ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਫਰਵਰੀ
ਸੰਗਰੂਰ ਪੁਲੀਸ ਦੇ ਸਾਈਬਰ ਕਰਾਈਮ ਯੂਨਿਟ ਨੇ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਣ ਦੇ ਨਾਮ ’ਤੇ 1 ਕਰੋੜ 28 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਗਰੋਹ ਦੇ ਦੋ ਮੈਂਬਰਾਂ ਨੂੰ ਛੱਤੀਸਗੜ੍ਹ ਤੋਂ ਗ੍ਰਿਫ਼ਤਾਰ ਕਰ ਕੇ ਠੱਗੀ ਦੀ ਰਕਮ ਵਿੱਚੋਂ 30 ਲੱਖ ਰੁਪਏ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਵਾਪਸ ਵੀ ਕਰਵਾ ਦਿੱਤੇ ਹਨ।
ਐੱਸਪੀ (ਡੀ) ਪਲਵਿੰਦਰ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗਰੋਹ ਦੇ ਮੈਂਬਰਾਂ ਵੱਲੋਂ ਬ੍ਰਿਜ ਮੋਹਨ ਭੰਡਾਰੀ ਵਾਸੀ ਧੂਰੀ ਨਾਲ ਮੋਬਾਈਲ ਜ਼ਰੀਏ ਸੰੰਪਰਕ ਕਰ ਕੇ ਸ਼ੇਅਰ ਮਾਰਕੀਟ ਵਿੱਚ ਪੈਸਾ ਨਿਵੇਸ਼ ਕਰਾਉਣ ਲਈ ਉਸ ਨੂੰ ਭਰੋਸੇ ਵਿੱਚ ਲੈ ਲਿਆ ਗਿਆ। ਫ਼ਿਰ ਅਗਸਤ 2023 ਤੋਂ ਮੁੱਦਈ ਕੋਲੋਂ 1 ਕਰੋੜ 28 ਲੱਖ, 46 ਹਜ਼ਾਰ 800 ਰੁਪਏ ਕਿਸ਼ਤਾਂ ਵਿੱਚ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪਵਾਇਆ ਗਿਆ। ਗਰੋਹ ਦੇ ਮੈਂਬਰ ਜਮ੍ਹਾਂ ਕਰਵਾਈ ਕਿਸ਼ਤ ਦੀਆਂ ਫਰਜ਼ੀ ਰਸੀਦਾਂ ਵੀ ਮੁੱਦਈ ਨੂੰ ਭੇਜਦੇ ਰਹੇ ਅਤੇ ਕਰੀਬ ਸੱਤ ਮਹੀਨੇ ਉਸ ਨਾਲ ਰਾਬਤਾ ਰੱਖ ਕੇ ਸ਼ੇਅਰ ਮਾਰਕੀਟ ਦੇ ਝਾਂਸੇ ਵਿੱਚ ਪੈਸੇ ਹੜੱਪ ਕਰਦੇ ਰਹੇ। ਜਦੋਂ ਮੁੱਦਈ ਨੂੰ ਸ਼ੱਕ ਹੋਇਆ ਤਾਂ ਉਸ ਨੇ ਸਬੰਧਤ ਕੰਪਨੀ ਬਾਰੇ ਤਸਦੀਕ ਕੀਤਾ। ਫ਼ਿਰ ਉਸ ਨੂੰ ਜਾਪਿਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਿਆ। ਬ੍ਰਿਜ ਮੋਹਨ ਭੰਡਾਰੀ ਵੱਲੋਂ ਪੁਲੀਸ ਨੂੰ ਸ਼ਿਕਾਇਤ ਦੇਣ ’ਤੇ ਥਾਣਾ ਸਿਟੀ ਧੂਰੀ ਵਿੱਚ ਕੇਸ ਦਰਜ ਕੀਤਾ ਗਿਆ ਜਿਸ ਉਪਰੰਤ ਇੰਸਪੈਕਟਰ ਹਰਜੀਤ ਕੌਰ (ਇੰਚਾਰਜ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਸੰਗਰੂਰ) ਵੱਲੋਂ ਤੁਰੰਤ ਕਾਰਵਾਈ ਕਰਦਿਆਂ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਛਾਪਾ ਮਾਰਿਆ ਗਿਆ ਅਤੇ ਠੱਗੀ ਮਾਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਆਕਾਸ਼ ਬਜਾਜ ਅਤੇ ਤਰੁਣ ਧਰਮਦਸਾਨੀ ਵਾਸੀਆਨ ਰਾਏਪੁਰ ਛੱਤੀਸਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਮਗਰੋਂ ਮੁਲਜ਼ਮਾਂ ਵੱਲੋਂ ਮੁੱਦਈ ਦੇ ਖਾਤੇ ਵਿੱਚ 30 ਲੱਖ ਰੁਪਏ ਟਰਾਂਸਫਰ ਕਰ ਕੇ ਵਾਪਸ ਕਰ ਦਿੱਤੇ। ਮੁਲਜ਼ਮਾਂ ਦੇ ਖਾਤੇ ਫਰੀਜ਼ ਕੀਤੇ ਗਏ ਹਨ। ਮਾਮਲੇ ਦੀ ਜਾਂਚ ਜਾਰੀ ਹੈ। ਪੁੱਛ-ਗਿੱਛ ਕਰਕੇ ਠੱਗੀ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਸ੍ਰੀ ਚੀਮਾ ਨੇ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਹੈ ਕਿ ਉਹ ਮੋਬਾਈਲ ’ਤੇ ਆਪਣੀ ਬੈਂਕ ਡਿਟੇਲ, ਓ.ਟੀ.ਪੀ., ਏਟੀਐਮ ਆਦਿ ਬਾਰੇ ਕਿਸੇ ਨੂੰ ਜਾਣਕਾਰੀ ਨਾ ਦੇਣ ਸਗੋਂ ਬੈਂਕ ਆਦਿ ਵਿੱਚ ਖੁਦ ਜਾ ਕੇ ਪੂਰੀ ਤਸਦੀਕ ਕਰਨ। ਇਸ ਮੌਕੇ ਇੰਸਪੈਕਟਰ ਹਰਜੀਤ ਕੌਰ, ਏਐਸਆਈ ਅੰਮ੍ਰਿਤਪਾਲ ਸਿੰਘ ਆਦਿ ਮੌਜੂਦ ਸਨ।