ਈਟਾਨਗਰ, 9 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ-ਪੂਰਬ ਵਿੱਚ 55600 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਜਿਸ ਵਿੱਚ ਰਣਨੀਤਕ ਤੌਰ ’ਤੇ ਅਹਿਮ ਦੋ ਲੇਨ ਵਾਲੀ ਦੁਨੀਆ ਦੀ ਸਭ ਤੋਂ ਲੰਮੀ ਸੇਲਾ ਸੁਰੰਗ ਵੀ ਸ਼ਾਮਲ ਹੈ, ਜੋ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਨੂੰ ਹਰ ਮੌਸਮ ਵਿੱਚ ਜੋੜੀ ਰੱਖੇਗੀ। ਇਸ ਵਿੱਚ 1,003 ਮੀਟਰ ਅਤੇ 1,595 ਮੀਟਰ ਲੰਬੀਆਂ ਦੋ ਸੁਰੰਗਾਂ ਹਨ। ਦੂਜੀ ਸੁਰੰਗ ਵਿੱਚ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਮੁੱਖ ਸੁਰੰਗ ਦੇ ਅੱਗੇ ਐਸਕੇਪ ਟਿਊਬ ਹੈ। ਇਹ ਸੁਰੰਗ ਵੱਧ ਤੋਂ ਵੱਧ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪ੍ਰਤੀ ਦਿਨ 3,000 ਕਾਰਾਂ ਅਤੇ 2,000 ਟਰੱਕ ਲੰਘ ਸਕਦੀ ਹੈ। ਸੁਰੰਗ 13000 ਫੁੱਟ ਦੀ ਉਚਾਈ ’ਤੇ ਹੈ। ਪ੍ਰਧਾਨ ਮੰਤਰੀ ਨੇ ਈਟਾਨਗਰ ਵਿੱਚ ਪ੍ਰੋਗਰਾਮ ਵਿੱਚ ਮਨੀਪੁਰ, ਮੇਘਾਲਿਆ, ਨਾਗਾਲੈਂਡ, ਸਿੱਕਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਫੈਲੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਸੇਲਾ ਸੁਰੰਗ, ਲਗਪਗ 825 ਕਰੋੜ ਰੁਪਏ ਨਾਲ ਬਣਾਈ ਗਈ ਹੈ। ਪ੍ਰਾਜੈਕਟ ਨੀਂਹ ਪੱਥਰ ਫਰਵਰੀ 2019 ਵਿੱਚ ਸ੍ਰੀ ਮੋਦੀ ਨੇ ਰੱਖਿਆ ਸੀ।