ਹਰਜੀਤ ਸਿੰਘ ਬਰਾੜ*/ਕੁਲਵੀਰ ਸਿੰਘ**/ਮਨਪ੍ਰੀਤ ਸਿੰਘ***
ਨਰਮਾ-ਕਪਾਹ ਪੰਜਾਬ ਦੀ ਮਹੱਤਵਪੂਰਨ ਵਪਾਰਕ ਫ਼ਸਲ ਹੈ। ਇਸ ਦੀ ਕਾਸ਼ਤ ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਸੰਗਰੂਰ ਅਤੇ ਬਰਨਾਲਾ ਵਿੱਚ ਕੀਤੀ ਜਾਂਦੀ ਹੈ। ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਫ਼ਸਲੀ ਵਿਭਿੰਨਤਾ ਲਈ ਨਰਮਾ-ਕਪਾਹ ਇੱਕ ਵਧੀਆ ਵਿਕਲਪ ਹੈ। ਬਿਜਾਈ ਦੇ ਸਮੇਂ ਨਹਿਰੀ ਪਾਣੀ ਦੀ ਬੰਦੀ ਅਤੇ ਜ਼ਮੀਨ ਹੇਠਲਾ ਮਾੜਾ ਪਾਣੀ ਨਰਮੇ-ਕਪਾਹ ਉਤਪਾਦਕਾਂ ਲਈ ਵੱਡੀ ਔਕੜ ਹਨ। ਪਿਛਲੇ ਦੋ ਸਾਲਾਂ ਤੋਂ ਕਿਸਾਨ ਨਰਮੇ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦਾ ਸਾਹਮਣਾ ਕਰ ਰਹੇ ਹਨ। ਗੁਲਾਬੀ ਸੁੰਡੀ ਨਾਲ ਨਜਿੱਠਣ ਲਈ ਕੁਝ ਕਿਸਾਨਾਂ ਨੇ ਗ਼ੈਰ-ਸਿਫ਼ਾਰਸ਼ੀ ਗੁਜਰਾਤੀ ਬੀਜ ਵੀ ਬੀਜਿਆ, ਜੋ ਪੱਤਾ ਮਰੋੜ ਬਿਮਾਰੀ ਅਤੇ ਰਸ ਚੂਸਣ ਵਾਲੇ ਕੀੜਿਆਂ ਲਈ ਸੰਵੇਦਨਸ਼ੀਲ ਹੈ ਜਿਸ ਕਾਰਨ ਫ਼ਸਲ ਦੀ ਪੈਦਾਵਾਰ ਬਹੁਤ ਘੱਟ ਹੋਈ। ਹੁਣ ਕਿਸਾਨਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਗ਼ੈਰ-ਸਿਫ਼ਾਰਸ਼ੀ ਗੁਜਰਾਤੀ ਬੀਜ ਗੁਲਾਬੀ ਸੁੰਡੀ ਦਾ ਹੱਲ ਨਹੀਂ ਹੈ। ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀਆਂ ਸਮੱਸਿਆਵਾਂ ਤੋਂ ਸਿਵਾਇ ਬਹੁਤ ਸਾਰੇ ਕਿਸਾਨਾਂ ਗ਼ਲਤ ਧਾਰਨਾ ਬਣੀ ਹੈ ਕਿ ਫ਼ਸਲ ਨੂੰ ਸਿਫ਼ਾਰਸ਼ ਮਾਤਰਾ ਤੋਂ ਘੱਟ ਖਾਦ ਪਾਉਣ ਨਾਲ ਕੀੜੇ-ਮਕੌੜਿਆਂ ਦਾ ਹਮਲਾ ਘੱਟ ਹੁੰਦਾ ਹੈ, ਜਿਸ ਕਾਰਨ ਫ਼ਸਲ ਦਾ ਵਿਕਾਸ ਬਹੁਤ ਮਾੜਾ ਹੁੰਦਾ ਹੈ ਤੇ ਨਤੀਜੇ ਵਜੋਂ ਉਤਪਾਦਕਤਾ ਵਿੱਚ ਵੱਡਾ ਨੁਕਸਾਨ ਹੁੰਦਾ ਹੈ। ਇਸ ਲਈ ਨਰਮੇ-ਕਪਾਹ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਪੀਏਯੂ ਵੱਲੋਂ ਨਰਮਾ-ਕਪਾਹ ਉਤਪਾਦਨ ਲਈ ਸਿਫ਼ਾਰਸ਼ ਕੀਤੀਆਂ ਤਕਨੀਕਾਂ ਦੀ ਪਾਲਣਾ ਜ਼ਰੂਰੀ ਹੈ।
ਨਰਮੇ-ਕਪਾਹ ਦੀ ਕਾਸ਼ਤ ਰੇਤਲੀਆਂ, ਖਾਰੀਆਂ ਜਾਂ ਸੇਮ ਵਾਲੀਆਂ ਜ਼ਮੀਨਾਂ ਨੂੰ ਛੱਡ ਕੇ ਹਰ ਤਰ੍ਹਾਂ ਦੀ ਜ਼ਮੀਨਾਂ ਵਿੱਚ ਕੀਤੀ ਜਾ ਸਕਦੀ ਹੈ। ਨਰਮਾ-ਕਪਾਹ ਪਾਣੀ ਦੀ ਖੜ੍ਹੋਤ ਨੂੰ ਸੰਵੇਦਨਸ਼ੀਲ ਹੁੰਦਾ ਹੈ, ਇਸ ਲਈ ਖੇਤਾਂ ਵਿੱਚ ਖ਼ਾਸ ਤੌਰ ’ਤੇ ਪਾਣੀ ਨਿਕਾਸ ਦਾ ਢੁਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ।
ਉੱਨਤ ਕਿਸਮਾਂ
