰਤ੍ਰਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਣੇ ਆਸ-ਪਾਸ ਦੇ ਲੋਕਾਂ ਦੇ ਜੀਵਨ ਵਿੱਚ ਕਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦੇ ਹਾਂ। ਹੌਲੀ-ਹੌਲੀ ਲੋਕਾਂ ਨਾਲ ਸਾਡੀਆਂ ਦੂਰੀਆਂ ਇੰਨੀਆਂ ਵਧ ਜਾਂਦੀਆਂ ਹਨ ਕਿ ਸਾਡਾ ਗ਼ਰੂਰ ਹੀ ਸਾਡੇ ਗਲੇ ਦਾ ਫੰਦਾ ਬਣ ਜਾਂਦਾ ਹੈ। ਅਸੀਂ ਲੋਕ ਜਿਨ੍ਹਾਂ ਮਜ਼ਲੂਮਾਂ ਨੂੰ ਆਪਣੇ ਪੈਰਾਂ ਦੀ ਖ਼ਾਕ ਜਾਂ ਚਿੜੀਆਂ ਵਾਂਗ ਕਮਜ਼ੋਰ ਸਮਝਦੇ ਹਾਂ, ਉਨ੍ਹਾਂ ਚਿੜੀਆਂ ਨੇ ਕਦੋਂ ਪਰਮਾਤਮਾ ਦੀ ਅਪਾਰ ਕਿਰਪਾ ਨਾਲ ਬਾਜ਼ ਬਣ ਕੇ ਆਪਣੇ ਉੱਪਰ ਢਾਹੇ ਗਏ ਹਰ ਜ਼ੁਲਮ ਦਾ ਹਿਸਾਬ ਲੈ ਲੈਣਾ ਹੈ, ਇਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਇਹ ਅਟੱਲ ਸਚਾਈ ਹੈ ਕਿ ਦੁਨਿਆਵੀ ਤਖ਼ਤੋ-ਤਾਜ ਅਤੇ ਹੈਂਕੜ ਦੇ ਬੁੱਤ ਸਦਾ ਸਲਾਮਤ ਨਹੀਂ ਰਹਿਣੇ।
ਆਖ਼ਰ ਅਸੀਂ ਕਿਉਂ ਇਸ ਸਦੀਵੀ ਸੱਚ ਨੂੰ ਸਵੀਕਾਰ ਨਹੀਂ ਕਰਦੇ ਕਿ ਸਾਨੂੰ ਇੱਕ ਨਾ ਇੱਕ ਦਿਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਪੈਣਾ ਹੈ ਅਤੇ ਅਸੀਂ ਲੋਕ ਅਣਗੌਲਿਆ ਕਿਉਂ ਨਹੀਂ ਰਹਿਣਾ ਚਾਹੁੰਦੇ? ਸਾਡਾ ਲਾਲਚ ਅਤੇ ਹਉਮੈਂ ਸਾਨੂੰ ਆਮ ਤੋਂ ਖ਼ਾਸ ਬਣਨ ਲਈ ਇਸ ਹੱਦ ਤੱਕ ਅੰਨ੍ਹਿਆਂ ਕਿਉਂ ਕਰ ਦਿੰਦਾ ਹੈ ਕਿ ਅਸੀਂ ਜ਼ਿੰਦਗੀ ਵਿੱਚ ਕੋਈ ਮਖ਼ਸੂਸ ਮੁਕਾਮ ਹਾਸਲ ਕਰਨ ਪਿੱਛੋਂ ਆਮ ਲੋਕਾਂ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਦਿਆਂ ਆਪਣੀਆਂ ਅੱਖਾਂ ਉੱਪਰ ਗਰੂਰ ਦੀ ਪੱਟੀ ਬੰਨ੍ਹ ਕੇ ਕੁਰਾਹੇ ਪੈ ਜਾਂਦੇ ਹਾਂ। ਕਾਸ਼! ਸਾਡਾ ਸੋਹਣਾ ਰੱਬ ਸਾਨੂੰ ਸਬਰ, ਸਹਿਜ, ਸੰਤੋਖ ਰੱਖਣ ਅਤੇ ਸਰਲ ਤਰੀਕੇ ਨਾਲ ਜ਼ਿੰਦਗੀ ਗੁਜ਼ਾਰਨ ਦਾ ਵੱਲ, ਬੁੱਧੀ ਅਤੇ ਪ੍ਰੇਰਨਾ ਦੇਵੇ। ਅਸੀਂ ਉਸ ਨਿਰੰਕਾਰ ਦੇ ਭੈਅ ਵਿੱਚ ਅਜਿਹਾ ਜੀਵਨ ਗੁਜ਼ਾਰ ਸਕੀਏ ਕਿ ਖ਼ੁਦ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੋਣ ਦੇ ਨਾਲ-ਨਾਲ ਆਪਣੇ ਆਸ-ਪਾਸ ਦੇ ਲੋਕਾਂ ਲਈ ਵੀ ਸਹਾਈ ਹੋ ਸਕੀਏ।
ਗਹੁ ਨਾਲ ਵਾਚਿਆਂ ਇਹ ਵੀ ਸਹਿਜੇ ਹੀ ਮਹਿਸੂਸ ਹੁੰਦਾ ਹੈ ਕਿ ਦੂਜਿਆਂ ਨੂੰ ਇਸਤੇਮਾਲ ਕਰਨ ਜਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਕਦੇ ਵੀ ਦੂਜਿਆਂ ਦੇ ਮਨਾਂ ਵਿੱਚ ਆਪਣੇ ਲਈ ਸਥਾਈ ਤੌਰ ਉੱਪਰ ਸਤਿਕਾਰ ਦੀ ਭਾਵਨਾ ਪੈਦਾ ਨਹੀਂ ਕਰ ਸਕਦੇ। ਇਨ੍ਹਾਂ ਲੋਕਾਂ ਨੂੰ ਜਾਂ ਤਾਂ ਇਸ ਗੱਲ ਦੀ ਸੋਝੀ ਨਹੀਂ ਹੁੰਦੀ ਜਾਂ ਇਹ ਲੋਕ ਆਪਣੀ ਹੈਂਕੜ ਸਥਾਪਤ ਕਰਨ ਦੀ ਕੋਸ਼ਿਸ਼ ਕਰਦਿਆਂ ਜਾਣਬੁੱਝ ਕੇ ਇਸ ਬੁਨਿਆਦੀ ਤੇ ਸਦੀਵੀ ਸੱਚ ਨੂੰ ਭੁੱਲਣ ਦਾ ਢੌਂਗ ਰਚਦੇ ਹਨ ਕਿ ਜਿੱਥੇ ਖ਼ੌਫ਼ ਹੁੰਦਾ ਹੈ, ਉੱਥੇ ਪਿਆਰ ਅਤੇ ਸਤਿਕਾਰ ਦੀ ਭਾਵਨਾ ਦਾ ਵਿਕਾਸ ਹੋਣਾ ਸੰਭਵ ਨਹੀਂ ਹੁੰਦਾ। ਹਰ ਪਲ ਦੂਸਰਿਆਂ ਦੀ ਆਜ਼ਾਦ ਹਸਤੀ ਨੂੰ ਸਿਰਿਉਂ
ਨਕਾਰਨ ਅਤੇ ਲਤਾੜਣ ਵਾਲੇ ਵਿਅਕਤੀ ਮਜ਼ਲੂਮ ਲੋਕਾਂ ਦੀ ਨਫ਼ਰਤ ਦਾ ਪਾਤਰ ਬਣਦੇ ਹਨ। ਹਰ ਕਾਰਜ ਆਪਣੀ ਇੱਛਾ ਅਨੁਸਾਰ ਆਪਣੀ ਆਗਿਆ ਲੈ ਕੇ ਹੋਣ ਅਤੇ ਠੀਕ-ਗਲਤ ਤੇ ਜਾਇਜ਼-ਨਾਜਾਇਜ਼ ਦੇ ਮਾਪਦੰਡ ਆਪਣੀ ਖ਼ੁਸ਼ੀ ਤੇ ਹਿੱਤਾਂ ਨੂੰ ਮੁੱਖ ਰੱਖਦਿਆਂ ਨਿਰਧਾਰਤ ਕੀਤੇ ਜਾਣ ਦੀ ਇੱਛਾ ਰੱਖਣ ਵਾਲਿਆਂ ਦੇ ਮਨਸੂਬਿਆਂ, ਸੋਚ, ਬਿਰਤੀ ਅਤੇ ਅਮਲਾਂ ਨੂੰ ਗਹੁ ਨਾਲ ਵਾਚਿਆ ਜਾਵੇ। ਇਹ ਸਹਿਜੇ ਹੀ ਮਹਿਸੂਸ ਹੋਵੇਗਾ ਕਿ ਅਜਿਹੇ ਲੋਕ ਅਸਲ ਵਿੱਚ ਮਾਨਸਿਕ ਤੌਰ ਉੱਪਰ ਅਪਾਹਜ ਹੁੰਦੇ ਹਨ।
