ਨਿੱਜੀ ਪੱਤਰ ਪ੍ਰੇਰਕ
ਖੰਨਾ, 28 ਫਰਵਰੀ
ਏ ਐੱਸ ਕਾਲਜ ਆਫ਼ ਐਜੂਕੇਸ਼ਨ ਵਿੱਚ ਰਾਸ਼ਟਰੀ ਕੌਮੀ ਦਿਵਸ ਪ੍ਰਿੰਸੀਪਲ ਡਾ. ਪਵਨ ਕੁਮਾਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥਣ ਪਰਨੀਤ ਕੌਰ ਨੇ ਵਿਗਿਆਨ ਵਿਸ਼ੇ ਬਾਰੇ ਕਵਿਤਾ ਉਚਾਰਨ ਕੀਤਾ, ਜਿਸ ਉਪਰੰਤ ਸ਼ਿਖਾ ਨੇ ਭਾਸ਼ਣ ਦਿੱਤਾ। ਵਿਦਿਆਰਥਣ ਰੀਤਿਕਾ ਨੇ ਕਵਿਤਾ ਸੁਣਾਈ ਅਤੇ ਰਮਨਪ੍ਰੀਤ ਕੌਰ ਢਿੱਲੋਂ ਨੇ ਸਾਇੰਸ ਤੇ ਟੈਕਨਾਲੋਜੀ ਦੀਆਂ ਉਪਲਬਧੀਆਂ ਸਬੰਧੀ ਦੱਸਿਆ। ਮੈਡਮ ਅਲਕਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਵਾਤਾਵਰਨ ਸਿੱਖਿਆ ਅਕਾਦਮਿਕ ਵਰਕ ਤਹਿਤ ਪਾਠ ਯੋਜਨਾ ਤਿਆਰ ਕਰਨੀ ਸਿਖਾਈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ, ਤੇਜਿੰਦਰ ਸ਼ਰਮਾ, ਐਡਵੋਕੇਟ ਬਰਿੰਦਰ ਡੈਵਿਟ ਅਤੇ ਅਮਿਤ ਵਰਮਾ ਨੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਇੱਥੇ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਵਿੱਚ ਭਾਰਤੀ ਵਿਗਿਆਨੀ ਸੀ ਵੀ ਰਮਨ ਦੇ ਜਨਮ ਦਿਵਸ ਨੂੰ ਸਮਰਪਿਤ ਕੌਮੀ ਸਾਇੰਸ ਦਿਵਸ ਮਨਾਇਆ ਗਿਆ। ਕਾਲਜ ਦੇ ਸਾਇੰਸ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਕਰੀਬ ਤਿੰਨ ਦਰਜਨ ਮਾਡਲ ਤਿਆਰ ਕਰ ਕੇ ਨੁਮਾਇਸ਼ ਲਾਈ ਗਈ।
ਇਸ ਮੌਕੇ ਪ੍ਰਿੰਸੀਪਲ ਪ੍ਰੋਫੈਸਰ ਇੰਦਰਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਗਿਆਨਕ ਵਿਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਅਜਿਹੀ ਪ੍ਰਦਰਸ਼ਨੀ ਲਾਈ ਗਈ ਹੈ। ਸਮੁੱਚੀ ਪ੍ਰਦਰਸ਼ਨੀ ਦਾ ਪ੍ਰਬੰਧ ਕਾਲਜ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਦੀ ਨਿਗਰਾਨੀ ਹੇਠ ਖ਼ੁਦ ਕੀਤਾ ਗਿਆ। ਇਸ ਦੌਰਾਨ ਪ੍ਰੋ. ਜਸਵਿੰਦਰ ਕੌਰ, ਪ੍ਰੋ. ਪ੍ਰਵੀਨ ਅੰਸਾਰੀ ਅਤੇ ਪ੍ਰੋ. ਮਨਮੀਤ ਕੌਰ ਵੱਲੋਂ ਪ੍ਰਦਰਸ਼ਨੀ ਦੇ ਨਿਰੀਖਣ ਕਰਨ ਉਪਰੰਤ ਲਕਸ਼ਪ੍ਰੀਤ ਕੌਰ ਅਤੇ ਇਸ਼ਿਵੰਦਰ ਕੌਰ ਦੀ ਟੀਮ ਨੂੰ ਪਹਿਲਾ, ਰਾਜਨ ਅਤੇ ਅਮਨਪ੍ਰੀਤ ਕੌਰ ਦੀ ਟੀਮ ਨੂੰ ਦੂਜਾ ਅਤੇ ਪ੍ਰਨੀਤ ਕੌਰ ਅਤੇ ਨਵਜੋਤ ਕੌਰ ਦੀ ਟੀਮ ਨੂੰ ਤੀਜਾ ਸਥਾਨ ਲਈ ਚੁਣਿਆ।