ਗੜ੍ਹਸ਼ੰਕਰ (ਜੰਗ ਬਹਾਦਰ ਸਿੰਘ ਸੇਖੋਂ)
ਦੋ ਦਿਨਾਂ ਤੋਂ ਹਲਕੇ ਵਿੱਚ ਪੈ ਰਹੇ ਮੀਂਹ ਕਾਰਨ ਜਿੱਥੇ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ, ਉੱਥੇ ਹੀ ਇਲਾਕੇ ਦੀਆਂ ਅਨੇਕਾਂ ਖਸਤਾ ਹਾਲ ਲਿੰਕ ਸੜਕਾਂ ਮੀਂਹ ਦੇ ਪਾਣੀ ਕਾਰਨ ਛੱਪੜਾਂ ਦਾ ਰੂਪ ਧਾਰਨ ਕਰ ਗਈਆਂ ਹਨ ਜਿਸ ਕਰਕੇ ਇਲਾਕੇ ਦੇ ਕਈ ਪਿੰਡਾਂ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਗੜ੍ਹਸ਼ੰਕਰ ਤੋਂ ਭੱਜਲਾਂ ਸੜਕ ਦੇ ਬਰਮ ਹੜ੍ਹ ਗਏ ਹਨ ਜਿਨ੍ਹਾਂ ਦੀ ਤੁਰੰਤ ਮੁਰੰਮਤ ਦੀ ਲੋੜ ਹੈ। ਅਜਿਹੀ ਹੀ ਸਥਿਤੀ ਬੀਤ ਇਲਾਕੇ ਵਿੱਚ ਗੜੀ ਮਾਨਸੋਵਾਲ ਤੋਂ ਖੁਰਾਲਗੜ੍ਹ ਨੂੰ ਜਾਂਦੀ ਸੜਕ ਦੀ ਹੈ, ਜਿੱਥੇ ਸਰਕਾਰ ਵੱਲੋਂ ਮੀਨਾਰੇ ਬੇਗਮਪੁਰਾ ਦੀ ਉਸਾਰੀ ਵਿੱਚ 120 ਕਰੋੜ ਰੁਪਏ ਖਰਚਣ ਦਾ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਅਸਥਾਨ ਨੂੰ ਜਾਂਦੀ ਸੜਕ ਦੀ ਮੁਰੰਮਤ ਸਬੰਧੀ ਕੋਈ ਕਾਰਵਾਈ ਨਹੀਂ ਹੋ ਰਹੀ। ਇਸੇ ਤਰ੍ਹਾਂ ਗੜ੍ਹਸ਼ੰਕਰ ਤੋਂ ਪਿੰਡ ਬੀਰਮਪੁਰ, ਬਡੇਸਰੋਂ ਤੋਂ ਜੀਵਨਪੁਰ, ਸਤਨੌਰ ਤੋਂ ਰਾਮਪੁਰ, ਦਦਿਆਲ ਤੋਂ ਕੁੱਕੜਾਂ ਆਦਿ ਲਿੰਕ ਸੜਕਾਂ ਵੀ ਇਸ ਮੀਂਹ ਕਾਰਨ ਚਿੱਕੜ ਦਾ ਰੂਪ ਧਾਰਨ ਕਰ ਗਈਆਂ ਹਨ ਅਤੇ ਲੋਕਾਂ ਨੂੰ ਨੇੜੇ ਦੇ ਪਿੰਡਾਂ ਵੱਲ ਜਾਣ ਲਈ ਦੂਰੋਂ-ਨੇੜਿਓ ਘੁੰਮ ਕੇ ਆਉਣਾ ਪੈ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਸਰਕਾਰ ਨੂੰ ਇਨ੍ਹਾਂ ਸੜਕਾਂ ਦੀ ਮੁਰੰਮਤ ਵੱਲ ਧਿਆਨ ਦਿੱਤਾ ਜਾਵੇ।