ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਮਾਰਚ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦਾ ਇਲਾਕਾ ਜਗਰਾਉਂ ਦਾ ਡੈਲੀਗੇਟ ਅਜਲਾਸ ਅੱਜ ਨੇੜਲੇ ਪਿੰਡ ਕਾਉਂਕੇ ਕਲਾਂ ਵਿਚ ਹੋਇਆ। ਇਸ ਵਿਚ ਕਾਉਂਕੇ ਕਲਾਂ ਤੋਂ ਇਲਾਵਾ ਕਾਉਂਕੇ ਖੋਸਾ, ਡਾਂਗੀਆਂ, ਚੀਮਨਾ, ਆਖਾੜਾ, ਰਾਮਗੜ੍ਹ ਭੁੱਲਰ, ਮਲਕ ਪਿੰਡਾਂ ਦੇ ਚੁਣੇ ਹੋਏ ਡੈਲੀਗੇਟ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਦੀ ਚੋਣ ਉਪਰੰਤ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਭ ਤੋਂ ਪਹਿਲਾਂ ਜਥੇਬੰਦੀ ਦੀ ਜਥੇਬੰਦਕ ਰਿਪੋਰਟ ਪੇਸ਼ ਕੀਤੀ ਗਈ। ਉਪਰੰਤ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਹੋਇਆ। ਡੈਲੀਗੇਟਾਂ ਦੇ ਸ਼ੰਭੂ, ਖਨੌਰੀ ਬਾਰਡਰਾਂ ਸਬੰਧੀ ਸਵਾਲਾਂ ਦੇ ਜਵਾਬ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਦਿੱਤੇ। ਉਨ੍ਹਾਂ ਕਿਹਾ ਕਿ ਸੰਘਰਸ਼ ਚਲਾ ਰਹੀਆਂ ਜਥੇਬੰਦੀਆਂ ਦੇ ਤੌਰ ਤਰੀਕਿਆਂ ਨਾਲ ਐਸਕੇਐਮ ਦੀ ਸਹਿਮਤੀ ਨਹੀਂ ਹੈ। ਫਿਰ ਵੀ ਜਬਰ ਦੇ ਵਿਰੋਧ ’ਚ ਟੌਲ ਪਲਾਜ਼ੇ ਪਰਚੀ ਮੁਕਤ ਕੀਤੇ ਗਏ, ਰੇਲਵੇ ਦਾ ਚੱਕਾ ਜਾਮ ਕੀਤਾ ਗਿਆ, ਭਾਰਤ ਬੰਦ ’ਚ ਜਬਰ ਨਾਲ ਸਬੰਧਤ ਮੰਗਾਂ ਪਾਈਆਂ ਗਈਆਂ। ਇਸ ਸਮੇਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿੱਚ ਐਸਕੇਐਮ ਵੱਲੋਂ ਹੋ ਰਹੀ ਮਹਾਪੰਚਾਇਤ ’ਚ ਪੂਰੀ ਸਮਰੱਥਾ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਪਾਸ ਮਤਿਆਂ ’ਚ ਮੰਗ ਕੀਤੀ ਗਈ ਕਿ ਏਕੜ ਨੂੰ ਇਕਾਈ ਮੰਨ ਕੇ ਕੁਦਰਤੀ ਆਫ਼ਤ ਸਮੇਂ ਪੂਰਾ ਮੁਆਵਜ਼ਾ ਦੇਣ ਲਈ ਕਾਨੂੰਨ ਬਣਾਇਆ ਜਾਵੇ, ਗੜਿਆਂ ਸਮੇਂ ਹੋਏ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇ।
ਇਸ ਮੌਕੇ ਹੋਈ ਚੋਣ ’ਚ ਸਾਬਕਾ ਸਰਪੰਚ ਅਮਰਜੀਤ ਸਿੰਘ ਚੀਮਨਾ ਪ੍ਰਧਾਨ, ਬੂਟਾ ਸਿੰਘ ਰਾਮਗੜ੍ਹ ਭੁਲਰ ਸਕੱਤਰ, ਹਰਿੰਦਰ ਸਿੰਘ ਕਾਉਂਕੇ ਖੋਸਾ ਵਿੱਤ ਸਕੱਤਰ ਸਮੇਤ ਨੌਂ ਮੈਂਬਰੀ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ। ਅਖੀਰ ‘ਚ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ ਨੇ ਡੈਲੀਗੇਟਾਂ ਦਾ ਧੰਨਵਾਦ ਕੀਤਾ।