ਮਨੋਜ ਸ਼ਰਮਾ
ਬਠਿੰਡਾ, 4 ਮਾਰਚ
ਮਾਲਵਾ ਪੱਟੀ ਵਿੱਚ ਦੋ ਦਿਨ ਪਹਿਲਾਂ ਭਾਰੀ ਮੀਂਹ ਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਨੁਕਸਾਨੀ ਗਈ ਜਿਸ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਇਜ਼ਾ ਲਿਆ। ਉਨ੍ਹਾਂ ਅੱਜ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਅਤੇ ਬਠਿੰਡਾ ਦਿਹਾਤੀ ਦੇ ਇੰਚਾਰਜ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਮੌਜੂਦ ਸਨ।
ਸ੍ਰੀ ਬਾਦਲ ਵੱਲੋਂ ਬਠਿੰਡਾ ਸੰਸਦੀ ਹਲਕੇ ਦੇ ਪਿੰਡਾਂ ਦੇ ਦੌਰੇ ਮੌਕੇ ਪਿੰਡ ਕਰਮਗੜ੍ਹ ਸਤਰਾਂ, ਬਾਜਕ, ਨੰਦਗੜ੍ਹ, ਵਿਰਕ ਖੁਰਦ, ਬੁਰਜ ਮਹਿਮਾ, ਮਹਿਮਾ ਸਰਕਾਰੀ, ਮਹਿਮਾ ਸਰਜਾ ਵਿਚ ਗੜੇਮਾਰੀ ਨਾਲ ਖਰਾਬ ਹੋਈਆਂ ਕਣਕਾਂ, ਸਰ੍ਹੋਂ, ਸਬਜ਼ੀਆਂ ਤੇ ਛੋਲਿਆਂ ਦੀ ਫਸਲ ਦੀ ਹੋਈ ਬਰਬਾਦੀ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਸੂਬਾ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨ ਲਈ ਕਿਹਾ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ 30 ਹਜ਼ਾਰ ਪ੍ਰਤੀ ਏਕੜ ਦੇਣ ਦੀ ਮੰਗ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਤੁਹਾਨੂੰ 92 ਸੀਟਾਂ ਤੋਂ ਜਿਤਾਇਆ ਗਿਆ ਹੈ ਪਰ ਅਫਸੋਸ ਹਾਲੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਕਿਸਾਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ ਨਹੀਂ ਪੁੱਜਿਆ। ਉਨ੍ਹਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਨ੍ਹਾਂ ਦੇ ਗੁਆਂਢੀ ਪਿੰਡਾਂ ਵਿੱਚ ਗੜੇਮਾਰੀ ਕਾਰਨ ਕਣਕ ਤੇ ਸਬਜ਼ੀਆਂ ਦਾ ਬੁਰਾ ਹਾਲ ਹੋਇਆ ਹੈ ਪਰ ਮੰਤਰੀ ਜੀ ਨੇ ਗੁਆਂਢੀ ਹੁੰਦੇ ਹੋਏ ਵੀ ਖੇਤਰ ਵਿੱਚ ਗੇੜਾ ਤੱਕ ਨਹੀਂ ਮਾਰਿਆ। ਉਨ੍ਹਾਂ ਚੱਲ ਰਹੇ ਵਿਧਾਨ ਸਭਾ ਸੈਸ਼ਨ ਵਿੱਚ ਕਿਸਾਨਾਂ ਦੀ ਆਵਾਜ਼ ਬਲੰਦ ਕਰਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੂੰ ਫੋਨ ਕਰ ਕੇ ਕਿਹਾ ਕਿ ਉਹ ਖੇਤਰ ਵਿੱਚ ਹੋਈ ਭਿਆਨਕ ਗੜੇਮਾਰੀ ਨਾਲ ਹੋਈ ਬਰਬਾਦੀ ਲਈ ਮੁਆਵਜ਼ੇ ਲਈ ਡੱਟ ਕੇ ਆਵਾਜ਼ ਬੁਲੰਦ ਕਰਨ ਤਾਂ ਕਿ ਕਿਸਾਨਾਂ ਨੂੰ ਕਿਸਾਨਾਂ ਨੂੰ ਮੁਆਵਜ਼ਾ ਮਿਲ ਸਕੇ।
