ਅਲੀਗੜ੍ਹ (ਉੱਤਰ ਪ੍ਰਦੇਸ਼), 25 ਫਰਵਰੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਭਾਰਤੀ ਬਾਜ਼ਾਰਾਂ ਵਿੱਚ ਚੀਨ ਦੀਆਂ ਬਣੀਆਂ ਵਸਤੂਆਂ ਦੇ ਹੜ੍ਹ ਕਾਰਨ ਸਵਦੇਸ਼ੀ ਛੋਟੇ ਉਦਯੋਗ ਅਤੇ ਕਾਰੀਗਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ਅੱਜ ਸਵੇਰੇ ਮੁਰਾਦਾਬਾਦ ਤੋਂ ਸੰਭਲ ਹੁੰਦਿਆਂ ਹੋਇਆ ਅਲੀਗੜ੍ਹ ਪੁੱਜੀ ਜਿੱਥੇ ਉਨ੍ਹਾਂ ਨਾਲ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਸਨ। ਵਿਰੋਧੀ ਗੱਠਜੋੜ ‘ਇੰਡੀਆ’ ਵਿੱਚ ਸ਼ਾਮਲ ਸਮਾਜਵਾਦੀ ਪਾਰਟੀ ਦੇ ਵਰਕਰ ਅਤੇ ਸਮਰਥਕ ਵੀ ਇਸ ਯਾਤਰਾ ’ਚ ਸ਼ਾਮਲ ਹੋਏ। ਕਾਂਗਰਸ ਨੇਤਾ ਨੇ ਤਾਲਾ ਉਦਯੋਗ ਦੇ ਗੜ੍ਹ ਅਲੀਗੜ੍ਹ ’ਚ ਚੀਨੀ ਵਸਤੂਆਂ ਦੀ ਵਿਕਰੀ ਦਾ ਮੁੱਦਾ ਚੁੱਕਿਆ ਅਤੇ ਸਥਾਨਕ ਕਾਰੀਗਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਕੀਤਾ। ਕਾਂਗਰਸ ਦੀ ਸੂਬਾਈ ਇਕਾਈ ਨੇ ਆਪਣੇ ਅਧਿਕਾਰਕ ਹੈਂਡਲ ’ਤੇ ਰਾਹੁਲ ਅਤੇ ਪ੍ਰਿਯੰਕਾ ਦੀ ਯਾਤਰਾ ਦੀ ਵੀਡੀਓ ਸਾਂਝੀ ਕੀਤੀ। ਇਸ ਵਿੱਚ ਕਿਹਾ ਗਿਆ, ‘‘ਜਨਨਾਇਕ (ਰਾਹੁਲ ਗਾਂਧੀ) ਅਤੇ ਲੋਕ ਨੇਤਰੀ (ਪ੍ਰਿਯੰਕਾ ਗਾਂਧੀ ਵਾਡਰਾ) ਨਾਲ ਏਕਤਾ, ਭਾਈਚਾਰਾ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੀ ‘ਭਾਰਤ ਜੋੜੋ ਨਿਆਏ ਯਾਤਰਾ’। ਇਹ ਜਨ ਸੈਲਾਬ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਦੇਸ਼ ਦੇਵੇਗਾ ਕਿ ਜਦੋਂ ਕੋਈ ਤਾਨਾਸ਼ਾਹ ਦੇਸ਼ ਦੀ ਅਖੰਡਤਾ, ਪ੍ਰਭੂਸੱਤਾ ਅਤੇ ਸੰਵਿਧਾਨ ਨੂੰ ਢਾਹ ਲਾਉਣ ’ਤੇ ਤੁਲਿਆ ਹੋਇਆ ਸੀ ਤਾਂ ਅਸੀਂ ਉਸ ਨੂੰ ਇਸ ਯਾਤਰਾ ਰਾਹੀਂ ਰੋਕਣ ਦਾ ਕੰਮ ਕੀਤਾ ਸੀ।’’ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ’ਚ ਕਿਹਾ, ‘‘ਦੇਸ਼ ਵਿੱਚ ਵਧਦੀ ਨਫ਼ਰਤ ਦਾ ਕਾਰਨ ਅਨਿਆਂ ਹੈ। ਹਿੰਦੁਸਤਾਨ ਵਿੱਚ ਗਰੀਬਾਂ, ਕਿਸਾਨਾਂ, ਨੌਜਵਾਨਾਂ, ਮਹਿਲਾਵਾਂ ਨਾਲ ਅਨਿਆਂ ਹੋ ਰਿਹਾ ਹੈ। ਇਸੇ ਅਨਿਆਂ ਖ਼ਿਲਾਫ਼ ਅਸੀਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕੀਤੀ ਹੈ।’’
ਉਨ੍ਹਾਂ ਸਵਾਲੀਆ ਲਹਿਜ਼ੇ ਵਿੱਚ ਕਿਹਾ, ‘‘ਦੇਸ਼ ਵਿੱਚ ਨਫ਼ਰਤ ਫ਼ੈਲ ਰਹੀ ਹੈ, ਕਿਉਂ ਫੈਲ ਰਹੀ ਹੈ, ਇਸ ਦਾ ਕਾਰਨ ਕੀ ਹੈ, ਮੈਂ ਇਹ ਸਵਾਲ ਹਜ਼ਾਰਾਂ ਲੋਕਾਂ ਤੋਂ ਪੁੱਛਿਆ।’’ ਇਸ ਦੌਰਾਨ ਭੀੜ ’ਚੋਂ ਜਵਾਬ ਆਇਆ ‘ਵੋਟ ਬੈਂਕ।’
ਰਾਹੁਲ ਨੇ ਕਿਹਾ, ‘‘ਭੈਣੋ-ਭਰਾਵੋ ਇਹ ਵੋਟ ਬੈਂਕ ਨਹੀਂ ਹੈ, ਗਲਤਫਹਿਮੀ ’ਚ ਨਾ ਰਹਿਓ, ਹਿੰਦੁਸਤਾਨ ਦੇ ਲੋਕਾਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਮੈਨੂੰ ਦੱਸਿਆ ਹੈ ਕਿ ਹਿੰਸਾ ਅਤੇ ਨਫ਼ਰਤ ਦਾ ਕਾਰਨ ਅਨਿਆਂ ਹੈ। ਹਿੰਦੁਸਤਾਨ ਦੇ ਗਰੀਬਾਂ ਨਾਲ 24 ਘੰਟੇ ਇਸ ਦੇਸ਼ ’ਚ ਅਨਿਆਂ ਹੁੰਦਾ ਹੈ।’’ ਉਨ੍ਹਾਂ ਕਿਹਾ, ‘‘ਕਿਸਾਨਾਂ ਖ਼ਿਲਾਫ਼ ਅਨਿਆਂ ਹੁੰਦਾ ਹੈ, ਨੌਜਾਵਨਾਂ, ਸੜਕਾਂ ’ਤੇ ਮਾਵਾਂ-ਭੈਣਾਂ ਖ਼ਿਲਾਫ਼ ਅਨਿਆਂ ਹੁੰਦਾ ਹੈ। ਹਿੰਸਾ ਦਾ ਕਾਰਨ ਨਫ਼ਰਤ ਦਾ ਅਨਿਆਂ ਹੈ ਅਤੇ ਇਸ ਲਈ ਅਸੀਂ ਦੂਜੀ ਭਾਰਤ ਜੋੜੋ ਯਾਤਰਾ ਵਿੱਚ ਨਿਆਏ ਸ਼ਬਦ ਜੋੜ ਦਿੱਤਾ।’’
ਯਾਤਰਾ ਨੂੰ ਸੰਬੋਧਨ ਕਰਦਿਆਂ ਕਾਂਗਰਸ ਮਹਾ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ‘ਅਨਿਆਂ ਕਾਲ’ ਵਿੱਚ ਬੇਰੁਜ਼ਗਾਰੀ ਸਭ ਤੋਂ ਵੱਡਾ ਸੰਕਟ ਬਣ ਗਈ ਹੈ। ਵਾਡਰਾ ਨੇ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ, ‘‘ਅਗਨੀਵੀਰ ਯੋਜਨਾ ਲਿਆ ਕੇ ਸੈਨਾ ਵਿੱਚ ਜਾਣ ਦੀ ਤਿਆਰੀ ਕਰ ਰਹੇ ਨੌਜਵਾਨਾਂ ਦਾ ਸੁਫ਼ਨਾ ਤੋੜ ਦਿੱਤਾ ਗਿਆ। ਵੱਡੀਆਂ-ਵੱਡੀਆਂ ਸਰਕਾਰੀ ਕੰਪਨੀਆਂ ਉਦਯੋਗਪਤੀਆਂ ਨੂੰ ਵੇਚ ਦਿੱਤੀਆਂ। ਲੱਖਾਂ ਸਰਕਾਰੀ ਅਸਾਮੀਆਂ ਖ਼ਾਲੀ ਪਈਆਂ ਹਨ ਪਰ ਸਾਲਾਂ ਤੱਕ ਭਰਤੀਆਂ ਨਹੀਂ ਨਿਕਲਦੀਆਂ, ਨਿਕਲਦੀਆਂ ਹਨ ਤਾਂ ਪੇਪਰ ਲੀਕ ਹੋ ਜਾਂਦਾ ਹੈ।’’ ਪ੍ਰਿਯੰਕਾ ਨੇ ਲੋਕਾਂ ਨੂੰ ਅਨਿਆਂ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਨਿਆਂ ਦਾ ਹੱਕ ਮਿਲਣ ਤੱਕ ਉਹ ਲੜਾਈ ਜਾਰੀ ਰੱਖਣ। ਦੇਰ ਸ਼ਾਮ ਭਾਰਤ ਜੋੜੋ ਯਾਤਰਾ ਰਾਜਸਥਾਨ ਵਿੱਚ ਦਾਖ਼ਲ ਹੋ ਗਈ। -ਪੀਟੀਆਈ
ਯਾਤਰਾ ਵਿੱਚ ਸ਼ਾਮਲ ਹੋਏ ਸਪਾ ਸੁਪਰੀਮੋ ਅਖਿਲੇਸ਼ ਯਾਦਵ
ਆਗਰਾ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕੱਢੀ ਜਾ ਰਹੀ ‘ਭਾਰਤ ਜੋੜੋ ਨਿਆਏ ਯਾਤਰਾ’ ਵਿੱਚ ਅੱਜ ਆਗਰਾ ’ਚ ਸ਼ਾਮਲ ਹੋਏ। ਅਗਾਮੀ ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਅਤੇ ਸਪਾ ਦਰਮਿਆਨ ਸੀਟਾਂ ਦੀ ਵੰਡ ’ਤੇ ਸਹਿਮਤੀ ਬਣਨ ਮਗਰੋਂ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਪਹਿਲੀ ਵਾਰ ਇਕੱਠਿਆਂ ਨਜ਼ਰ ਆਏ ਹਨ। ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਨੇ ਆਪਣੀ ਪਾਰਟੀ ਦੇ ਨੇਤਾਵਾਂ ਦੇ ਹੱਕ ’ਚ ਨਾਅਰੇ ਲਗਾਏ। ਆਗਰਾ ਵਿੱਚ ਰੋਡ ਸ਼ੋਅ ਦੌਰਾਨ ਰਾਹੁਲ ਅਤੇ ਅਖਿਲੇਸ਼ ਨੇ ਹੱਥ ਹਿਲਾ ਕੇ ਭੀੜ ਦਾ ਪਿਆਰ ਕਬੂਲਿਆ। ਅਖਿਲੇਸ਼ ਨੇ ਆਪਣੇ ਸੰਬੋਧਨ ਵਿੱਚ ਕਿਹਾ, ‘‘ਅੱਜ ਕਿਸਾਨ ਸਰਕਾਰ ਖ਼ਿਲਾਫ਼ ਖੜ੍ਹੇ ਹਨ। ਸਰਕਾਰ ਕਿਸਾਨਾਂ ਦੀ ਤਾਕਤ ਤੋਂ ਡਰੀ ਹੋਈ ਹੈ। ਆਉਣ ਵਾਲੇ ਸਮੇਂ ਵਿੱਚ ਭਾਜਪਾ ਹਟੇਗੀ ਅਤੇ ‘ਇੰਡੀਆ’ ਗੱਠਜੋੜ ਦੀ ਸਰਕਾਰ ਕਿਸਾਨਾਂ ਨੂੰ ਸਨਮਾਨ ਦੇਵੇਗੀ।’’ ਉਨ੍ਹਾਂ ਕਿਹਾ ਕਿ ਪੀਡੀਏ (ਪੱਛੜੇ, ਦਲਿਤ, ਘੱਟਗਿਣਤੀ) ਨੂੰ ਜੋ ਸਨਮਾਨ ਮਿਲਣਾ ਚਾਹੀਦਾ ਸੀ, ਉਹ ਇੰਨੇ ਸਾਲਾਂ ਮਗਰੋਂ ਵੀ ਨਹੀਂ ਮਿਲਿਆ ਹੈ ਅਤੇ ਜੋ ਮਿਲ ਰਿਹਾ ਹੈ, ਉਸ ਨੂੰ ਭਾਜਪਾ ਨੇ ਲੁੱਟ ਲਿਆ ਹੈ। -ਪੀਟੀਆਈ