ਹਰਦਮ ਮਾਨ
ਸਰੀ: ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ‘ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਸੰਸਥਾਵਾਂ ਦਾ ਵਿਸ਼ੇਸ਼ ਯੋਗਦਾਨ: ਇੱਕ ਸੰਵਾਦ’ ਵਿਸ਼ੇ ਉੱਪਰ ਅੰਤਰ-ਰਾਸ਼ਟਰੀ ਆਨਲਾਈਨ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ, ਕੈਨੇਡਾ ਦੇ ਮੀਤ ਪ੍ਰਧਾਨ ਅਤੇ ਪਰਵਾਸੀ ਪੰਜਾਬੀ ਸਾਹਿਤਕਾਰ ਡਾ. ਸਾਧੂ ਬਿਨਿੰਗ ਵੱਲੋਂ ਵਿਚਾਰ ਚਰਚਾ ਕੀਤੀ ਗਈ। ਸੈਮੀਨਾਰ ਦਾ ਆਗਾਜ਼ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਵੱਲੋਂ ਮੰਚ ਦੀਆਂ ਕਾਰਗੁਜ਼ਾਰੀਆਂ ਨਾਲ ਰੂ-ਬ-ਰੂ ਕਰਵਾਉਣ ਨਾਲ ਹੋਇਆ। ਉਪਰੰਤ ਮੰਚ ਦੇ ਜਨਰਲ ਸਕੱਤਰ ਮੋਹਨ ਗਿੱਲ ਨੇ ਮਾਤ-ਭਾਸ਼ਾ ਦਿਵਸ ਦੇ ਇਤਿਹਾਸਕ ਕਾਰਨਾਂ ਅਤੇ ਮਰਕਜਾਂ ਉੱਪਰ ਚਾਨਣਾ ਪਾਇਆ। ਡਾ. ਸਾਧੂ ਬਿਨਿੰਗ ਨੇ ਕਿਹਾ ਕਿ ਸਮੇਂ ਦੇ ਬਦਲਾਅ ਨਾਲ ਪਰਵਾਸੀ ਧਰਤੀ ਉੱਪਰ ਸਕੂਲ/ਕਾਲਜ/ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਅਕਾਦਮਿਕ ਪੱਧਰ ’ਤੇ ਲਾਗੂ ਕਰਨ ਦੇ ਨਾਲ-ਨਾਲ ਇਸ ਦੇ ਵਿਕਾਸ ਲਈ ਅਮਲੀ ਪੱਧਰ ’ਤੇ ਵੀ ਅਨੇਕਾਂ ਕਦਮ ਚੁੱਕਣ ਦੀ ਲੋੜ ਹੈ।
ਡਾ. ਸਰਬਜੀਤ ਕੌਰ ਸੋਹਲ ਨੇ ਪੰਜਾਬੀ ਸਾਹਿਤ ਅਕਾਦਮੀ ਚੰਗੀਗੜ੍ਹ ਦੀਆਂ ਕਾਰਜਗੁਜ਼ਾਰੀਆਂ, ਪ੍ਰਾਪਤੀਆਂ ਤੇ ਭਵਿੱਖਮਈ ਮਨੋਰਥਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਸ ਦੇ ਵਿਗਿਆਨਕ ਪੱਖ ਅਤੇ ਤਕਨੀਕੀ ਪੱਖ ਤੋਂ ਇਕਜੁੱਟ ਹੋ ਕੇ ਕਾਰਜ ਕਰਨ ਦੀ ਗੱਲ ਕੀਤੀ। ਡਾ. ਹਰਜੋਤ ਕੌਰ ਖਹਿਰਾ ਨੇ ਜਿੱਥੇ ਕੈਨੇਡਾ ਵਿੱਚ ਨਵੀ ਪੀੜ੍ਹੀ ਵੱਲੋਂ ਬੋਲੀ ਜਾ ਰਹੀ ਹਾਈਬ੍ਰਿਡ ਪੰਜਾਬੀ ਦੇ ਪ੍ਰਭਾਵ ਅਤੇ ਵਿਕੀਪੀਡੀਆ ਉੱਪਰ ਪੰਜਾਬੀ ਭਾਸ਼ਾ ਨਾਲ ਸਬੰਧਿਤ ਡੇਟਾ ਦੀ ਕਮੀ ਜਿਹੇ ਪ੍ਰਸ਼ਨ ਉੱਠਾਏ ਉੱਥੇ ਡਾ. ਯਾਦਵਿੰਦਰ ਕੌਰ ਨੇ ਯੂਨੈਸਕੋ ਦੀ ਰਿਪੋਰਟ ਦੇ ਆਧਾਰ ’ਤੇ ਪੰਜਾਬੀ ਭਾਸ਼ਾ ਦੀ ਭਵਿੱਖਮਈ ਹੋਂਦ ਸਬੰਧੀ ਦਰਸਾਏ ਖਦਸ਼ਿਆਂ ਬਾਰੇ ਨੁਕਤੇ ਸਾਂਝੇ ਕੀਤੇ। ਸੈਮੀਨਾਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਆਦਿ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।
ਸੰਪਰਕ: +1 604 308 6663