ਨਰਮੇ-ਕਪਾਹ ਦੀ ਕਾਸ਼ਤ ਲਈ ਸੁਧਰੀ ਹੋਈ ਉਨਤ ਕਿਸਮ/ਹਾਈਬ੍ਰਿਡ ਦੀ ਚੋਣ ਕਰਨਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵੱਲੋਂ ਸਿਫ਼ਾਰਸ਼ ਕਿਸਮਾਂ ਦੀ ਸਾਰਨੀ ਹੇਠ ਲਿਖੇ ਅਨੁਸਾਰ ਹੈ:
ਇਸ ਤੋਂ ਇਲਾਵਾ ਹਰ ਸਾਲ ਖੇਤੀਬਾੜੀ ਮਹਿਕਮਾ, ਪੰਜਾਬ ਸਰਕਾਰ, ਪੀਏਯੂ ਵੱਲੋਂ ਸੁਝਾਏ ਗਏ ਬੀਟੀ ਹਾਈਬ੍ਰਿਡ ਕਿਸਮਾਂ ਦੀ ਲਿਸਟ ਜਾਰੀ ਕਰਦਾ ਹੈ, ਜਿਹੜੀ ਬਿਜਾਈ ਵੇਲੇ ਪ੍ਰਮੁੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤੀ ਜਾਂਦੀ ਹੈ।
ਖੇਤ ਦੀ ਵਹਾਈ ਤੇ ਤਿਆਰੀ: ਨਰਮੇ ਦੀਆਂ ਜੜ੍ਹਾਂ ਡੂੰਘੀਆਂ ਹੋਣ ਕਾਰਨ, ਡੂੰਘੀ ਵਹਾਈ ਨਰਮੇ ਲਈ ਲਾਹੇਵੰਦ ਹੁੰਦੀ ਹੈ। ਖ਼ਾਸ ਤੌਰ ’ਤੇ ਜਿਨ੍ਹਾਂ ਜ਼ਮੀਨਾਂ ਹੇਠ ਸਖ਼ਤ ਤਹਿ ਹੋਵੇ ਜਾਂ ਫਿਰ ਪਾਣੀ ਘੱਟ ਜੀਰਦਾ ਹੋਵੇ, ਉੱਥੇ ਇੱਕ ਮੀਟਰ ਦੀ ਦੂਰੀ ’ਤੇ ਦੋ ਤਰਫ਼ਾ 45-50 ਸੈਂਟੀਮੀਟਰ ਡੂੰਘੀ ਵਹਾਈ ਖੇਤ ਤਿਆਰ ਕਰਨ ਤੋਂ ਪਹਿਲਾਂ ਸਬ-ਸੋਇਲਰ (ਤਹਿ ਤੋੜ ਹਲ) ਨਾਲ ਜ਼ਰੂਰ ਕਰੋ। ਇਸ ਨਾਲ ਜ਼ਮੀਨ ਹੇਠਲੀ ਸਖ਼ਤ ਤਹਿ ਟੁੱਟ ਜਾਂਦੀ ਹੈ, ਪਾਣੀ ਜ਼ੀਰਨ ਦੀ ਸ਼ਕਤੀ ਵਧ ਜਾਂਦੀ ਹੈ ਅਤੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਖੇਤ ਦੀ ਤਿਆਰੀ ਲਈ 2-3 ਵਾਰ ਸੁੱਕੀ ਵਹਾਈ ਤੋਂ ਬਾਅਦ ਨਹਿਰੀ ਪਾਣੀ ਨਾਲ ਜਾਂ ਨਹਿਰ ਅਤੇ ਟਿਊਬਵੈੱਲ ਦੇ ਪਾਣੀ ਨਾਲ ਰਲਾ ਕੇ ਭਰਵੀਂ ਰੌਣੀ ਕਰੋ। ਖੇਤ ਦੇ ਸਹੀ ਵੱਤਰ ਆਉਣ ’ਤੇ ਦੋ-ਤਿੰਨ ਵਾਰ ਵਾਹੋ ਅਤੇ ਸੁਹਾਗਾ ਮਾਰੋ। ਖੇਤ ਦੀ ਤਿਆਰੀ ਦੁਪਹਿਰ ਸਮੇਂ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਨਾਲ ਲੋਂੜੀਦੀ ਵੱਤਰ ਸੁੱਕ ਜਾਂਦੀ ਹੈ।
ਬਿਜਾਈ ਦਾ ਸਮਾਂ: ਨਰਮੇ-ਕਪਾਹ ਦੀਆਂ ਸਾਰੀਆਂ ਕਿਸਮਾਂ ਦੀ ਬਿਜਾਈ ਲਈ ਸਿਫ਼ਾਰਸ਼ ਕੀਤਾ ਸਮਾਂ ਅਪਰੈਲ ਤੋਂ 15 ਮਈ ਤੱਕ ਹੈ। ਪਛੇਤੀ ਬਿਜਾਈ ਨਾਲ ਫ਼ਸਲ ਦਾ ਵਾਧਾ ਘੱਟ ਹੁੰਦਾ ਹੈ, ਨਾਲ ਹੀ ਕੀੜੇ-ਮਕੌੜਿਆਂ ਤੇ ਬਿਮਾਰੀਆਂ (ਖਾਸ ਕਰ ਕੇ ਚਿੱਟੀ ਮੱਖੀ ਅਤੇ ਪੱਤਾ ਮਰੋੜ ਬਿਮਾਰੀ) ਦਾ ਹਮਲਾ ਵਧੇਰੇ ਹੁੰਦਾ ਹੈ।
ਬੀਜ ਦੀ ਮਾਤਰਾ: ਵਧੀਆ ਝਾੜ ਲੈਣ ਲਈ ਖੇਤ ਵਿੱਚ ਬੂਟਿਆਂ ਦੀ ਗਿਣਤੀ ਪੂਰੀ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਬੀਜ ਦੀ ਸਿਫ਼ਾਰਸ਼ ਕੀਤੀ ਮਾਤਰਾ ਪਾਉਣੀ ਚਾਹੀਦੀ ਹੈ। ਨਰਮੇ ਦੇ ਸਾਰੇ ਬੀ ਟੀ ਹਾਈਬ੍ਰਿਡਾਂ ਲਈ 900 ਗ੍ਰਾਮ (ਬੀਟੀ) ਅਤੇ 240 ਗ੍ਰਾਮ (ਗ਼ੈਰ ਬੀਟੀ) ਬੀਜ/ਏਕੜ, ਨਰਮੇ ਦੀ ਬੀਟੀ ਕਿਸਮ ਪੀਏਯੂ ਬੀ ਟੀ 2 ਅਤੇ ਪੀਏਯੂ ਬੀ ਟੀ 3 ਲਈ 4.0 ਕਿਲੋਗ੍ਰਾਮ (ਬੀਟੀ) ਦੇ ਨਾਲ 1.0 ਕਿਲੋਗ੍ਰਾਮ (ਗ਼ੈਰ ਬੀਟੀ) ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫ਼ਾਰਸ਼ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਹੁਣ ਬਾਜ਼ਾਰ ਵਿੱਚ ਵਿਕਣ ਵਾਲੇ ਬੀਟੀ ਨਰਮੇ ਦੇ ਪੈਕੇਟ ਵਿੱਚ ਬੀਟੀ ਅਤੇ ਗ਼ੈਰ ਬੀਟੀ ਬੀਜ ਵੱਖਰਾ ਨਹੀਂ ਆਉਦਆਂ ਅਤੇ ਰਲਿਆ ਹੁੰਦਾ ਹੈ। ਬਾਕੀ ਨਰਮਾ ਦੀਆਂ ਕਿਸਮਾਂ ਜਿਵੇਂ ਕਿ ਐਫ 2228 ਅਤੇ ਐਲ ਐਚ 2108 ਦਾ ਬੀਜ 3.5 ਕਿਲੋਗ੍ਰਾਮ/ਏਕੜ ਅਤੇ ਦੇਸੀ ਕਪਾਹ ਦੀਆਂ ਕਿਸਮਾਂ ਐਲ ਡੀ 1019, ਐਲ ਡੀ 949 ਅਤੇ ਐਫ ਡੀ ਕੇ 124 ਦਾ 3.0 ਕਿਲੋਗ੍ਰਾਮ/ਏਕੜ ਦੇ ਹਿਸਾਬ ਨਾਲ ਪਾਓ।
ਬਿਜਾਈ ਦੇ ਢੰਗ ਅਤੇ ਫ਼ਾਸਲਾ: ਨਰਮੇ-ਕਪਾਹ ਦੀ ਬਿਜਾਈ ਠੀਕ ਡੂੰਘਾਈ ਅਤੇ ਸਹੀ ਵੱਤਰ ਵਿੱਚ ਸਵੇਰੇ ਜਾਂ ਸ਼ਾਮ ਵੇਲੇ ਕਰੋ। ਦੁਪਹਿਰੇ ਬਿਜਾਈ ਕਰਨ ਨਾਲ ਖੇਤ ਦੀ ਵੱਤਰ ਜਲਦੀ ਸੁੱਕ ਜਾਂਦੀ ਹੈ। ਬਿਜਾਈ ਟਰੈਕਟਰ ਨਾਲ ਚੱਲਣ ਵਾਲੀ ਡਰਿੱਲ ਨਾਲ 67.5 ਸੈਂਟੀਮੀਟਰ ਦੀ ਦੂਰੀ ’ਤੇ ਕਤਾਰਾਂ ਵਿੱਚ ਕਰੋ। ਦੇਸੀ ਕਪਾਹ ਦੇ ਕਤਾਰਾਂ ਵਿੱਚ ਬੂਟੇ ਤੋਂ ਬੂਟੇ ਦਾ ਫ਼ਾਸਲਾ 45 ਸੈਂਟੀਮੀਟਰ ਰੱਖੋ। ਪੀ ਏ ਯੂ ਬੀ ਟੀ 2 ਅਤੇ ਪੀ ਏ ਯੂ ਬੀ ਟੀ 3 ਲਈ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈਂਟੀਮੀਟਰ ਰੱਖੋ। ਨਰਮੇ ਦੀਆਂ ਬਾਕੀ ਕਿਸਮਾਂ ਜਿਵੇਂ ਐਫ 2228 ਅਤੇ ਐਲ ਐਚ 2108 ਲਈ ਬੂਟੇ ਤੋਂ ਬੂਟੇ ਦਾ ਫ਼ਾਸਲਾ 60 ਸੈਂਟੀਮੀਟਰ ਰੱਖੋ। ਸਾਰੇ ਬੀਟੀ ਹਾਈਬ੍ਰਿਡਾਂ ਵਿੱਚ ਇਹ ਫ਼ਾਸਲਾ 75 ਸੈਂਟੀਮੀਟਰ ਰੱਖੋ।
ਬੂਟਿਆਂ ਦੀ ਗਿਣਤੀ ਪੂਰੀ ਕਰਨਾ: ਬੀਜ ਦੀ ਉੱਗਣ ਸ਼ਕਤੀ ਘੱਟ ਹੋਣ ਜਾਂ ਬੂਟੇ ਮੱਚ ਜਾਣ ਕਾਰਨ ਕਈ ਵਾਰ ਫ਼ਸਲ ਵਿਰਲੀ ਰਹਿ ਜਾਂਦੀ ਹੈ ਜਿਸ ਕਾਰਨ ਝਾੜ ਘਟਦਾ ਹੈ। ਇਸ ਲਈ 4”x 6” ਦੇ ਪੋਲੀਥੀਨ ਲਿਫਾਫਿਆਂ ਵਿੱਚ ਮਿੱਟੀ ਅਤੇ ਰੂੜੀ ਦਾ ਬਰਾਬਰ ਮਿਸ਼ਰਨ ਨਾਲ ਭਰ ਕੇ ਬੀਜ ਦੇਵੋ ਅਤੇ 3 ਹਫ਼ਤਿਆਂ ਦੇ ਬੂਟੇ ਪਹਿਲੀ ਸਿੰਜਾਈ ਤੋਂ ਪਹਿਲਾਂ ਖੇਤ ਵਿੱਚ ਲਗਾ ਦਿਉ।
ਖਾਦਾਂ ਦੀ ਵਰਤੋਂ: ਦਰਮਿਆਨੀਆਂ ਉਪਜਾਊ ਜ਼ਮੀਨਾਂ ਲਈ, ਪੀ ਏ ਯੂ ਨੇ 30 ਕਿਲੋ ਨਾਈਟ੍ਰੋਜਨ (65 ਕਿਲੋ ਯੂਰੀਆ) ਦੀ ਸਿਫ਼ਾਰਸ਼ ਸਾਰੀਆਂ ਗ਼ੈਰ ਬੀਟੀ ਕਿਸਮਾਂ ਲਈ ਅਤੇ 37 ਕਿਲੋਗ੍ਰਾਮ ਨਾਈਟ੍ਰੋਜਨ (80 ਕਿਲੋ ਯੂਰੀਆ) ਦੀ ਸਿਫ਼ਾਰਸ਼ ਬੀਟੀ ਕਿਸਮਾਂ (ਪੀ ਏ ਯੂ ਬੀ ਟੀ 2 ਅਤੇ ਪੀ ਏ ਯੂ ਬੀ ਟੀ 3) ਲਈ ਪ੍ਰਤੀ ਏਕੜ ਦੇ ਆਧਾਰ ’ਤੇ ਕੀਤੀ ਹੈ। ਦੋਗਲੀਆਂ (ਬੀਟੀ ਅਤੇ ਗ਼ੈਰ ਬੀਟੀ) ਕਿਸਮਾਂ ਲਈ ਪ੍ਰਤੀ ਏਕੜ 42 ਕਿਲੋਗ੍ਰਾਮ ਨਾਈਟ੍ਰੋਜਨ (90 ਕਿਲੋ ਯੂਰੀਆ) ਦੀ ਸਿਫ਼ਾਰਸ਼ ਹੈ। ਨਾਈਟ੍ਰੋਜਨ ਦੀ ਪਹਿਲੀ ਕਿਸ਼ਤ ਪਹਿਲੀ ਸਿੰਜਾਈ ਤੋਂ ਬਾਅਦ ਅਤੇ ਬਾਕੀ ਅੱਧੀ ਨੂੰ ਫੁੱਲ-ਡੋਡੀ ਪੈਣ ’ਤੇ ਦਿਓ। ਜੇ ਨਰਮੇ ਤੋਂ ਪਹਿਲਾਂ ਕਣਕ ਨੂੰ ਫਾਸਫੋਰਸ ਦੀ ਸਿਫ਼ਾਰਸ਼ ਮਾਤਰਾ ਦਿੱਤੀ ਗਈ ਹੋਵੇ, ਨਰਮੇ ਨੂੰ ਫਾਸਫੋਰਸ ਦੀ ਕੋਈ ਜ਼ਰੂਰਤ ਨਹੀਂ। ਦੂਜੇ ਹਾਲਾਤ ਵਿੱਚ ਨਰਮੇ ਕਪਾਹ ਨੂੰ 12 ਕਿਲੋ ਫਾਸਫੋਰਸ (75 ਕਿਲੋ ਸੁਪਰ ਜਾਂ 27 ਕਿਲੋ ਡੀ ਏ ਪੀ) ਪ੍ਰਤੀ ਏਕੜ ਬਿਜਾਈ ਸਮੇਂ ਪਾਉ। ਜਿੱਥੇ ਫਾਸਫੋਰਸ ਲਈ 27 ਕਿਲੋ ਡੀ ਏ ਪੀ ਵਰਤਿਆ ਗਿਆ ਹੋਵੇ, ਉਥੇ ਯੂਰੀਆ 10 ਕਿਲੋ ਘੱਟ ਕਰ ਦੇਵੋ। ਹਲਕੀਆਂ ਜ਼ਮੀਨਾਂ ਵਿੱਚ 20 ਕਿਲੋ ਪੋਟਾਸ਼ ਅਤੇ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21 ਪ੍ਰਤੀਸ਼ਤ) ਜਾਂ 6.5 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ (33 ਪ੍ਰਤੀਸ਼ਤ) ਪ੍ਰਤੀ ਏਕੜ ਜ਼ਰੂਰ ਪਾਉ। ਫਾਸਫੋਰਸ, ਪੋਟਾਸ਼ ਅਤੇ ਜ਼ਿੰਕ ਖਾਦਾਂ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾ ਦਿਓ। ਘੱਟ ਉਪਜਾਊ ਜ਼ਮੀਨਾਂ ਵਿੱਚ ਨਾਈਟ੍ਰੋਜਨ ਦੀ ਇੱਕ ਕਿਸ਼ਤ ਬਿਜਾਈ ਸਮੇਂ ਪਾ ਦੇਣੀ ਚਾਹੀਦੀ ਹੈ। ਲੋੜ ਅਨੁਸਾਰ ਯੂਰੀਆ ਪਾਉਣ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੈਗਨੀਸ਼ੀਅਮ ਸਲਫੇਟ 25 ਕਿਲੋ ਬਿਜਾਈ ਸਮੇਂ ਪਾ ਦਿਓ।
ਬੋਰੋਨ ਦੀ ਘਾਟ ਵਾਲੀਆਂ ਜ਼ਮੀਨਾਂ (0.5 ਕਿਲੋ/ਏਕੜ ਤੋਂ ਘੱਟ ਬੋਰੋਨ), ਜਿਸ ਵਿੱਚ 2 ਪ੍ਰਤੀਸ਼ਤ ਜਾਂ ਵਧੇਰੇ ਕੈਲਸ਼ੀਅਮ ਕਾਰਬੋਨੇਟ ਹੋਣ ਵਿੱਚ ਬਿਜਾਈ ਦੇ ਸਮੇਂ 400 ਗ੍ਰਾਮ ਬੋਰੋਨ (4 ਕਿਲੋ ਬੋਰੈਕਸ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਬੋਰੋਨ ਨੂੰ ਅੰਨ੍ਹੇਵਾਹ ਢੰਗ ਨਾਲ ਸਾਰੀਆਂ ਜ਼ਮੀਨਾਂ ਵਿੱਚ ਨਹੀਂ ਪਾਉਣਾ ਚਾਹੀਦਾ, ਕਿਉਂਕਿ ਜ਼ਮੀਨ ਵਿੱਚ ਬਹੁਤ ਜ਼ਿਆਦਾ ਬੋਰੋਨ ਫ਼ਸਲ ਲਈ ਜ਼ਹਿਰੀਲਾ ਸਾਬਤ ਹੋ ਸਕਦਾ ਹੈ।
ਨਰਮੇ ਤੋਂ ਵਧੇਰੇ ਝਾੜ ਲੈਣ ਲਈ ਪੋਟਾਸ਼ੀਅਮ ਨਾਈਟ੍ਰੇਟ ਦੇ 4 ਸਪਰੇਅ ਕਰਨ ਨਾਲ ਫੁੱਲ ਡੋਡੀ ਅਤੇ ਕੱਚੇ ਟੀਂਡੇ ਨਹੀਂ ਝੜਦੇ, ਜਿਸ ਨਾਲ ਪੈਦਾਵਾਰ ਵਿੱਚ ਚੋਖਾ ਵਾਧਾ ਹੁੰਦਾ ਹੈ। ਫੁੱਲਾਂ ਦੀ ਸ਼ੁਰੂਆਤ ਤੋਂ ਲੈ ਕੇ 2% ਪੋਟਾਸ਼ੀਅਮ ਨਾਈਟ੍ਰੇਟ (13:0:45) ਦੇ ਚਾਰ ਸਪਰੇਅ ਹਫ਼ਤੇ ਦੇ ਵਕਫ਼ੇ ’ਤੇ ਕਰੋ। 