ਸੁਖਬੀਰ ਵੱਲੋਂ ਭਗਤਾ ਭਾਈ ਵਿੱਚ ਨੁਕਸਾਨ ਦਾ ਜਾਇਜ਼ਾ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਸਾਬਕਾ ਉੱਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਅੱਜ ਸ਼ਾਮ ਭਗਤਾ ਭਾਈ ਇਲਾਕੇ ‘ਚ ਬੀਤੇ ਦਿਨੀਂ ਆਏ ਤੇਜ਼ ਤੂਫਾਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਤੂਫਾਨ ਕਾਰਨ ਸਥਾਨਕ ਰਾਧਾ ਸਵਾਮੀ ਸਤਿਸੰਗ ਘਰ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਂਦਿਆਂ ਇਸ ਇਲਾਕੇ ਦੇ ਪੀੜਤ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਸ ਤੂਫਾਨ ਕਾਰਨ ਭਗਤਾ ਭਾਈ, ਕੋਠਾ ਗੁਰੂ, ਆਕਲੀਆ ਜਲਾਲ ਆਦਿ ਪਿੰਡਾਂ ‘ਚ ਲੋਕਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੀੜਤ ਲੋਕਾਂ ਨੂੰ ਤਰੁੰਤ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਤੇਜ਼ ਤੂਫਾਨ ਤੇ ਗੜੇਮਾਰੀ ਕਾਰਨ ਇਸ ਇਲਾਕੇ ਵਿਚ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਗਗਨਦੀਪ ਗਰੇਵਾਲ, ਅਜਾਇਬ ਸਿੰਘ ਹਮੀਰਗੜ੍ਹ, ਰਾਕੇਸ਼ ਗੋਇਲ, ਗੁਲਾਬ ਸਿੰਗਲਾ, ਗੋਗੀ ਬਰਾੜ, ਮਨਜੀਤ ਧੁੰਨਾ, ਜਗਮੋਹਨ ਭਗਤਾ, ਸੁਖਜਿੰਦਰ ਖਾਨਦਾਨ ਆਦਿ ਹਾਜ਼ਰ ਸਨ।
ਨੁਕਸਾਨੀਆਂ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਰਵਾਉਣ ਦੀ ਮੰਗ
ਸਿਰਸਾ (ਪ੍ਰਭੂ ਦਿਆਲ): ਲੋਕ ਪੰਚਾਇਤ ਤੇ ਕਿਸਾਨ ਸਭਾ ਦੇ ਸੀਨੀਅਰ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਪੰਜਾਬ-ਹਰਿਆਣਾ ਦੇ ਬਾਰਡਰਾਂ ’ਤੇ ਬੈਰੀਕੇਡ ਤੇ ਕਿੱਲ ਗੱਢ ਕੇ ਰੋਕਣ ਦੀ ਬਜਾਏ ਸਰਕਾਰਾਂ ਕਿਸਾਨਾਂ ਦੇ ਮਸਲੇ ਹੱਲ ਕਰੇ। ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਲਾਏ ਗਏ ਬੈਰੀਕੇਡ ਤੁਰੰਤ ਖੋਲ੍ਹੇ ਜਾਣ ਕਿਉਂਕਿ ਬਾਰਡਰ ਸੀਲ ਕੀਤੇ ਜਾਣ ਨਾਲ ਆਮ ਲੋਕਾਂ ਤੇ ਵਪਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਪੰਚਾਇਤ ਦੀ ਮਾਸਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਵਿਰਕ ਨੇ ਕਿਹਾ ਕਿ ਖੱਟਰ ਸਰਕਾਰ ਪੁਲੀਸ ਬਲ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਦੀ ਕੋਝੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜ਼ਿਲ੍ਹੇ ਦੇ ਦਰਜਨ ਤੋਂ ਵੱਧ ਪਿੰਡਾਂ ਵਿੱਚ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਏ ਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਏ। ਇਸ ਮੌਕੇ ਜਿੰਦਰ ਸਿੰਘ, ਗੁਰਦੀਪ ਸਿੰਘ ਗੁਰਾਇਆ, ਲਾਲ ਸਿੰਘ, ਜਗਦੇਵ ਸਿੰਘ ਮਟੱਦਾਦੂ, ਸੁਖਦੇਵ ਸਿੰਘ ਕੱਕਾ, ਸੇਵਾ ਸਿੰਘ ਵਿਰਕ, ਅਵਤਾਰ ਸਿੰਘ, ਹੀਰਾ ਸਿੰਘ ਦਰਦ, ਦਰਸ਼ਨ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਢਿੱਲੋਂ, ਗੁਰਮੇਲ ਸਿੰਘ, ਸੇਵਾ ਸਿੰਘ, ਗੁਰਚਰਨ ਸਿੰਘ, ਬਲਵਿੰਦਰ ਸਿੰਘ, ਮੁਖਤਿਆਰ ਸਿੰਘ ਮੌਜੂਦ ਸਨ।