ਨਵੀਂ ਦਿੱਲੀ, 7 ਮਾਰਚ
ਕੇਂਦਰ ਸਰਕਾਰ ਨੇ ਇਸ ਸਾਲ ਪਹਿਲੀ ਜਨਵਰੀ ਤੋਂ ਆਪਣੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀਏ) ਨੂੰ ਮੌਜੂਦਾ 46 ਫੀਸਦ ਤੋਂ 4 ਫੀਸਦੀ ਵਧਾ ਕੇ ਮੁੱਢਲੀ ਤਨਖਾਹ ਦਾ 50 ਫੀਸਦ ਕਰਨ ਦਾ ਐਲਾਨ ਕੀਤਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਇਸ ਐਲਾਨ ਦਾ ਲਾਭ ਇਕ ਕਰੋੜ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਿਲੇਗਾ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਪਹਿਲੀ ਜਨਵਰੀ 2024 ਤੋਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਦੀ ਵਾਧੂ ਕਿਸ਼ਤ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ (ਡੀਆਰ) ਦੀ ਕਿਸ਼ਤ ਜਾਰੀ ਕੀਤੀ ਜਾਵੇਗੀ। ਇਹ ਮੁੱਢਲੀ ਤਨਖ਼ਾਹ/ਪੈਨਸ਼ਨ ਦੀ ਮੌਜੂਦਾ ਦਰ 46 ਫੀਸਦ ’ਤੇ 4 ਫੀਸਦ ਦਾ ਵਾਧਾ ਹੈ।’’ ਡੀਏ ਵਿੱਚ ਵਾਧੇ ਦੇ ਨਾਲ ਟਰਾਂਸਪੋਰਟ ਭੱਤੇ, ਕੈਂਟੀਨ ਭੱਤੇ ਤੇ ਡੈਪੂਟੇਸ਼ਨ ਭੱਤੇ ਸਣੇ ਹੋਰ ਭੱਤਿਆਂ ਵਿੱਚ 25 ਫੀਸਦ ਦਾ ਵਾਧਾ ਕੀਤਾ ਗਿਆ ਹੈ। ਮਕਾਨ ਕਿਰਾਇਆ ਭੱਤਾ ਮੁੱਢਲੀ ਤਨਖਾਹ ਦੇ 27 ਫੀਸਦ, 19 ਫੀਸਦ ਤੇ 9 ਫੀਸਦ ਤੋਂ ਵਧਾ ਕੇ ਕ੍ਰਮਵਾਰ 30 ਫੀਸਦ, 20 ਫੀਸਦ ਤੇ 10 ਫੀਸਦ ਕਰ ਦਿੱਤਾ ਗਿਆ ਹੈ। ਗ੍ਰੈਚੁਟੀ ਤਹਿਤ ਲਾਭ ਵਿੱਚ 25 ਫੀਸਦ ਦਾ ਵਾਧਾ ਹੋਇਆ ਹੈ। ਇਸ ਤਹਿਤ ਹੱਦ ਮੌਜੂਦਾ 20 ਲੱਖ ਤੋਂ ਵਧਾ ਕੇ 25 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਫੈਸਲੇ ਨਾਲ ਕੇਂਦਰ ਸਰਕਾਰ ਦੇ 49.18 ਲੱਖ ਕਰਮਚਾਰੀਆਂ ਤੋਂ ਇਲਾਵਾ 67.95 ਪੈਨਸ਼ਨਰਾਂ ਨੂੰ ਲਾਭ ਮਿਲਣ ਦੀ ਆਸ ਹੈ। ਇਸ ਤੋਂ ਇਲਾਵਾ ਮੀਟਿੰਗ ਵਿੱਚ ਗੋਆ ਵਿਧਾਨ ਸਭਾ ਵਿੱਚ ਅਨੁਸੂਚਿਤ ਜਨਜਾਤੀ ਨੂੰ ਰਾਖਵਾਂਕਰਨ ਦੇਣ ਸਬੰਧੀ ਇਕ ਬਿੱਲ ਨੂੰ ਵੀ ਮਨਜ਼ੂਰੀ ਦਿੱਤੀ ਗਈ। ਸਰਕਾਰ ਨੇ ਉੱਤਰ-ਪੂਰਬ ਵਿੱਚ ਉਦਯੋਗੀਕਰਨ ਨੂੰ ਬੜ੍ਹਾਵਾ ਦੇਣ ਲਈ 10,037 ਕਰੋੜ ਰੁਪਏ ਦੀ ਇਕ ਨਵੀਂ ਸਨਅਤ ਵਿਕਾਸ ਯੋਜਨਾ ‘ਉੱਨਤੀ’ ਨੂੰ ਵੀ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ 2024-25 ਦੇ ਸੀਜ਼ਨ ਲਈ ਪਟਸਨ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 285 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਉਕਤ ਸੀਜ਼ਨ ਦੌਰਾਨ ਪਟਸਨ ਦਾ ਐੱਮਐੱਸਪੀ 5335 ਪ੍ਰਤੀ ਕੁਇੰਟਲ ਹੋਵੇਗਾ। ਮੰਤਰੀ ਮੰਡਲ ਨੇ 10,372 ਕਰੋੜ ਰੁਪਏ ਦੇ ਫੰਡ ਨਾਲ ਪੰਜ ਸਾਲ ਲਈ ‘ਇੰਡੀਆ ਏਆਈ ਮਿਸ਼ਨ’ ਨੂੰ ਵੀ ਮਨਜ਼ੂਰੀ ਦਿੱਤੀ ਹੈ। ਮੰਤਰੀ ਮੰਡਲ ਨੇ ਉੱਜਵਲਾ ਲਾਭਪਾਤਰੀਆਂ ਨੂੰ 14.2 ਕਿੱਲੋ ਦੇ ਸਿਲੰਡਰ ’ਤੇ 300 ਰੁਪਏ ਦੀ ਮਿਲਦੀ ਸਬਸਿਡੀ ਅਗਲੇ ਵਿੱਤੀ ਵਰ੍ਹੇ ਲਈ ਵਧਾਉਣ ਦੀ ਮਨਜ਼ੂਰੀ ਵੀ ਦਿੱਤੀ ਹੈ। -ਪੀਟੀਆਈ