ਚਰਨਜੀਤ ਭੁੱਲਰ
ਚੰਡੀਗੜ੍ਹ, 5 ਮਾਰਚ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਅੱਜ ਪ੍ਰਸ਼ਨ ਕਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਆਉਂਦੇ ਵਰ੍ਹੇ ਵਿੱਚ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪੁੱਜਦਾ ਕਰਕੇ ਕਰੀਬ ਪੰਜ ਲੱਖ ਟਿਊਬਵੈੱਲਾਂ ਦੀ ਕਟੌਤੀ ਕੀਤੇ ਜਾਣ ਦਾ ਟੀਚਾ ਹੈ। ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਵੱਲੋਂ ਪੁੱਛੇ ਸੁਆਲ ਦੇ ਜੁਆਬ ਵਿਚ ਪਹਿਲਾਂ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਪੰਜ ਏਕੜ ਤੋਂ ਘੱਟ ਮਾਲਕੀ ਦੇ ਕਿਸਾਨਾਂ ਅਤੇ ਜ਼ਮੀਨਾਂ ਦੀ ਤਕਸੀਮ ਮਗਰੋਂ ਅਲੱਗ ਖਾਤੇ ਵਾਲੇ ਕਿਸਾਨਾਂ ਲਈ ਨਵੇਂ ਟਿਊਬਵੈੱਲ ਕੁਨੈਕਸ਼ਨ ਦੇਣ ਦੀ ਕੋਈ ਤਜਵੀਜ਼ ਨਹੀਂ ਹੈ। ਬਿਜਲੀ ਮੰਤਰੀ ਨੇ ਦੱਸਿਆ ਕਿ 14 ਮਾਰਚ 2018 ਤੋਂ ਮਗਰੋਂ ਪੰਜਾਬ ਵਿੱਚ ਸੁਤੰਤਰਤਾ ਸੰਗਰਾਮੀਆਂ ਨੂੰ ਛੱਡ ਕੇ ਕਿਸੇ ਨੂੰ ਵੀ ਡਿਮਾਂਡ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮਸ਼ਵਰਾ ਦਿੱਤਾ ਕਿ ਪੰਜਾਬ ਵਿੱਚ ਜੋ 14.50 ਲੱਖ ਟਿਊਬਵੈੱਲ ਕੁਨੈਕਸ਼ਨ ਹਨ ਉਨ੍ਹਾਂ ਨੂੰ ਤਰਕਸੰਗਤ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਮਾਲਵੇ ਵਿੱਚ 9.64 ਲੱਖ ਕੁਨੈਕਸ਼ਨ ਹਨ।
ਮੁੱਖ ਮੰਤਰੀ ਨੇ ਇਸ ਮਸ਼ਵਰੇ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਸਰਕਾਰ ਬੰਦ ਪਈਆਂ ਨਹਿਰਾਂ ਅਤੇ ਰਜਵਾਹਿਆਂ ਨੂੰ ਮੁੜ ਸੁਰਜੀਤ ਕਰ ਰਹੀ ਹੈ ਅਤੇ ਅੰਡਰਗਰਾਊਂਡ ਪਾਈਪਾਂ ਜ਼ਰੀਏ ਵੀ ਨਹਿਰੀ ਪਾਣੀ ਦੇਣ ਦਾ ਪ੍ਰਾਜੈਕਟ ਚੱਲ ਰਿਹਾ ਹੈ। ਇਸੇ ਤਰ੍ਹਾਂ ਮਾਲਵਾ ਨਹਿਰ ਬਣਾਈ ਜਾਵੇਗੀ ਅਤੇ ਇਸ ਨਾਲ ਸਰਹਿੰਦ ਨਹਿਰ ਵਿੱਚੋਂ ਪਾਣੀ ਚੁੱਕਣ ਵਾਲੇ ਲਿਫ਼ਟ ਪੰਪਾਂ ਤੋਂ ਵੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਨਹਿਰੀ ਪਾਣੀ ਏਨਾ ਆਮ ਕਰ ਦਿੱਤਾ ਜਾਵੇਗਾ ਕਿ ਕਰੀਬ ਪੰਜ ਲੱਖ ਟਿਊਬਵੈੱਲਾਂ ਦੀ ਕੋਈ ਲੋੜ ਨਹੀਂ ਰਹੇਗੀ।
ਕਾਂਗਰਸੀ ਵਿਧਾਇਕਾ ਅਰੁਣਾ ਚੌਧਰੀ ਨੇ ਜ਼ਿਲ੍ਹਾ ਗੁਰਦਾਸਪੁਰ ਅਤੇ ਬਰਨਾਲਾ ਵਿਚ ਵਾਧੂ ਚਾਰਜ ਵਾਲੇ ਬੀਡੀਪੀਓਜ਼ ਦਾ ਸੁਆਲ ਉਠਾਇਆ ਅਤੇ ਉਨ੍ਹਾਂ ਨੇ ਖ਼ਾਸ ਤੌਰ ’ਤੇ ਕਿਹਾ ਕਿ ਜਿਸ ਸੀਨੀਅਰ ਸਹਾਇਕ ਲੇਖਾ ਹੀਰਾ ਸਿੰਘ ’ਤੇ ਵਿਧਾਨ ਸਭਾ ਦੀ ਮਰਿਆਦਾ ਕਮੇਟੀ ਨੇ ਉਂਗਲ ਉਠਾਈ ਸੀ, ਉਸ ਨੂੰ ਪੰਚਾਇਤ ਵਿਭਾਗ ਨੇ ਬਰਨਾਲਾ ਜ਼ਿਲ੍ਹੇ ਵਿੱਚ ਮੁੜ ਬੀਡੀਪੀਓ ਦਾ ਚਾਰਜ ਦੇ ਦਿੱਤਾ ਹੈ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਵਿਧਾਨ ਸਭਾ ਦੀਆਂ ਕਮੇਟੀਆਂ ਦੀਆਂ ਸਿਫ਼ਾਰਸ਼ਾਂ ਦੀ ਪਾਲਣਾ ਕਰਾਈ ਜਾਵੇ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਜਦੋਂ ਰਾਮਪੁਰਾ ਦੇ ਸਿਵਲ ਹਸਪਤਾਲ ਵਿੱਚ ਡਿਜੀਟਲ ਮਸ਼ੀਨਾਂ ਦੀ ਘਾਟ ਦਾ ਮਾਮਲਾ ਚੁੱਕਿਆ ਤਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਸਪਤਾਲ ਲਈ ਅਲਟਰਾਸਾਊਂਡ ਮਸ਼ੀਨ ਦੀ ਖ਼ਰੀਦ ਦਾ ਆਰਡਰ ਹੋ ਚੁੱਕਿਆ ਹੈ।
ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਸਰਕਾਰੀਆ ਨੇ ਲਾਹੌਰ ਬਰਾਂਚ ਨਹਿਰ ਦਾ ਮਾਮਲਾ ਚੁੱਕਿਆ ਜਦੋਂਕਿ ਜਗਦੀਪ ਸਿੰਘ ਕਾਕਾ ਬਰਾੜ ਨੇ ਮੁਕਤਸਰ ਦੇ ਸੁੰਦਰੀਕਰਨ ਦਾ ਸੁਆਲ ਉਠਾਇਆ। ਅਕਾਲੀ ਵਿਧਾਇਕ ਡਾ. ਸੁਖਵਿੰਦਰ ਕੁਮਾਰ ਨੇ ਬੰਗਾ ਹਲਕੇ ਵਿਚ ਚਾਰ ਸਕੂਲਾਂ ਵਿੱਚ ਰੈਗੂਲਰ ਅਧਿਆਪਕਾਂ ਦੀ ਘਾਟ ਦਾ ਮੁੱਦਾ ਚੁੱਕਿਆ। ਇਸ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਗਿਣਾ ਦਿੱਤੀਆਂ।
ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਗੰਨੇ ਦੇ ਬਕਾਏ ਬਾਰੇ ਪੁੱਛੇ ਸੁਆਲ ਪੁੱਛਿਆ ਗਿਆ। ਪ੍ਰਿੰਸੀਪਲ ਬੁੱਧ ਰਾਮ ਦੇ ਸਵਾਲ ਦੇ ਜੁਆਬ ਵਿੱਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਜਿਹੜੇ ਕਿਸਾਨ ਲਿੰਕ ਸੜਕਾਂ ਦੀਆਂ ਬਰਮਾਂ ਨੂੰ ਆਪਣੇ ਖੇਤਾਂ ਨਾਲ ਮਿਲਾ ਲੈਂਦੇ ਹਨ, ਉਨ੍ਹਾਂ ਤੋਂ ਬਰਮ ਖ਼ਾਲੀ ਕਰਾਉਣ ਲਈ ਜ਼ਿਲ੍ਹਾ ਪੱਧਰ ਤੇ ਐੱਸਡੀਐੱਮ ਪੱਧਰ ’ਤੇ ਕਮੇਟੀਆਂ ਦਾ ਗਠਨ ਕੀਤਾ ਹੋਇਆ ਹੈ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੀ ਅੱਜ ਸਦਨ ਵਿਚ ਹਾਕਮ ਤੇ ਵਿਰੋਧੀ ਧਿਰ ਵੱਲੋਂ ਪ੍ਰਸੰਸਾ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨਾਂ ਨਾਮ ਲਏ ਨਹਿਰ ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਹਰ ਖੇਤ ਤੱਕ ਪਾਣੀ ਪੁੱਜਦਾ ਕੀਤੇ ਜਾਣ ਦਾ ਵਾਅਦਾ ਕੀਤਾ।
ਮੈਕਸ ਹਸਪਤਾਲ ਤੋਂ 138 ਕਰੋੜ ਮਿਲੇ : ਸਿਹਤ ਮੰਤਰੀ
ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪ੍ਰਾਈਵੇਟ ਹਸਪਤਾਲ ਬਾਰੇ ਪੁੱਛੇ ਸੁਆਲ ਦੇ ਜੁਆਬ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੈਕਸ ਹਸਪਤਾਲ ਤੋਂ ਸਰਕਾਰ ਨੂੰ ਹੁਣ ਤੱਕ 138.05 ਕਰੋੜ ਦੀ ਰਾਸ਼ੀ ਪ੍ਰਾਪਤ ਹੋਈ ਹੈ ਅਤੇ ਸਰਕਾਰ ਨੇ ਮੁਹਾਲੀ ਵਿੱਚ 3.1 ਏਕੜ ਜ਼ਮੀਨ ਇਸ ਹਸਪਤਾਲ ਨੂੰ ਦਿੱਤੀ ਸੀ।