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ ਲਈ 2 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 100 ਲਿਟਰ ਪਾਣੀ ਵਿੱਚ ਘੋਲ ਲਓ। ਬੀ ਟੀ ਨਰਮੇ ਵਿੱਚ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ, 1 ਪ੍ਰਤੀਸ਼ਤ ਮੈਗਨੀਸ਼ੀਅਮ ਸਲਫੇਟ (1 ਕਿਲੋ ਮੈਗਨੀਸ਼ਅਮ ਸਲਫੇਟ ਨੂੰ 100 ਲਿਟਰ ਪਾਣੀ ਵਿਚ ਘੋਲ ਲਓ) ਦੇ ਦੋ ਸਪਰੇਅ ਫੁੱਲ ਡੋਡੀ ਅਤੇ ਟੀਂਡੇ ਬਣਨ ਦੀ ਅਵਸਥਾ ਦੌਰਾਨ 15 ਦਿਨਾਂ ਦੇ ਵਕਫ਼ੇ ’ਤੇ ਕਰੋ। ਜਿਹੜੇ ਖੇਤਾਂ ਵਿੱਚ ਪਿਛਲੇ ਸਾਲ ਨਰਮੇ ’ਤੇ ਲਾਲੀ ਆਈ ਹੋਵੇ, ਉੱਥੇ ਪੱਤਿਆਂ ’ਤੇ ਲਾਲੀ ਪ੍ਰਗਟ ਹੋਣ ਤੋਂ ਪਹਿਲਾਂ ਪਹਿਲਾਂ 1 ਪ੍ਰਤੀਸ਼ਤ ਮੈਗਨੀਸ਼ਅਮ ਸਲਫੇਟ ਦੇ ਦੋ ਛਿੜਕਾਅ ਜ਼ਰੂਰ ਕਰੋ।
ਘੱਟ ਉਪਜਾਊ ਜ਼ਮੀਨਾਂ ਵਿੱਚ ਫੁੱਲ ਡੋਡੀ ਆਉਣ ਅਤੇ ਟੀਂਡੇ ਬਣਨ ਸਮੇਂ ਖ਼ਾਸ ਕਰ ਕੇ ਬੀਟੀ ਨਰਮਾ ਕੁਮਲਾਉਣ ਜਾਂ ਸੜਣ ਜਾਂ ਸੁੱਕਣ ਲੱਗ ਜਾਂਦਾ ਹੈ। ਇਸ ਸਮੇਂ ਦੌਰਨ ਜ਼ਮੀਨ ਵਿੱਚ ਪਏ ਤੱਤ ਫ਼ਸਲ ਦੀ ਲੋੜ ਪੂਰੀ ਕਰਨ ਵਿੱਚ ਅਸਮਰੱਥ ਹੁੰਦੇ ਹਨ। ਬੀਟੀ ਨਰਮੇ ਨੂੰ ਉੱਪਰ ਦੱਸੇ ਅਨੁਸਾਰ ਖਾਦਾਂ ਸੰਤੁਲਿਤ ਤਰੀਕੇ ਨਾਲ ਪਾਉਣ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
ਨਦੀਨਾਂ ਦੀ ਸੁਚੱਜੀ ਰੋਕਥਾਮ: ਇਟਸਿਟ, ਮਧਾਣਾ, ਮੱਕੜਾ, ਚੁਲਾਈ, ਤਾਂਦਲਾ, ਭੱਖੜਾ, ਕੰਗੀ ਬੂਟੀ, ਪੀਲੀ ਬੂਟੀ ਆਦਿ ਨਰਮੇ-ਕਪਾਹ ਦੇ ਪ੍ਰਮੁੱਖ ਨਦੀਨ ਹਨ। ਇਨ੍ਹਾਂ ਨਦੀਨਾਂ ਦੀ ਰੋਕਥਾਮ 2-3 ਗੋਡੀਆਂ ਜਾਂ ਫਿਰ ਨਦੀਨਨਾਸ਼ਕਾਂ ਨਾਲ ਕੀਤੀ ਜਾ ਸਕਦੀ ਹੈ। ਤ੍ਰਿਫਾਲੀ ਜਾਂ ਟਰੈਕਟਰ ਟਿੱਲਰ (ਸੀਲਰ) ਨਾਲ ਨਦੀਨਾਂ ਦੀ ਰੋਕਥਾਮ ਫ਼ਸਲ ਦੇ ਸ਼ੁਰੂਆਤੀ ਪੜਾਅ ਵਿੱਚ ਕੀਤੀ ਜਾ ਸਕਦੀ ਹੈ, ਪਰ ਉਨ੍ਹਾਂ ਦੀ ਵਰਤੋਂ ਫੁੱਲ ਪੈਣ ਉਪਰੰਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਫੁੱਲ-ਡੋਡੀ ਝੜ ਜਾਂਦੀ ਹੈ। ਨਦੀਨਾਂ ਦੀ ਰੋਕਥਾਮ ਸਟੌਂਪ 30 ਈ ਸੀ (ਪੈਂਡੀਮੈਥਾਲਿਨ) 1 ਲਿਟਰ ਨੂੰ 200 ਲਿਟਰ ਪਾਣੀ/ਏਕੜ ਦੇ ਹਿਸਾਬ ਨਾਲ ਬਿਜਾਈ ਦੇ 24 ਘੰਟਿਆਂ ਦੇ ਅੰਦਰ-ਅੰਦਰ ਛਿੜਕਾਅ ਕਰ ਕੇ ਵੀ ਕੀਤੀ ਜਾ ਸਕਦੀ ਹੈ। ਜੇ ਪਹਿਲੀ ਸਿੰਜਾਈ ਜਾਂ ਬਾਰਸ਼ ਤੋਂ ਬਾਅਦ ਨਦੀਨਾਂ ਦੇ ਜ਼ਿਆਦਾ ਜੰਮਣ ਦੀ ਸੰਭਾਵਨਾ ਹੋਵੇ ਤਾਂ ਵੀ ਚੰਗੇ ਵਤਰ ’ਤੇ ਇਹੋ ਦਵਾਈ ਨਦੀਨ ਉੱਗਣ ਤੋਂ ਪਹਿਲਾਂ ਖੇਤ ਵਿੱਚ ਸਪਰੇਅ ਕੀਤੀ ਜਾ ਸਕਦੀ ਹੈ। ਸਟੌਂਪ ਰਸਾਇਣ ਉੱਗੇ ਹੋਏ ਨਦੀਨਾਂ ਅਤੇ ਫ਼ਸਲ ਨੂੰ ਨਹੀਂ ਮਾਰਦਾ। ਨਦੀਨਨਾਸ਼ਕ ਦਾ ਛਿੜਕਾਅ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਨਾਲ ਕਰੋ। ਸਟੌਂਪ ਦੇ ਛਿੜਕਾਅ ਤੋਂ ਬਾਅਦ ਉੱਗੇ ਨਦੀਨਾਂ ਨੂੰ ਬਿਜਾਈ ਤੋਂ 45 ਦਿਨਾਂ ਬਾਅਦ ਇੱਕ ਗੋਡੀ ਜਾਂ ਤ੍ਰਿਫਾਲੀ ਜਾਂ ਸੀਲਰ ਨਾਲ ਕਾਬੂ ਕੀਤਾ ਜਾ ਸਕਦਾ ਹੈ।
