ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਮਾਰਚ
ਖੇਤਰ ਵਿੱਚ ਦੇਰ ਸ਼ਾਮ ਪਏ ਮੀਂਹ ਤੇ ਚੱਲੀਆਂ ਹਵਾਵਾਂ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਕਣਕ ਖੇਤਾਂ ਵਿੱਚ ਵਿਛ ਗਈ ਹੈ। ਕਿਸਾਨ ਸਤਬੀਰ ਰਾਮਪੁਰਾ, ਬਬੂ ਭਗਵਾਨਪੁਰ, ਬਾਬਾ ਗੁਰਚਰਨ ਸਿੰਘ, ਤਰਸੇਮ ਸੰਘੋਰ ਆਦਿ ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਕਣਕ ਦੀ ਫਸਲ ਜ਼ਮੀਨ ’ਤੇ ਵਿਛਣ ਕਾਰਨ ਬਰਬਾਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਪਹਿਲਾਂ ਆਲੂ ਤੇ ਸਰ੍ਹੋਂ ਦੀ ਫਸਲ ਔਣੇ ਪੌਣੇ ਭਾਅ ਵਿਕ ਰਹੀ ਸੀ, ਹੁਣ ਮੀਂਹ ਨਾਲ ਕਣਕ ਦੀ ਫ਼ਸਲ ਵੀ ਨੁਕਸਾਨੀ ਗਈ ਹੈ। ਇਸ ਦੌਰਾਨ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਣਕ ਵਿਚ ਦਾਣਾ ਪੈ ਰਿਹਾ ਸੀ ਤੇ ਅਗਲੇ ਮਹੀਨੇ ਫ਼ਸਲ ਵੱਢੀ ਜਾਣੀ ਸੀ। ਉਨ੍ਹਾਂ ਕਿਹਾ ਕਿ ਫ਼ਸਲ ਡਿੱਗਣ ਕਾਰਨ ਹੁਣ ਦਾਣਾ ਮਾਜੂ ਹੋ ਜਾਵੇਗਾ ਤੇ ਉਨ੍ਹਾਂ ਨੂੰ ਫ਼ਸਲ ਵੇਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਜਾਣਕਾਰੀ ਅਨੁਸਾਰ ਬੇਮੌਸਮੇ ਮੀਂਹ ਕਾਰਨ ਸਰ੍ਹੋਂ, ਆਲੂ ਦੇ ਨਾਲ ਨਾਲ ਸਬਜ਼ੀਆਂ ਵੀ ਨੁਕਸਾਨੀਆਂ ਗਈਆਂ ਹਨ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਫਸਲਾਂ ਦੀ ਗਿਰਦਾਵਰੀ ਕਰਵਾ ਕਿਸਾਨਾਂ ਨੂੰ ਨੁਕਸਾਨ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਔਖੀ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜਦੀ ਹੈ ਤਾਂ ਉਨ੍ਹਾਂ ਨੂੰ ਕੁਝ ਰਾਹਤ ਮਿਲੇਗੀ।