ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਮਾਰਚ
ਪੰਜਾਬ ਵਿੱਚ ਅੱਜ ਲੋਕਾਂ ਨੂੰ ਸਮਰਪਿਤ ਕੀਤੇ ਗਏ 13 ਨਵੇਂ ‘ਸਕੂਲ ਆਫ ਐਮੀਨੈਂਸ’ ’ਚੋਂ ਦੋ ਸਕੂਲ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਸਨ। ਇਨ੍ਹਾਂ ’ਚੋਂ ਇੱਕ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ਼ ਐਮੀਨੈਂਸ ਪਰਸ ਰਾਮਨਗਰ ਬਠਿੰਡਾ ਅਤੇ ਦੂਜਾ ਸਕੂਲ ਆਫ਼ ਐਮੀਨੈਂਸ ਰਾਮਨਗਰ ਸ਼ਾਮਲ ਹੈ। ਪਰਸ ਰਾਮਨਗਰ ਵਾਲੇ ਸਕੂਲ ਦਾ ਉਦਘਾਟਨ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਕੀਤਾ ਗਿਆ।
ਇਸ ਮੌਕੇ ਸ੍ਰੀ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਥਾਨਕ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ਼ ਐਮੀਨੈਂਸ ਪਰਸ ਰਾਮਨਗਰ ਸਕੂਲ ਰਾਹੀਂ ਬੱਚਿਆਂ ਨੂੰ ਵਿਸ਼ਵ ਪੱਧਰ ਦੀ ਮਿਆਰੀ ਸਿੱਖਿਆ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸਕੂਲ ਲਈ ਕਰੀਬ 81.04 ਲੱਖ ਰੁਪਏ ਖਰਚਾ ਕੀਤਾ ਗਿਆ ਹੈ, ਜਿਸ ਵਿੱਚੋਂ 65 ਲੱਖ ਰੁਪਏ ਫਰਨੀਚਰ ’ਤੇ ਖਰਚਾ ਆਇਆ ਹੈ।