ਨਰਮੇ ਦੀ ਫ਼ਸਲ ਵਿੱਚ ਪਹਿਲੇ ਪਾਣੀ ਤੋਂ ਬਾਅਦ ਖੇਤ ਵਤਰ ਆਉਣ ’ਤੇ 500 ਮਿਲੀਲਿਟਰ ਹਿਟਵੀਡ ਮੈਕਸ (10 ਐਮ ਈ ਸੀ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ’ਤੇ ਘਾਹ ਵਾਲੇ ਅਤੇ ਚੌੜੇ ਪੱਤੇ ਵਾਲੇ ਮੌਸਮੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਖਾਸ ਤੌਰ ’ਤੇ ਬਰਸਾਤੀ ਮੌਸਮ ਦੌਰਾਨ ਗੋਡੀ ਜਾਂ ਤ੍ਰਿਫਾਲੀ ਤੋਂ ਬਿਨਾਂ ਨਦੀਨਾਂ ਦੀ ਰੋਕਥਾਮ ਲਈ 500 ਮਿਲੀਲਿਟਰ ਗਰੈਮਕਸੋਨ 24% ਐਸ ਐਲ (ਪੈਰਾਕੁਐਟ) ਜਾਂ 900 ਮਿਲੀਲਿਟਰ ਸਵੀਪ ਪਾਵਰ 13.5% ਐਸ ਐਲ (ਗਲੂਫੋਸੀਨੇਟ ਅਮੋਨੀਅਮ) ਨੂੰ 100 ਲਿਟਰ ਪਾਣੀ ਵਿੱਚ ਬਿਜਾਈ ਤੋਂ 6-8 ਹਫ਼ਤਿਆਂ ਬਾਅਦ ਜਦੋਂ ਫ਼ਸਲ ਦਾ ਕੱਦ 40-45 ਸੈਂਟੀਮੀਟਰ ਹੋਵੇ, ਕਤਾਰਾਂ ਵਿਚਕਾਰ ਛਿੜਕਾਅ ਕਰੋ। ਇਹ ਦੋਵੇਂ ਨਦੀਨਨਾਸ਼ਕ ਗ਼ੈਰ-ਚੋਣਵੀਂ ਨਦੀਨਨਾਸ਼ਕ ਹਨ, ਸੋ ਸਪਰੇਅ ਫ਼ਸਲ ਉੱਪਰ ਨਹੀਂ ਪੈਣੀ ਚਾਹੀਦੀ। ਛਿੜਕਾਅ ਕਰਨ ਸਮੇਂ ਨੋਜ਼ਲ ਜ਼ਮੀਨ ਤੋਂ 15-20 ਸੈਂਟੀਮੀਟਰ ਉਪਰ ਹੋਣੀ ਚਾਹੀਦੀ ਹੈ ਅਤੇ ਛਿੜਕਾਅ ਕਰਨ ਲਈ ਸੁਰੱਖਿਅਤ ਹੁੱਡ ਦੀ ਵਰਤੋਂ ਜ਼ਰੂਰ ਕਰੋ। ਵਗਦੀ ਹਵਾ ਵਿੱਚ ਇਨ੍ਹਾਂ ਨਦੀਨਨਾਸ਼ਕਾਂ ਦਾ ਛਿੜਕਾਅ ਨਾ ਕਰੋ।
ਬੂਟਿਆਂ ਦੇ ਅਣਚਾਹੇ ਵਾਧੇ ਨੂੰ ਰੋਕਣਾ: ਜ਼ਿਆਦਾ ਉਪਜਾਊ ਜ਼ਮੀਨਾਂ ਵਿੱਚ ਨਰਮੇ ਦਾ ਅਣਚਾਹਿਆ ਵਾਧਾ ਸਮੱਸਿਆ ਬਣ ਜਾਂਦਾ ਹੈ। ਇਸ ਨਾਲ ਫੁੱਲ ਘੱਟ ਪੈਂਦੇ ਹਨ। ਬੂਟਿਆਂ ਦੇ ਅਣਚਾਹੇ ਵਾਧੇ ਨੂੰ ਰੋਕਣ ਲਈ ਚਮਤਕਾਰ (ਮੈਪੀਕੁਐਟ ਕਲੋਰਾਈਡ 5 ਪ੍ਰਤੀਸ਼ਤ) ਦੇ ਦੋ ਸਪਰੇਅ 300 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਰਤ ਕੇ ਬਿਜਾਈ ਤੋਂ ਕਰੀਬ 60 ਅਤੇ 75 ਦਿਨਾਂ ਬਾਅਦ ਕਰੋ।
ਸਿੰਜਾਈ ਅਤੇ ਜਲ-ਨਿਕਾਸ: ਬਾਰਸ਼ ਅਤੇ ਮੌਸਮ ਦੇ ਆਧਾਰ ’ਤੇ ਨਰਮੇ ਦੀ ਫ਼ਸਲ ਨੂੰ 4-6 ਸਿੰਜਾਈਆਂ ਦੀ ਜ਼ਰੂਰਤ ਪੈਂਦੀ ਹੈ। ਪਹਿਲੀ ਸਿੰਜਾਈ ਬਿਜਾਈ ਤੋਂ 4-6 ਹਫ਼ਤਿਆਂ ਬਾਅਦ ਅਤੇ ਅਗਲੀਆਂ 2-3 ਹਫ਼ਤਿਆਂ ਬਾਅਦ ਮਿੱਟੀ ਦੇ ਕਿਸਮ ਅਤੇ ਬਾਰਸ਼ ਦੇ ਆਧਾਰ ’ਤੇ ਦਿਓ। ਹਲਕੀਆਂ ਜ਼ਮੀਨਾਂ ਵਿੱਚ ਪਹਿਲੀ ਸਿੰਜਾਈ ਮੌਸਮ ਦੇ ਅਨੁਸਾਰ ਪਹਿਲਾਂ ਵੀ ਦਿੱਤੀ ਜਾ ਸਕਦੀ ਹੈ। ਆਖ਼ਰੀ ਸਿੰਜਾਈ ਸਤੰਬਰ ਅੰਤ ਵਿੱਚ ਦਿਓ ਤਾਂ ਜੋ ਟੀਂਡੇ ਵਧੀਆ ਖਿੜਨ। ਫੁੱਲ ਡੋਡੀ ਬਣਨ ਸਮੇਂ ਨਰਮੇ-ਕਪਾਹ ਨੂੰ ਕਦੇ ਵੀ ਪਾਣੀ ਦੀ ਔੜ ਨਾ ਲੱਗਣ ਦਿਓ। ਨਰਮੇ-ਕਪਾਹ ਵਿੱਚ ਪਾਣੀ ਜ਼ਿਆਦਾ ਸਮਾਂ ਖੜ੍ਹਨ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ। ਇਸ ਲਈ ਸਹੀ ਪਾਣੀ ਨਿਕਾਸ ਹੋਣਾ ਵੀ ਬਹੁਤ ਜ਼ਰੂਰੀ ਹੈ।
ਸੈਲੀਸਿਲਕ ਐਸਿਡ ਨਾਲ ਔੜ ਪ੍ਰਬੰਧਨ: ਅਚਾਨਕ ਨਹਿਰੀ ਬੰਦੀ ਜਾਂ ਮੀਂਹ ਨਾ ਪੈਣ ਕਾਰਨ ਲੱਗੀ ਔੜ ਨਾਲ ਨਰਮੇ ਦੇ ਝਾੜ ਦੇ ਨੁਕਸਾਨ ਨੂੰ ਘੱਟ ਕਰਨ ਲਈ ਔੜ ਸਮੇਂ ਪ੍ਰਤੀ ਏਕੜ 12.5 ਗ੍ਰਾਮ ਸੈਲੀਸਿਲਕ ਐਸਿਡ ਨੂੰ 375 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲਣ ਉਪਰੰਤ 125 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।
ਤੁਪਕਾ ਸਿੰਜਾਈ ਅਤੇ ਫਰਟੀਗੇਸ਼ਨ: ਨਰਮੇ ਵਿੱਚ ਤੁਪਕਾ ਸਿੰਜਾਈ ਅਤੇ ਫਰਟੀਗੇਸ਼ਨ ਜ਼ਮੀਨ ਦੀ ਸਤ੍ਵਾ ਅਤੇ ਜ਼ਮੀਨ ਦੇ ਅੰਦਰ ਡਰਿੱਪਰ ਪਾਈਪਾਂ ਨਾਲ ਕੀਤੀ ਜਾ ਸਕਦੀ ਹੈ। ਸਤ੍ਵਾ ਤੁਪਕਾ ਸਿੰਜਾਈ ਵਿੱਚ ਡਰਿੱਪਰ ਪਾਈਪਾਂ ਜ਼ਮੀਨ ਦੇ ਉਪਰ 67.5 ਸੈਂਟੀਮੀਟਰ ਦੀ ਵਿੱਥ ’ਤੇ ਨਰਮੇ ਦੀਆਂ ਕਤਾਰਾਂ ਦੇ ਨਾਲ ਵਿਛਾਈਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਡਰਿੱਪਰ ਤੋਂ ਡਰਿੱਪਰ ਦਾ ਫ਼ਾਸਲਾ 75 ਸੈਂਟੀਮੀਟਰ ਅਤੇ ਪਾਣੀ ਦੀ ਨਿਕਾਸ ਦਰ 2.2 ਲਿਟਰ ਪ੍ਰਤੀ ਘੰਟਾ ਹੁੰਦੀ ਹੈ। ਨਰਮੇ ਨੂੰ 7 ਦਿਨਾਂ ਦੇ ਵਕਫ਼ੇ ’ਤੇ ਸਤ੍ਵਾ ਉੱਪਰ ਰੱਖੀ ਡਰਿੱਪਰ ਪਾਈਪਾਂ ਨਾਲ ਮਈ/ਜੂਨ, ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੌਰਾਨ ਕ੍ਰਮਵਾਰ 50, 45, 40 ਅਤੇ 35 ਮਿੰਟਾਂ ਲਈ ਪਾਣੀ ਦਿਓ। ਧਰਤੀ ਹੇਠ ਤੁਪਕਾ ਸਿੰਜਾਈ ਵਿੱਚ ਡਰਿੱਪਰ ਪਾਈਪਾਂ 67.5 ਸੈਂਟੀਮੀਟਰ ਦੀ ਵਿੱਥ ’ਤੇ ਜ਼ਮੀਨ ਵਿੱਚ 20 ਸੈਂਟੀਮੀਟਰ ਡੂੰਘੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਡਰਿੱਪਰ ਤੋਂ ਡਰਿੱਪਰ ਦਾ ਫ਼ਾਸਲਾ 20 ਸੈਂਟੀਮੀਟਰ ਅਤੇ ਪਾਣੀ ਦੀ ਨਿਕਾਸ ਦਰ 2.2 ਲਿਟਰ/ਘੰਟਾ ਹੁੰਦੀ ਹੈ। ਨਰਮੇ ਨੂੰ 5 ਦਿਨਾਂ ਦੇ ਵਕਫ਼ੇ ਇਨ੍ਹਾਂ ਡਰਿੱਪਰ ਪਾਈਪਾਂ ਨਾਲ, ਮਈ/ਜੂਨ, ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੌਰਾਨ ਕ੍ਰਮਵਾਰ 40, 35, 30 ਅਤੇ 25 ਮਿੰਟਾਂ ਲਈ ਪਾਣੀ ਦਿਓ। ਫਰਟੀਗੇਸ਼ਨ ਲਈ 100 ਕਿਲੋ ਯੂਰੀਆ/ਏਕੜ ਨੂੰ 10 ਬਰਾਬਰ ਕਿਸ਼ਤਾਂ ਵਿੱਚ ਜ਼ਮੀਨ ਦੇ ਉਪਰ ਅਤੇ ਜ਼ਮੀਨ ਦੇ ਅੰਦਰ ਡਰਿੱਪਰ ਨਾਲ ਕ੍ਰਮਵਾਰ 7 ਅਤੇ 5 ਦਿਨਾਂ ਦੇ ਵਕਫ਼ੇ ’ਤੇ ਬਿਜਾਈ ਤੋਂ 30-35 ਦਿਨਾਂ ਬਾਅਦ ਤੋਂ ਸ਼ੁਰੂ ਕਰ ਕੇ ਪਾਇਆ ਜਾ ਸਕਦਾ ਹੈ।