ਦੂਜਿਆਂ ਨੂੰ ਖ਼ੁਦ ਤੋਂ ਨੀਵਾਂ ਸਮਝਣ ਵਾਲੇ ਇਨ੍ਹਾਂ ਲੋਕਾਂ ਨੂੰ ਆਪਣੀ ਤਾਕਤ, ਵਜੂਦ ਅਤੇ ਗ਼ਰੂਰ ਦੇ ਬੁੱਤ ਢਹਿ ਢੇਰੀ ਹੋ ਜਾਣ ਦਾ ਡਰ ਲਗਾਤਾਰ ਸਤਾਉਂਦਾ ਰਹਿੰਦਾ ਹੈ। ਆਪਣੇ ਅਸਲੀ ਚਿਹਰੇ, ਅਸੁਰੱਖਿਆ, ਕਮਜ਼ਰਫੀ ਤੇ ਸੌੜੇ ਨਜ਼ਰੀਏ ਨੂੰ ਦੂਜਿਆਂ ਤੋਂ ਲੁਕਾਉਣ ਦੀ ਦੌੜ ਵਿੱਚ ਅਜਿਹੇ ਖੁਸ਼ਾਮਦਪਸੰਦ ਲੋਕ ਅਖੌਤੀ ਤਾਕਤ ਸਹਾਰੇ ਆਪਣੇ ਦੁਆਲੇ ਇੱਕ ਅਣਦਿਸਦਾ ਜਾਲ ਬੁਣ ਲੈਂਦੇ ਹਨ ਜਿਸ ਵਿੱਚ ਇਨ੍ਹਾਂ ਦੇ ਖੁਸ਼ਾਮਦੀਆਂ ਤੋਂ ਇਲਾਵਾ ਹੋਰ ਕੋਈ ਪ੍ਰਵੇਸ਼ ਨਹੀਂ ਕਰ ਪਾਉਂਦਾ। ਗੰਧਲੀ ਸੋਚ ਦੇ ਧਾਰਨੀ ਅਤੇ ਜ਼ਿਹਨੀ ਤੌਰ ਉੱਪਰ ਬਿਮਾਰ ਅਜਿਹੇ ਲੋਕਾਂ ਨੂੰ ਕੋਈ ਜੁਰਅੱਤ ਕਰ ਕੇ ਜਾਂ ਭੁਲੇਖੇ ਨਾਲ ਸੱਚ ਦਾ ਆਇਨਾ ਦਿਖਾ ਦੇਵੇ ਤਾਂ ਇਹ ਆਇਨੇ ਨੂੰ ਹੀ ਚਕਨਾਚੂਰ ਕਰਨ ਉੱਪਰ ਉਤਾਰੂ ਹੋ ਜਾਂਦੇ ਹਨ। ਅਜਿਹੇ ਲੋਕਾਂ ਨੂੰ ਸੁਧਾਰਨ ਦੀ ਬਜਾਏ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖਣਾ ਕਈ ਵਾਰ ਇਕਮਾਤਰ ਵਿਕਲਪ ਰਹਿ ਜਾਂਦਾ ਹੈ। ਅਜਿਹੇ ਲੋਕ ਖਾਰੇ ਪਾਣੀਆਂ ਦੀ ਜਲਧਾਰਾ ਵਾਂਗ ਹੁੰਦੇ ਹਨ ਜਿਸ ’ਚ ਸ਼ਹਿਦ ਮਿਲਾਉਣ ਤੋਂ ਬਾਅਦ ਵੀ ਉਸ ਦਾ ਖਾਰਾਪਣ ਦੂਰ ਨਹੀਂ ਹੁੰਦਾ। ਸਾਨੂੰ ਇਹ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਹਰੇਕ ਇਨਸਾਨ ਨੂੰ ਸਬਰ, ਸ਼ੁਕਰ, ਸਹਿਜ, ਸ਼ਾਂਤੀ, ਇੰਤਜ਼ਾਰ ਅਤੇ ਅਰਦਾਸ ਦੀ ਢਾਲ ਨਾਲ ਆਪਣੇ ਆਪ ਦੀ ਹਿਫ਼ਾਜ਼ਤ ਕਰਨ ਦਾ ਹੁਨਰ ਸਿੱਖਣਾ ਚਾਹੀਦਾ ਹੈ।
ਸੰਪਰਕ: 94630-62603