ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 2 ਮਾਰਚ
ਬਲਟਾਣਾ ਖੇਤਰ ਦੀ ਏਕਤਾ ਵਿਹਾਰ ਕਲੋਨੀ ਵਿੱਚ ਸ਼ੁੱਕਰਵਾਰ ਸ਼ਾਮ ਦੇ ਕਰੀਬ 4 ਵਜੇ ਚੋਰ ਦਿਨ-ਦਿਹਾੜੇ ਇਕ ਬੰਦ ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਅਤੇ ਨਗਦੀ ਲੈ ਕੇ ਫਰਾਰ ਹੋ ਗਏ। ਗੁਆਂਢੀ ਦੇ ਘਰ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਚੋਰ ਘਰ ’ਚ ਦਾਖਲ ਹੁੰਦਾ ਅਤੇ 45 ਮਿੰਟ ਬਾਅਦ ਘਰ ’ਚੋਂ ਨਿਕਲਦਾ ਦਿਖਾਈ ਦੇ ਰਿਹਾ ਹੈ। ਏਕਤਾ ਵਿਹਾਰ ਦੇ ਮਕਾਨ ਨੰਬਰ-39 ਵਿੱਚ ਰਹਿਣ ਵਾਲਾ ਪਰਿਵਾਰ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਜਦੋਂ ਉਹ ਵਾਪਸ ਆਇਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਾਮਾਨ ਖਿੱਲਰੀਆਂ ਪਿਆ ਸੀ। ਮਕਾਨ ਮਾਲਕ ਭਰਤ ਵਰਮਾ ਅਤੇ ਵਿਮਲ ਵਰਮਾ ਨੇ ਦੱਸਿਆ ਕਿ ਚੋਰ ਘਰ ’ਚੋਂ ਇਕ ਸੋਨੇ ਦਾ ਸੈੱਟ, 2 ਚੂੜੀਆਂ, ਇਕ ਅੰਗੂਠੀ, 1 ਚੇਨ ਤੇ ਕਰੀਬ ਸਾਢੇ ਤਿੰਨ ਲੱਖ ਰੁਪਏ ਦੀਆਂ ਦੋ ਐਪਲ ਘੜੀਆਂ ਅਤੇ ਡੇਢ ਲੱਖ ਰੁਪਏ ਦੀ ਨਗਦੀ ਲੈ ਗਏ ਹਨ।