ਪੱਤੇ ਝਾੜਨਾ: ਟੀਂਡੇ ਅਗੇਤੇ ਅਤੇ ਇਕਸਾਰ ਖਿੜਾਉਣ ਲਈ, ਅਕਤੂਬਰ ਦੇ ਆਖਰੀ ਹਫ਼ਤੇ ਵਿੱਚ 500 ਮਿਲੀਲਿਟਰ ਈਥਰਲ 39 ਪ੍ਰਤੀਸ਼ਤ (ਇਥੀਫੋਨ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਸਪਰੇਅ ਤੋਂ 7-10 ਦਿਨਾਂ ਮਗਰੋ ਬਹੁਤੇ ਪੱਤੇ ਝੜ੍ਹ ਜਾਂਦੇ ਹਨ ਜਿਸ ਨਾਲ ਨਰਮੇ ਦੀ ਗੁਣਵੱਤਾ ਅਤੇ ਉਤਪਾਦਨ ਵਿੱਚ ਵਾਧਾ ਹੁੰਦਾ ਹੈ।
ਚੁਗਾਈ: ਨਰਮੇ ਦੇ ਮੁਕਾਬਲੇ ਕਪਾਹ ਦੀ ਚੁਗਾਈ ਅਗੇਤੀ ਅਤੇ ਜਲਦੀ ਕਰਨੀ ਪੈਂਦੀ ਹੈ। ਨਰਮਾ ਕਪਾਹ ਦੇ ਜ਼ਮੀਨ ’ਤੇ ਡਿੱਗਣ ਨਾਲ ਹੁੰਦੇ ਨੁਕਸਾਨ ਤੋਂ ਬਚਣ ਲਈ 15-20 ਦਿਨ ਦੇ ਵਕਫ਼ੇ ’ਤੇ ਸਾਫ਼ ਅਤੇ ਸੁੱਕੇ ਨਰਮੇ ਕਪਾਹ ਦੀ ਚੁਗਾਈ ਕਰੋ। ਪਹਿਲੀ ਅਤੇ ਆਖ਼ਰੀ ਚੁਗਾਈ ਨੂੰ ਵੱਖਰੇ ਅਤੇ ਗੁਣਵੱਤਾ ਅਨੁਸਾਰ ਵੱਖ ਵੱਖ ਕਿਸਮਾਂ ਦੇ ਉਤਪਾਦਾਂ ਨੂੰ ਵੱਖਰੇ ਰੱਖਣ ਨਾਲ ਮਾਰਕੀਟ ਵਿੱਚ ਚੰਗੀ ਕੀਮਤ ਮਿਲਦੀ ਹੈ।
ਨਰਮੇ ਦੀਆਂ ਛਟੀਆਂ ਦੀ ਸਾਭ-ਸੰਭਾਲ: ਆਉਂਦੇ ਸੀਜਨ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਨੂੰ ਘੱਟ ਕਰਨ ਲਈ ਨਰਮੇ ਦੀਆਂ ਛਟੀਆਂ ਦਾ ਠੀਕ ਢੰਗ ਨਾਲ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਨਰਮੇ ਦੀਆਂ ਛਟੀਆਂ ਨੂੰ ਖੇਤ ਤੋਂ ਦੂਰ, ਧੁੱਪ ਵਿੱਚ ਖੜ੍ਹਵੇ ਰੁਖ਼ ਰੱਖਣਾ ਚਾਹੀਦਾ ਹੈ। ਇਨ੍ਹਾਂ ਛਟੀਆਂ ਨੂੰ ਫਰਵਰੀ ਦੇ ਅਖੀਰ ਤੱਕ ਬਾਲਣ ਦੇ ਰੂਪ ਵਿੱਚ ਹਰ ਹਾਲਤ ਵਰਤ ਲੈਣਾ ਚਾਹੀਦਾ ਹੈ, ਤਾਂ ਕਿ ਆਉਂਦੇ ਸੀਜਨ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਨਾ ਹੋ ਸਕੇ। ਦੂਸਰਾ ਤਰੀਕਾ ਇਹ ਹੈ ਕਿ ਨਰਮੇ ਦੀਆਂ ਛਟੀਆਂ ਨੂੰ ਮੋਬਾਈਲ ਸ਼ਰੈਡਰ (ਨਰਮੇ ਦੀਆਂ ਛਟੀਆਂ ਕੁਤਰਨ ਵਾਲੀ ਮਸ਼ੀਨ) ਜਾਂ ਮਲਚਰ ਨਾਲ ਕੱਟ ਕੇ ਖੇਤ ਵਿੱਚ ਖਿਲਾਰਨ ਤੋਂ ਬਾਅਦ ਕਣਕ ਦੀ ਬਿਜਾਈ ਲਈ ਖੇਤ ਦੀ ਵਹਾਈ ਸਮੇਂ ਜ਼ਮੀਨ ਵਿੱਚ ਮਿਲਾ ਦੇਣਾ ਚਾਹੀਦਾ ਹੈ। ਸੁਪਰ ਸੀਡਰ ਨਾਲ ਵੀ ਛਟੀਆਂ ਨੂੰ ਖੇਤ ਵਿੱਚ ਵਾਹੁਣ ਦੇ ਨਾਲ ਨਾਲ ਕਣਕ ਦੀ ਬਿਜਾਈ ਵੀ ਇੱਕੋਂ ਸਮੇਂ ਕੀਤੀ ਜਾ ਸਕਦੀ ਹੈ।
*ਪੀਏਯੂ, ਖੇਤਰੀ ਖੋਜ ਕੇਂਦਰ, ਬਠਿੰਡਾ।
**ਪੀਏਯੂ, ਖੇਤਰੀ ਖੋਜ ਕੇਂਦਰ, ਫ਼ਰੀਦਕੋਟ।
***ਪੀਏਯੂ, ਖੇਤਰੀ ਖੋਜ ਕੇਂਦਰ, ਅਬੋਹਰ।