ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 4 ਮਾਰਚ
ਮੁਹਾਲੀ ਦੇ ਸੈਕਟਰ-67 ਦੇ ਸੀਪੀ-67 ਸ਼ਾਪਿੰਗ ਮਾਲ ਦੇ ਬਾਹਰ ਕੁੱਝ ਅਣਪਛਾਤੇ ਵਿਅਕਤੀਆਂ ਨੇ ਅੱਜ ਦਿਨ-ਦਿਹਾੜੇ ਇੱਕ ਗੈਂਗਸਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰਾਜੇਸ਼ ਡੋਗਰਾ ਉਰਫ਼ ਮੋਹਨ (45) ਵਾਸੀ ਜੰਮੂ ਵਜੋਂ ਹੋਈ ਹੈ। ਪੁਲੀਸ ਅਨੁਸਾਰ ਇਹ ਕਤਲ ਗੈਂਗਵਾਰ ਦਾ ਨਤੀਜਾ ਹੈ। ਪੁਲੀਸ ਰਿਕਾਰਡ ਮੁਤਾਬਕ ਰਾਜੇਸ਼ ਡੋਗਰਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਅੱਠ ਅਪਰਾਧਕ ਕੇਸ ਦਰਜ ਸਨ ਅਤੇ ਉਹ ਹਾਲ ਹੀ ਇੱਕ ਕੇਸ ਵਿੱਚ ਜ਼ਮਾਨਤ ’ਤੇ ਜੰਮੂ ਦੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਏਡੀਜੀਪੀ ਜਸਕਰਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕਤਲ ਮਾਮਲੇ ਵਿੱਚ ਜੰਮੂ ਨਾਲ ਸਬੰਧਤ ਚਾਰ ਵਿਅਕਤੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇੱਕ ਹਮਲਾਵਰ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ। ਦੋ ਵਾਹਨ, ਹਥਿਆਰ ਅਤੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਪ੍ਰਤੱਖਦਰਸ਼ੀਆਂ ਅਨੁਸਾਰ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਤੋਂ ਹਮਲਾਵਰ ਸ਼ਾਪਿੰਗ ਮਾਲ ਦੇ ਬਾਹਰ ਦੋ ਗੱਡੀਆਂ (ਇਨੋਵਾ/ਕਰੇਟਾ) ਵਿੱਚ ਰਾਜੇਸ਼ ਡੋਗਰਾ ਦਾ ਇੰਤਜ਼ਾਰ ਕਰ ਰਹੇ ਸਨ। ਇੱਕ ਗੱਡੀ ਦਾ ਨੰਬਰ ਚੰਡੀਗੜ੍ਹ ਅਤੇ ਦੂਜੀ ਦਾ ਜੰਮੂ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਰਾਜੇਸ਼ ਡੋਗਰਾ ਨਾਲ ਦੋ ਹੋਰ ਵਿਅਕਤੀ ਜੰਮੂ ਤੋਂ ਮੁਹਾਲੀ ਤੇ ਚੰਡੀਗੜ੍ਹ ਘੁੰਮਣ ਆਏ ਸਨ। ਇਨ੍ਹਾਂ ’ਚੋਂ ਇੱਕ ਵਿਅਕਤੀ ਹਮਲਾਵਰਾਂ ਨੂੰ ਪਲ-ਪਲ ਦੀ ਖ਼ਬਰ ਦੇ ਰਿਹਾ ਸੀ। ਜਿਵੇਂ ਹੀ ਡੋਗਰਾ ਸੀਪੀ-67 ਸ਼ਾਪਿੰਗ ਮਾਲ ’ਚੋਂ ਬਾਹਰ ਆਇਆ ਤਾਂ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਮਗਰੋਂ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਦੱਸਿਆ ਗਿਆ ਹੈ ਕਿ ਹਮਲਾਵਰਾਂ ਨੇ ਕਰੀਬ ਡੇਢ ਦਰਜਨ ਫਾਇਰ ਕੀਤੇ ਗਏ ਹਨ। ਜਦੋਂਕਿ ਪੁਲੀਸ ਦਾ ਮੰਨਣਾ ਹੈ ਕਿ 9 ਤੋਂ 10 ਫਾਇਰ ਹੋਏ ਹਨ। ਪ੍ਰਤੱਖਦਰਸ਼ੀਆਂ ਦੇ ਦੱਸਣ ਅਨੁਸਾਰ ਘਟਨਾ ਤੋਂ ਬਾਅਦ ਇੱਕ ਵਿਅਕਤੀ ਅਸਲੇ ਸਮੇਤ ਭੱਜ ਕੇ ਸ਼ਾਪਿੰਗ ਮਾਲ ਅੰਦਰ ਵੜ ਗਿਆ ਸੀ। ਪੁਲੀਸ ਨੇ ਮਾਲ ਨੂੰ ਚੁਫੇਰਿਓਂ ਘੇਰ ਕੇ ਮਸ਼ਕੂਕ ਨੂੰ ਕਾਬੂ ਕੀਤਾ ਹੈ। ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਸ਼ਾਪਿੰਗ ਮਾਲ ਅਤੇ ਆਸਪਾਸ ਦੀਆਂ ਮਾਰਕੀਟਾਂ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਫੋਰੈਂਸਿਕ ਟੀਮ ਨੇ ਵੀ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।